For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀ ਕਮਾਂਡਰ

06:31 AM Oct 26, 2024 IST
ਵਿਦਿਆਰਥੀ ਕਮਾਂਡਰ
Advertisement

ਜਸਪਾਲ ਸਿੰਘ ਲੋਹਾਮ

Advertisement

ਉਦੋਂ ਮੈਂ ਸਰਕਾਰੀ ਸਕੂਲ ਵਿਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਮੇਰੇ ਕੋਲ ਦਸਵੀਂ ਜਮਾਤ ਸੀ। ਛੁੱਟੀ ਲੈਣ ਦਾ ਕੋਈ ਚਾਅ ਨਹੀਂ ਸੀ ਹੁੰਦਾ ਸਗੋਂ ਵਾਧੂ ਦੀਆਂ ਡਿਊਟੀਆਂ ਤੋਂ ਦੂਰ ਰਹਿੰਦਾ ਸੀ ਪਰ ਕਈ ਵਾਰ ਮਹਿਕਮੇ ਦਾ ਜਿੰਨ ਮਗਰ ਪੈ ਜਾਂਦਾ। ਸਾਲਾਨਾ ਪ੍ਰੀਖਿਆਵਾਂ ਦੌਰਾਨ ਹੋਰ ਸਕੂਲਾਂ ਵਿਚ ਬਤੌਰ ਡਿਪਟੀ ਸੁਪਰਡੈਂਟ ਡਿਊਟੀ ਲੱਗ ਜਾਂਦੀ। ਉਂਝ, ਅਜਿਹੀ ਡਿਊਟੀ ਆ ਜਾਣ ਦੇ ਬਾਵਜੂਦ ਬੱਚਿਆਂ ਦੀ ਪੜ੍ਹਾਈ ਤੋਂ ਕਦੇ ਪਾਸੇ ਨਹੀਂ ਗਿਆ। ਇਸ ਲਈ ਕੇਂਦਰ ਸੁਪਰਡੈਂਟ ਨਾਲ ਗੱਲ ਕਰ ਕੇ ਡਿਊਟੀਆਂ ਘੱਟ ਕਰਵਾ ਲੈਂਦਾ ਸੀ। ਇਉਂ ਹੋਰ ਚਾਹਵਾਨ ਅਧਿਆਪਕਾਂ ਦੀਆਂ ਡਿਊਟੀਆਂ ਵੀ ਵਧ ਜਾਂਦੀਆਂ। ਬਸ, ਰਲ-ਮਿਲ ਕੇ ਮਸਲਾ ਹੱਲ ਕਰ ਲਈਦਾ ਸੀ। ਬੱਚਿਆਂ ਨੂੰ ਜਦੋਂ ਪਤਾ ਲੱਗਦਾ ਕਿ ਮਾਸਟਰ ਜੀ ਸਕੂਲ ਆ ਗਏ ਹਨ, ਉਹ ਮੇਰੇ ਦਿੱਤੇ ਘਰ ਦੇ ਕੰਮ ਵਾਲੇ ਪ੍ਰਸ਼ਨਾਂ ਦੇ ਉੱਤਰ ਪੱਕੀ ਕਾਪੀ ਤੋਂ ਯਾਦ ਕਰਨ ਲੱਗ ਜਾਂਦੇ। ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ।
ਉਸ ਸਾਲ ਤਹੱਈਆ ਕੀਤਾ ਹੋਇਆ ਸੀ ਕਿ ਮੈਂ ਆਪਣੀ ਜਮਾਤ ਦਾ ਨਤੀਜਾ 100 ਫ਼ੀਸਦੀ ਲਿਆਉਣ ਦੇ ਨਾਲ-ਨਾਲ ਬੱਚਿਆਂ ਦੇ ਵੱਧ ਨੰਬਰ ਲਿਆਉਣੇ ਹਨ। ਪਹਿਲਾਂ ਵਾਂਗ ਦੱਬ ਕੇ ਮਿਹਨਤ ਹੋਣ ਲੱਗੀ। ਸਿਲੇਬਸ ਸਮੇਂ ਸਿਰ ਖ਼ਤਮ ਕਰਨਾ, ਰੋਜ਼ਾਨਾ ਪ੍ਰਸ਼ਨ ਯਾਦ ਕਰਾਉਣੇ ਤੇ ਸੁਣਨੇ, ਟੈਸਟ ਲੈਣੇ, ਪ੍ਰਯੋਗ ਨਾਲ ਦੀ ਨਾਲ ਕਰਾਉਣ ਦਾ ਸਿਲਸਲਾ ਜਾਰੀ ਕਰ ਦਿੱਤਾ। ਰੋਜ਼ਾਨਾ ਹਾਜ਼ਰੀ ਦੇਖਦਾ, ਗ਼ੈਰ-ਹਾਜ਼ਰਾਂ ਨੂੰ ਹਾਜ਼ਰ ਕਰਾਉਂਦਾ, ਬੱਚਿਆਂ ਦੇ ਘਰ ਸੁਨੇਹੇ ਭੇਜਦਾ। ਫਿਰ ਤਾਂ ਮਾਪੇ ਵੀ ਆਪਣੇ ਜੁਆਕਾਂ ਨੂੰ ਛੁੱਟੀ ਦਿਵਾਉਣ ਨਹੀਂ ਸੀ ਆਉਂਦੇ; ਉਹ ਵੀ ਸੋਚਣ ਲੱਗ ਪਏ ਕਿ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਬੱਚਿਆਂ ਦੀ ਵੀ ਰੁਟੀਨ ਬਣ ਗਈ।
ਟੈਸਟ ਲੈ ਕੇ ਮੈਂ ਬੱਚਿਆਂ ਦੇ ਨੰਬਰ ਲਾਉਂਦਾ। ਕਲਾਸ ਵਿਚ ਪੰਜ ਬੱਚੇ ਬਹੁਤ ਹੁਸ਼ਿਆਰ ਸਨ। ਚੈੱਕ ਕਰ ਕੇ ਕਾਪੀਆਂ ਵੰਡਦਾ ਤਾਂ ਪੰਜਾਂ ਵਿਚੋਂ ਕਈ ਚੰਗੇ ਨੰਬਰ ਲੈ ਜਾਂਦੇ; ਇੱਕ ਦੋ ਪਛੜ ਵੀ ਜਾਂਦੇ। ਜਿਸ ਬੱਚੇ ਦੇ ਨੰਬਰ ਘਟ ਜਾਂਦੇ, ਉਹ ਕਲਾਸ ਵਿਚ ਹੀ ਅੱਖਾਂ ਭਰ ਆਉਂਦਾ ਪਰ ਅਗਲੇ ਦਿਨ ਉਹੀ ਬੱਚੇ ਅੱਗੇ ਨਿੱਕਲ ਜਾਂਦੇ।
ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਿਹਾ। ਇੱਕ ਗੱਲ ਪੱਕੀ ਸੀ ਕਿ ਟੈਸਟ ਸਮੇਂ ਪੰਜੇ ਬੱਚੇ ਕਿਸੇ ਨੂੰ ਵੀ ਨਹੀਂ ਦੱਸਦੇ ਸੀ ਤੇ ਨਾ ਕਿਸੇ ਤੋਂ ਪੁੱਛਦੇ ਸੀ, ਇਹ ਉਨ੍ਹਾਂ ਦਾ ਪੱਕਾ ਨਿਯਮ ਸੀ। ਮੇਰੀ ਕਲਾਸ ਵਿਚ ਕੁਝ ਬੱਚੇ ਹੀ ਢਿੱਲੇ ਸਨ ਪਰ ਉਨ੍ਹਾਂ ਦੀ ਪੜ੍ਹਾਈ ਦੀ ਰਫ਼ਤਾਰ ਵੀ ਬਣਾ ਦਿੱਤੀ। ਕੁਝ ਬੱਚਿਆਂ ਦੇ ਗਰੁੱਪ ਬਣਾ ਦਿੱਤੇ। ਇੱਕ ਹੁਸ਼ਿਆਰ ਬੱਚੇ ਨਾਲ ਦੂਜੇ ਪੰਜ ਬੱਚੇ ਲਾ ਦਿੱਤੇ। ਇਨ੍ਹਾਂ ਨੂੰ ਗਰੁੱਪ ਦੇ ਕਮਾਂਡਰ ਬਣਾ ਦਿੱਤਾ। ਗਰੁੱਪ ਦੇ ਬੱਚੇ ਵੀ ਰਲ-ਮਿਲ ਕੇ ਪੜ੍ਹਨ ਲੱਗ ਪਏ। ਇੱਕ ਦੂਸਰੇ ਤੋਂ ਪੁੱਛਣ ਦੱਸਣ ਲੱਗ ਪਏ। ਕਮਾਂਡਰ ਖੁਦ ਦੱਬ ਕੇ ਪੜ੍ਹਦੇ ਤੇ ਦੂਜੇ ਗਰੁੱਪ ਦੇ ਬੱਚਿਆਂ ਨੂੰ ਵੀ ਯਾਦ ਕਰਾਉਂਦੇ ਅਤੇ ਧਿਆਨ ਰੱਖਦੇ। ਜਦੋਂ ਵੀ ਕਲਾਸ ਵੱਲ ਧਿਆਨ ਜਾਂਦਾ ਤਾਂ ਦੇਖਦਾ ਕਿ ਸਾਰੇ ਬੱਚੇ ਪੜ੍ਹਾਈ ਵਿਚ ਮਗਨ ਹੁੰਦੇ। ਇਉਂ ਕਮਾਂਡਰ ਬੱਚੇ ਕਦੇ ਕੋਈ ਅੱਗੇ ਤੇ ਕਦੇ ਕੋਈ।
ਸਾਰਾ ਸਾਲ ਬੱਚਿਆਂ ਨੇ ਸਖ਼ਤ ਮਿਹਨਤ ਕੀਤੀ। ਹੁਣ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਦੀਆਂ ਉਂਗਲਾਂ ’ਤੇ ਸਨ। ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਆ ਗਈਆਂ। ਬੱਚਿਆਂ ਨੂੰ ਫਿਰ ਸਮਝਾ ਦਿੱਤਾ ਕਿ ਪ੍ਰੀਖਿਆਵਾਂ ਅਸੀਂ ਨਹੀਂ ਲੈਣੀਆਂ, ਬਾਹਰਲੇ ਸਕੂਲਾਂ ਦੇ ਅਧਿਆਪਕ ਆ ਕੇ ਪੇਪਰ ਲੈਣਗੇ; ਉਹ ਵੀ ਸਾਡੇ ਵਰਗੇ ਹੀ ਹਨ; ਤੁਸੀਂ ਘਬਰਾਉਣਾ ਨਹੀਂ, ਡਰਨਾ ਨਹੀਂ, ਝਿਜਕਣਾ ਨਹੀਂ, ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ। ਤੁਸੀਂ ਸਾਰਾ ਸਾਲ ਤਿਆਰੀ ਕੀਤੀ ਹੈ, ਸਾਰੇ ਪ੍ਰਸ਼ਨ ਤੁਹਾਨੂੰ ਆਉਂਦੇ ਹਨ, ਯਾਦ ਹਨ। ਪੇਪਰ ਵਿਚ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਡੇ ਯਾਦਾਂ ਦੇ ਸ੍ਰੋਤ ਵਿਚੋਂ ਪ੍ਰਸ਼ਨਾਂ ਦੇ ਉੱਤਰ ਭੱਜੇ ਆਉਣਗੇ ਤੇ ਤੁਸੀਂ ਵਧੀਆ ਪੇਪਰ ਕਰ ਕੇ ਆਉਗੇ।
ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿਚ ਰੁੱਝ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ, ਬੱਚੇ ਪੇਪਰ ਤੋਂ ਬਾਅਦ ਮੇਰੇ ਕੋਲ ਆਏ ਅਤੇ ਪ੍ਰਸ਼ਨ ਪੱਤਰ ਦਿਖਾ ਕੇ ਆਪੋ-ਆਪਣੇ ਹੱਲ ਕੀਤੇ ਪੇਪਰਾਂ ਬਾਰੇ ਜਿ਼ਕਰ ਕਰਨ ਲੱਗੇ। ਮੈਂ ਇੱਕ-ਇੱਕ ਬੱਚੇ ਨਾਲ ਗੱਲਬਾਤ ਕੀਤੀ। ਸਾਰੇ ਖੁਸ਼ ਸਨ। ਬਾਗ਼ੋਬਾਗ਼।... ਸਰ! ਆਹ ਵੀ ਕੀਤਾ, ਸਰ ਆਹ ਵੀ ਕੀਤਾ... ਸਾਰੇ ਚੱਕ’ਤੇ, ਸਾਰੇ ਕਰ’ਤੇ।... ਕਈ ਬੱਚਿਆਂ ਨੇ ਤਾਂ ਪੇਪਰ ਦੇ ਅੰਦਾਜ਼ਨ ਨੰਬਰ ਵੀ ਲਗਾ ਲਏ। ਉਨ੍ਹਾਂ ਦੇ ਹਾਵ-ਭਾਵ ਦੇਖ ਕੇ ਬਹੁਤ ਖੁਸ਼ ਹੋਇਆ। ਅੰਤ ਮੈਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਜਿ਼ੰਦਗੀ ਵਿਚ ਕਦੇ ਰੁਕਣਾ ਨਹੀਂ, ਸਦਾ ਚੱਲਦੇ ਜਾਣਾ ਹੈ; ਲਹਿਰਾਂ ਵਾਂਗ ਸਦਾ ਅੱਗੇ ਵਧਦੇ ਜਾਣਾ ਹੈ ਤੇ ਇੱਕ ਦਿਨ ਤੁਸੀਂ ਨਿਸ਼ਾਨੇ ’ਤੇ ਪਹੁੰਚਣਾ ਹੈ। ਆਪਣੀ ਇਹ ਹਿੰਮਤ ਬਣਾਈ ਰੱਖਣੀ ਹੈ।
ਬੱਚਿਆਂ ਦੇ ਲਿਖਤੀ ਪ੍ਰਯੋਗੀ ਪੇਪਰ ਹੋ ਗਏ। ਆਖਿ਼ਰ ਦਸਵੀਂ ਦਾ ਨਤੀਜਾ ਆਇਆ। ਸਾਰੇ ਬੱਚੇ ਪਾਸ ਹੋ ਗਏ। ਪੰਜ ਬੱਚਿਆਂ ਨੇ ਸ਼ਾਨਦਾਰ ਨੰਬਰ ਹਾਸਿਲ ਕੀਤੇ। ਨਤੀਜੇ ਵਾਲੇ ਦਿਨ ਸਾਰੇ ਮਿਲ ਕੇ ਗਏ। ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ। ਪੰਜ ਟੌਪਰ ਵਿਦਿਆਰਥੀਆਂ ਵਿਚੋਂ ਚਾਰ ਕੁੜੀਆਂ ਅਤੇ ਇੱਕ ਮੁੰਡਾ ਸੀ। ਇਹ ਮੁੰਡਾ ਹੁਣ ਲੇਖਕ ਵੀ ਹੈ ਅਤੇ ਅਖ਼ਬਾਰਾਂ ਵਿਚ ਲੇਖ ਵੀ ਲਿਖਦਾ ਹੈ।
ਸੰਪਰਕ: 97810-40140

Advertisement

Advertisement
Author Image

joginder kumar

View all posts

Advertisement