For the best experience, open
https://m.punjabitribuneonline.com
on your mobile browser.
Advertisement

ਅਕਾਲ ਅਕੈਡਮੀ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ ’ਚ ਜੇਤੂ

10:14 AM Sep 03, 2024 IST
ਅਕਾਲ ਅਕੈਡਮੀ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ ’ਚ ਜੇਤੂ
ਸਕੂਲ ਪ੍ਰਿੰਸੀਪਲ ਗੁਰਵਿੰਦਰ ਕੌਰ ਤੇ ਕੋਚ ਪ੍ਰਦੀਪ ਸਿੰਘ ਨਾਲ ਜੇਤੂ ਖਿਡਾਰੀ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 2 ਸਤੰਬਰ
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਤਿੱਬੜ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਗਤਕਾ ਮੁਕਾਬਲਿਆਂ ਵਿੱਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਕੀਤਾ। ਅਕੈਡਮੀ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਸਿੱਖਿਆ ਵਿਭਾਗ ਵਲੋਂ ਲੜਕੇ ਅਤੇ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲੇ (ਅੰਡਰ-14, ਅੰਡਰ-17 ਤੇ ਅੰਡਰ-19) ਕ੍ਰਮਵਾਰ ਗਿਆਨ ਅੰਜਨ ਸਕੂਲ ਜਾਫਰਪੁਰ ਅਤੇ ਗਿਆਨ ਸਾਗਰ ਸਕੂਲ ਬੱਬੇਹਾਲੀ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਨੇ ਗਤਕਾ ਕੋਚ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਹੇਠ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਅੰਡਰ-17 ਫਰੀ ਸੋਟੀ ਟੀਮ ਨੇ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਗਤਕਾ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਮੁਕਾਬਲਿਆਂ ਦੌਰਾਨ ਰੈਫਰੀ ਦੀ ਭੂਮਿਕਾ ਕਮਲਜੀਤ ਸਿੰਘ ਨੇ ਨਿਭਾਈ, ਜਦਕਿ ਬਤੌਰ ਜੱਜ ਦੀ ਭੂਮਿਕਾ ਜਗਦੇਵ ਸਿੰਘ, ਰਜਿੰਦਰ ਸਿੰਘ ਲੈਕਚਰਾਰ ਕਾਲਾ ਨੰਗਲ ਸਕੂਲ ਵੱਲੋਂ ਨਿਭਾਈ। ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਅਤੇ ਸਟਾਫ ਨੇ ਸਵਾਗਤ ਕੀਤਾ।

ਗਤਕਾ ਐਸੋਸੀਏਸ਼ਨ ਨੇ ਤਗ਼ਮੇ ਜਿੱਤੇ

ਮੁਕੇਰੀਆਂ (ਪੱਤਰ ਪ੍ਰੇਰਕ): 8ਵੀਂ ਗਤਕਾ ਚੈਂਪੀਅਨਸ਼ਿਪ ’ਚੋਂ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਸੋਨ ਤੇ ਕਾਂਸੇ ਦੇ ਤਗ਼ਮੇ ਜਿੱਤੇ। ਗਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਸੰਗਰੂਰ ’ਚ 8ਵੀਂ ਕੌਮੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ ਸੀ। ਜਿਸ ਵਿੱਚੋਂ ਜਗਜੋਤ ਸਿੰਘ ਪਿੰਡ ਕੁੱਲੀਆਂ ਲੁਬਾਣਾ ਨੇ 14 ਸਾਲਾ ਵਰਗ ਦੇ ਫਰੀ ਸੋਟੀ ਮੁਕਾਬਲਿਆਂ ਵਿੱਚੋਂ ਸੋਨ ਤਗ਼ਮਾ ਜਿੱਤਿਆ। ਅੰਡਰ 11 ਸਾਲ ਵਿੱਚ ਗੁਰਜੋਤ ਸਿੰਘ ਪਿੰਡ ਖੁਣਖੁਣ ਸਰਕੀ ਨੇ ਸੋਨ ਅਤੇ ਅੰਡਰ-25 ਵਿੱਚ ਗੁਰਲੀਨ ਸਿੰਘ ਗੜ੍ਹਦੀਵਾਲਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ।

Advertisement

Advertisement
Author Image

Advertisement