For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਨੂੰ ਅਜੇ ਨਹੀਂ ਹੋਏ ਕਿਤਾਬਾਂ ਦੇ ਦਰਸ਼ਨ

11:17 AM Apr 21, 2024 IST
ਵਿਦਿਆਰਥੀਆਂ ਨੂੰ ਅਜੇ ਨਹੀਂ ਹੋਏ ਕਿਤਾਬਾਂ ਦੇ ਦਰਸ਼ਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸੰਤੋਖ ਗਿੱਲ
ਰਾਏਕੋਟ, 20 ਅਪਰੈਲ
ਸਿਹਤ ਅਤੇ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦਾ ਨਾਅਰਾ ਲਾ ਕੇ ਸੱਤਾ ’ਤੇ ਕਾਬਜ਼ ਪੰਜਾਬ ਦੀ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਦੂਜੇ ਸਾਲ ਵੀ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਜੇ ਤੱਕ ਸਿਲੇਬਸ ਦੀਆਂ ਕਿਤਾਬਾਂ ਦੇ ਦਰਸ਼ਨ ਨਹੀਂ ਹੋ ਸਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਤਾਂ ਹਾਲੇ ਕਿਸੇ ਕਿਤਾਬ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਜਦਕਿ ਪਹਿਲੀ ਜਮਾਤ ਲਈ ਅੰਗਰੇਜ਼ੀ ਅਤੇ ਪੰਜਾਬੀ, ਦੂਜੀ ਜਮਾਤ ਲਈ ਗਣਿਤ, ਤੀਜੀ ਜਮਾਤ ਲਈ ਗਣਿਤ ਅਤੇ ਵਾਤਾਵਰਨ ਜਦਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ, ਅੰਗਰੇਜ਼ੀ ਅਤੇ ਵਾਤਾਵਰਨ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਅੱਜ ਤੱਕ ਵੀ ਨਹੀਂ ਮਿਲੀਆਂ। ਪੰਜਾਬ ਦੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਬਹੁਤੀਆਂ ਕਿਤਾਬਾਂ ਨਾ ਮਿਲਣ ਕਾਰਨ ਉਨ੍ਹਾਂ ਦੀ ਪੜ੍ਹਾਈ ਪੱਛੜ ਰਹੀ ਹੈ, ਪਰ ਵਿਭਾਗ ਵੱਲੋਂ ਅਜੇ ਤੱਕ ਵੀ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਿੰਦੀ, ਸਮਾਜਿਕ ਸਿੱਖਿਆ, ਗਣਿਤ ਅਤੇ ਕੰਪਿਊਟਰ, 7ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ, ਸਮਾਜਿਕ ਸਿੱਖਿਆ, ਵਿਗਿਆਨ, ਗਣਿਤ, ਅੰਗਰੇਜ਼ੀ, ਸਰੀਰਕ ਸਿੱਖਿਆ, ਕੰਪਿਊਟਰ ਅਤੇ ਡਰਾਇੰਗ, 8ਵੀਂ ਦੇ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ, ਗਣਿਤ ਅਤੇ ਕੰਪਿਊਟਰ, 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ (ਮੁੱਖ ਕੋਰਸ), ਕੰਪਿਊਟਰ, ਸਮਾਜਿਕ ਸਿੱਖਿਆ ਭਾਗ-ਦੋ, ਹਿੰਦੀ, ਅੰਗਰੇਜ਼ੀ (ਵਿਆਕਰਨ) ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਹਿੰਦੀ (ਮੇਨ ਕੋਰਸ) ਅਤੇ ਵਿਆਕਰਨ, ਗਣਿਤ ਅਤੇ ਸਮਾਜਿਕ ਸਿੱਖਿਆ ਭਾਗ ਪਹਿਲਾ ਦੀਆਂ ਕਿਤਾਬਾਂ ਨਸੀਬ ਨਹੀਂ ਹੋਈਆਂ।

Advertisement

‘ਮਿਸ਼ਨ ਸਮਰੱਥ’ ਚੱਲ ਰਿਹੈ, ਕਿਤਾਬਾਂ ਦੀ ਲੋੜ ਨਹੀਂ: ਸਿੱਖਿਆ ਅਫ਼ਸਰ

ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਲਲਿਤਾ ਅਰੋੜਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਕੂਲਾਂ ਵਿੱਚ ਹਾਲ ਦੀ ਘੜੀ ‘ਮਿਸ਼ਨ ਸਮਰੱਥ’ ਚੱਲ ਰਿਹਾ ਹੈ ਅਤੇ ਇਸ ਦੌਰਾਨ ਕਿਤਾਬਾਂ ਦੀ ਬਹੁਤੀ ਲੋੜ ਨਹੀਂ ਪੈਂਦੀ। ਜਦ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਕਿਤਾਬਾਂ ਭੇਜੀਆਂ ਜਾਣਗੀਆਂ ਤਾਂ ਫ਼ੌਰੀ ਤੌਰ ’ਤੇ ਵਿਦਿਆਰਥੀਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਪਰ ਹਾਲੇ ਕਿਤਾਬਾਂ ਵਿਭਾਗ ਵੱਲੋਂ ਭੇਜੀਆਂ ਹੀ ਨਹੀਂ ਗਈਆਂ ਹਨ।

Advertisement
Author Image

sukhwinder singh

View all posts

Advertisement
Advertisement
×