For the best experience, open
https://m.punjabitribuneonline.com
on your mobile browser.
Advertisement

ਭਾਜਪਾ ਦਾ ਵਿਰੋਧ

06:25 AM May 18, 2024 IST
ਭਾਜਪਾ ਦਾ ਵਿਰੋਧ
Advertisement

ਹਰਿਆਣੇ ਦੀ ਹੱਦ ਉੱਪਰ ਸੰਘਰਸ਼ਕਾਰੀ ਕਿਸਾਨਾਂ ਉੱਤੇ ਜ਼ੋਰ ਜਬਰ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੋਣ ਪ੍ਰਚਾਰ ਕਰਨ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ ਥਾਂ ਪਾਰਟੀ ਦੇ ਆਗੂਆਂ ਅਤੇ ਉਮੀਦਵਾਰਾਂ ਨੂੰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਹਨ ਅਤੇ ਖ਼ਾਸਕਰ ਮਾਲਵੇ ਅਤੇ ਮਾਝੇ ਦੇ ਪਿੰਡਾਂ ਵਿੱਚ ਉਨ੍ਹਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਜਥੇਬੰਦੀਆਂ ਦੇ ਕਾਰਕੁਨ ਭਾਜਪਾ ਆਗੂਆਂ ਨੂੰ ਘੇਰ ਘੇਰ ਕੇ ਪੁੱਛ ਰਹੇ ਹਨ ਕਿ ਜੇ ਉਹ ਦੇਸ਼ ਦੀ ਰਾਜਧਾਨੀ ਵਿਚ ਦਾਖ਼ਲ ਨਹੀਂ ਹੋ ਸਕਦੇ ਤਾਂ ਆਗੂ ਹੁਣ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਵੋਟਾਂ ਮੰਗਣ ਆਏ ਹਨ। ਇਸ ਮੁਹਿੰਮ ਤੋਂ ਅੱਕ ਕੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਫ਼ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਕੋਲ ਸ਼ਿਕਾਇਤ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਵਾਸਤੇ ਬਰਾਬਰ ਦਾ ਮਾਹੌਲ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਭਾਜਪਾ ਸਣੇ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਭਾਜਪਾ ਆਗੂਆਂ ਦੀ ਤਸੱਲੀ ਨਹੀਂ ਹੋਈ।
ਕਿਸਾਨ ਜਥੇਬੰਦੀਆਂ ਨੇ ਫਰਵਰੀ ਮਹੀਨੇ ‘ਦਿੱਲੀ ਚਲੋ’ ਦਾ ਪ੍ਰੋਗਰਾਮ ਉਲੀਕਿਆ ਸੀ ਤਾਂ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਅਤੇ ਕੁਝ ਹੋਰ ਮੰਗਾਂ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਇਆ ਜਾ ਸਕੇ। ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਲਾਂਘਿਆਂ ਉੱਪਰ ਸੜਕਾਂ ’ਤੇ ਕਿੱਲਾਂ ਗੱਡ ਕੇ ਅਤੇ ਵੱਡੀਆਂ ਰੋਕਾਂ ਅਤੇ ਭਾਰੀ ਪੁਲੀਸ ਬੰਦੋਬਸਤ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਕੇਂਦਰ ਦੇ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਕਾਰ ਗੱਲਬਾਤ ਦੇ ਕਈ ਗੇੜ ਵੀ ਹੋਏ ਸਨ ਪਰ ਫਿਰ ਜਦੋਂ ਕਿਸਾਨ ਅੱਗੇ ਵਧਣ ਲੱਗੇ ਤਾਂ ਪੁਲੀਸ ਦੀ ਕਾਰਵਾਈ ਵਿਚ ਕਈ ਕਿਸਾਨ ਜ਼ਖ਼ਮੀ ਹੋ ਗਏ ਅਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਭਾਜਪਾ ਨੇ ਰਾਜ ਵਿੱਚ ਆਪਣਾ ਕੰਮ ਹੋਰ ਮੁਸ਼ਕਿਲ ਕਰ ਲਿਆ ਹੈ, ਜਿੱਥੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਸਿਰੇ ਨਾ ਚੜ੍ਹਨ ਕਰ ਕੇ ਇਸ ਨੇ ਇਕੱਲਿਆਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਵਿਵਾਦਤ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਵੱਲੋਂ ਕੀਤੇ ਅੰਦੋਲਨ ਦੌਰਾਨ 2021 ਵਿਚ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਖੇਤੀ ਕਾਨੂੰਨ ਵਾਪਸ ਲੈਣਾ ਵੀ ਭਾਜਪਾ ਦੇ ਕੰਮ ਨਹੀਂ ਆ ਸਕਿਆ ਤੇ ਇਹ ਕਿਸਾਨ ਭਾਈਚਾਰੇ ਦਾ ਦਿਲ ਨਹੀਂ ਜਿੱਤ ਸਕੀ, ਜੋ ਕਿ 2022 ਵਿਚ ਉਸ ਵੇਲੇ ਸਾਫ਼ ਨਜ਼ਰ ਆਇਆ ਜਦ ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫਿਰੋਜ਼ਪੁਰ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਉਮੀਦਵਾਰਾਂ ਦੇ ਦਿਹਾਤੀ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਪਾਰਟੀ ਖੇਤਰ ਦੇ ਕਿਸਾਨਾਂ ਦੇ ਗੁੱਸੇ ਤੇ ਪੀੜ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਚੋਣ ਪ੍ਰਚਾਰ ਕਰਨ ਦੇ ਉਮੀਦਵਾਰਾਂ ਦੇ ਹੱਕ ਦੀ ਕਥਿਤ ਉਲੰਘਣਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਖਾਮੀਆਂ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×