For the best experience, open
https://m.punjabitribuneonline.com
on your mobile browser.
Advertisement

ਪੜ੍ਹਾਈ ਦੀਆਂ ਦੁਕਾਨਾਂ

06:13 AM Jul 20, 2023 IST
ਪੜ੍ਹਾਈ ਦੀਆਂ ਦੁਕਾਨਾਂ
Advertisement

ਬਰਤਾਨੀਆ ਉਚੇਰੀ ਸਿੱਖਿਆ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅਜਿਹੇ ਵਿੱਦਿਅਕ ਅਦਾਰਿਆਂ ਖ਼ਿਲਾਫ਼ ਕਾਰਵਾਈ ਦਾ ਐਲਾਨ ਕੀਤਾ ਹੈ ਜਿਹੜੇ ਮਹਿਜ਼ ‘ਪੜ੍ਹਾਈ ਦੀਆਂ ਦੁਕਾਨਾਂ’ ਹਨ ਅਤੇ ‘ਧੋਖਾਧੜੀ’ ’ਤੇ ਆਧਾਰਿਤ ਡਿਗਰੀਆਂ ਦਿੰਦੇ ਹਨ। ਸੂਨਕ ਅਨੁਸਾਰ ਅਜਿਹੇ ਅਦਾਰਿਆਂ ਦੇ ਵਿਦਿਆਰਥੀ ਵਧੀਆ ਰੁਜ਼ਗਾਰ ਹਾਸਿਲ ਕਰਨ ਵਿਚ ਨਾਕਾਮ ਰਹਿੰਦੇ ਅਤੇ ਸਿੱਖਿਆ ਕਰਜ਼ ਦੇ ਭਾਰੀ ਬੋਝ ਹੇਠ ਦੱਬ ਜਾਂਦੇ ਹਨ। ਸੂਨਕ ਦੇ ਵਿਰੋਧੀ ਇਸ ਕਾਰਵਾਈ ਦੀ ਆਲੋਚਨਾ ਕਰ ਰਹੇ ਹਨ ਪਰ ਇਸ ਨਾਲ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ ਜਿਹੜੇ ਬਰਤਾਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ’ਚ ਵਿਸ਼ਵ ਪੱਧਰੀ ਸਿੱਖਿਆ ਹਾਸਿਲ ਕਰਨ ਅਤੇ ਆਪਣੇ ਕਰੀਅਰ ਦੀਆਂ ਸੰਭਾਵਨਾਵਾਂ ਵਿਚ ਸੁਧਾਰ ਲਿਆਉਣ ਲਈ ਉੱਥੇ ਜਾ ਰਹੇ ਹਨ। ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਆਪਣੇ ਕੋਰਸਾਂ ਦੀ ਅਸਲ ਕੀਮਤ ਸਬੰਧੀ ਸਪੱਸ਼ਟਤਾ ਹਾਸਿਲ ਹੋਵੇਗੀ। ਦੱਸਣਯੋਗ ਹੈ ਕਿ 2020-21 ਦੇ ਅੰਕੜਿਆਂ ਮੁਤਾਬਿਕ ਬਰਤਾਨੀਆ ਵਿਚ ਚੀਨ ਦੇ ਵਿਦਿਆਰਥੀਆਂ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਦਾ ਦੂਜਾ ਵੱਡਾ ਸਮੂਹ ਭਾਰਤੀ ਵਿਦਿਆਰਥੀ ਹਨ।
ਸਾਰੀਆਂ ਸਬੰਧਿਤ ਧਿਰਾਂ ਨੂੰ ਸੰਭਾਵੀ ਵਿਦਿਆਰਥੀਆਂ ਨੂੰ ਝੂਠੇ ਸੁਪਨੇ ਵੇਚੇ ਜਾਣ ਬਾਰੇ ਦਿੱਤੀਆਂ ਗਈਆਂ ਦਲੀਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਸਬੰਧੀ ਕਈ ਅੰਕੜੇ ਹੈਰਾਨੀਜਨਕ ਹਨ: ਕਰੀਬ 33 ਫ਼ੀਸਦੀ ਗਰੈਜੂਏਟ ਉੱਚ ਹੁਨਰਮੰਦੀ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ’ਚ ਅਸਫ਼ਲ ਹੁੰਦੇ ਹਨ ਜਾਂ ਉਨ੍ਹਾਂ ਨੂੰ ਗਰੈਜੂਏਟ ਹੋਣ ਤੋਂ ਬਾਅਦ 15 ਮਹੀਨੇ ਹੋਰ ਪੜ੍ਹਾਈ ਕਰਨੀ ਪੈਂਦੀ ਹੈ। ਬਰਤਾਨੀਆ ਆਪਣੇ ਕਾਲਜਾਂ ਦੀ ਦਰਜਾਬੰਦੀ ਬਹੁਤ ਚੌਕਸੀ ਨਾਲ ਕਰ ਕੇ ਬੜਾ ਬਾਰੀਕ ਛਾਨਣਾ ਲਾ ਕੇ ਮਿਆਰੀ ਤੇ ਗ਼ੈਰ-ਮਿਆਰੀ ਵਿਦਿਅਕ ਅਦਾਰਿਆਂ ਦੀ ਦਰਜਾਬੰਦੀ ਕਰਦਾ ਹੈ। ਬਰਤਾਨੀਆ ਵਿਚ ਸਿੱਖਿਆ ਹਾਸਿਲ ਕਰਨ ਅਤੇ ਉੱਥੇ ਕਰੀਅਰ ਬਣਾਉਣ ਦੇ ਚਾਹਵਾਨਾਂ ਨੂੰ ਕਾਲਜਾਂ ਦੀ ਚੋਣ ਲਈ ਇਸ ਦਰਜਾਬੰਦੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਗ਼ੈਰ-ਮਿਆਰੀ ਵਿਦਿਅਕ ਅਦਾਰਿਆਂ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ।
ਇਹ ਹਾਲਾਤ ਇਕ ਭਾਰਤੀ ਵਿਦਿਆਰਥਣ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਣ ਵਾਲੀ ਪੋਸਟ ਤੋਂ ਸਪੱਸ਼ਟ ਹੁੰਦੇ ਹਨ। ਜਿਉਂ ਹੀ ਇਸ ਵਿਦਿਆਰਥਣ ਨੇ ਪੋਸਟ ਜ਼ਰੀਏ ਗਰੈਜੂਏਸ਼ਨ ਤੋਂ ਬਾਅਦ ਢੁਕਵੀਂ ਨੌਕਰੀ ਹਾਸਿਲ ਕਰਨ ਵਿਚ ਨਾਕਾਮ ਰਹਿਣ ਉੱਤੇ ਨਿਰਾਸ਼ਾ ਜ਼ਾਹਿਰ ਕੀਤੀ ਤਾਂ ਆਲਮੀ ਪੱਧਰ ’ਤੇ ਹੋਰ ਬਹੁਤ ਸਾਰੇ ਗਰੈਜੂਏਟ ਅਤੇ ਪੋਸਟ-ਗਰੈਜੂਏਟ ਵਿਦਿਆਰਥੀਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਜਿਹੜੇ ਉਸ ਵਾਂਗ ਹੀ ਦੁਬਿਧਾ ਵਾਲੀ ਸਥਿਤੀ ਵਿਚ ਸਨ। ਉਨ੍ਹਾਂ ਵਿਚੋਂ ਕਈਆਂ ਨੇ ਬੜੇ ਦਿਲ-ਦਹਿਲਾਊ ਤਜਰਬੇ ਸਾਂਝੇ ਕੀਤੇ। ਅਜਿਹੇ ਤਜਰਬੇ ਕੌੜਾ ਸੱਚ ਹਨ। ਵਿਦੇਸ਼ਾਂ ਵਿਚ ਕਾਲਜ ਚੁਣਨ ਦਾ ਆਧਾਰ ਇਹ ਹੋਣਾ ਚਾਹੀਦਾ ਹੈ ਕਿ ਕੀ ਸਬੰਧਿਤ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਜਾਂ ਨਹੀਂ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ, ਦੋਵਾਂ ਨੂੰ ਇਸ ਸਬੰਧੀ ਚੇਤੰਨ ਹੋਣਾ ਚਾਹੀਦਾ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×