ਵਿਦਿਆਰਥੀਆਂ ਵੱਲੋਂ ਵੀਸੀ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ
ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਸੱਤ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਵੱਲੋਂ ਕਾਂਸਟੀਚੂਐਂਟ ਕਾਲਜਾਂ ’ਚ ਪੜ੍ਹਦੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫ਼ੰਡ ਵਸੂਲਣ ਦੇ ਮਾਮਲੇ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਪਹਿਲੀ ਅਗਸਤ ਨੂੰ ਯੂਨੀਵਰਸਿਟੀ ਦੇ ਤੁਗ਼ਲਕੀ ਫੁਰਮਾਨ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਪੀਐੱਸਯੂ (ਸ਼ਹੀਦ ਰੰਧਾਵਾ) ਵੱਲੋਂ ਹੁਸ਼ਿਆਰ ਸਲੇਮਗੜ੍ਹ, ਪੀਐੱਸਯੂ (ਲਲਕਾਰ) ਵੱਲੋਂ ਹਰਪ੍ਰੀਤ, ਪੀਐੱਸਯੂ ਵੱਲੋਂ ਅਮਨ, ਪੀਆਰਐੱਸਯੂ ਵੱਲੋਂ ਰਸ਼ਪਿੰਦਰ ਜਿੰਮੀ, ਐੱਸਐੱਫਆਈ ਵੱਲੋਂ ਕਮਲਦੀਪ ਜਲੂਰ, ਪੀਐੱਸਐੱਫ ਵੱਲੋਂ ਗਗਨ ਸ਼ਾਮਲ ਸਨ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਧੱਜੀਆਂ ਉਡਾਉਂਦਿਆਂ ਕਾਂਸਟੀਚੂਐਂਟ ਕਾਲਜਾਂ ਦੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫ਼ੰਡ ਵਸੂਲਿਆ ਜਾ ਰਿਹਾ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਪੀਟੀਏ ਫ਼ੰਡ ਵਸੂਲੀ ਦਾ ਮਾਮਲਾ ਸੋਮਵਾਰ ਤੱਕ ਹੱਲ ਨਾ ਕੀਤਾ ਗਿਆ ਤਾਂ ਵਾਈਸ ਚਾਂਸਲਰ ਵਿਦਿਆਰਥੀਆਂ ਦੇ ਰੋਹ ਦਾ ਸੇਕ ਝੱਲਣ ਲਈ ਤਿਆਰ ਰਹੇ।