ਫ਼ਰਜ਼ੀ ਦਸਤਾਵੇਜ਼ਾਂ ਨਾਲ ਦਾਖ਼ਲਾ ਲੈਣ ਵਾਲਾ ਵਿਦਿਆਰਥੀ ਹੋਵੇਗਾ ਡਿਪੋਰਟ
ਨਿਊਯਾਰਕ, 4 ਅਗਸਤ
ਅਮਰੀਕਾ ਵਿੱਚ ਇੱਕ ਯੂਨੀਵਰਸਿਟੀ ’ਚ ਦਾਖ਼ਲਾ ਲੈਣ ਲਈ ਦਸਤਾਵੇਜ਼ਾਂ ’ਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਵਿਦਿਆਰਥੀ ਨੂੰ ਅਮਰੀਕੀ ਅਧਿਕਾਰੀਆਂ ਨਾਲ ਹੋਏ ਇੱਕ ਸਮਝੌਤੇ ਤਹਿਤ ਭਾਰਤ ਵਾਪਸ ਭੇਜਿਆ ਜਾਵੇਗਾ। ਆਰੀਅਨ ਆਨੰਦ (19) ਨੇ ਵਿੱਦਿਅਕ ਸਾਲ 2023-24 ’ਚ ਪੈਨਸਿਲਵੇਨੀਆ ਦੀ ਲੇਹਾਏ ਯੂਨੀਵਰਸਿਟੀ ’ਚ ਦਾਖਲਾ ਲੈਣ ਲਈ ਫ਼ਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਲੇਹਾਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪ੍ਰਕਾਸ਼ਤ ਅਖ਼ਬਾਰ ‘ਦਿ ਬ੍ਰਾਊਨ ਐਂਡ ਵ੍ਹਾਈਟ’ ਦੀ ਪਿਛਲੇ ਮਹੀਨੇ ਦੀ ਇੱਕ ਰਿਪੋਰਟ ਅਨੁਸਾਰ ਪੁਲੀਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਆਨੰਦ ਨੇ ਦਾਖ਼ਲਾ ਤੇ ਵਿੱਤੀ ਸਹਾਇਤਾ ਸਬੰਧੀ ਦਸਤਾਵੇਜ਼ਾਂ ’ਚ ਹੇਰਾਫੇਰੀ ਕੀਤੀ ਹੈ। ਰਿਪੋਰਟ ਅਨੁਸਾਰ ਉਸ ਨੇ ਦਾਖ਼ਲਾ ਤੇ ਵਜ਼ੀਫ਼ਾ ਹਾਸਲ ਕਰਨ ਲਈ ਆਪਣੇ ਪਿਤਾ ਦੀ ਮੌਤ ਦਾ ਝੂਠਾ ਦਾਅਵਾ ਵੀ ਕੀਤਾ ਸੀ। ਆਨੰਦ ’ਤੇ ਮੁਕੱਦਮਾ ਚਲਾਇਆ ਗਿਆ ਜਿਸ ਦੀ ਜ਼ਮਾਨਤ ਰਾਸ਼ੀ 25 ਹਜ਼ਾਰ ਅਮਰੀਕੀ ਡਾਲਰ ਸੀ। ਉਸ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ। ਬਚਾਅ ਪੱਖ ਦੇ ਵਕੀਲ ਦੇ ਹਵਾਲੇ ਅਨੁਸਾਰ ਪਟੀਸ਼ਨ ਸਮਝੌਤੇ ਤਹਿਤ ਨੂੰ ਭਾਰਤ ਮੁੜਨਾ ਪਵੇਗਾ। -ਪੀਟੀਆਈ