ਵ੍ਹੱਟਸਐਪ ’ਤੇ 30 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਵਿਦਿਆਰਥੀ ਗ੍ਰਿਫ਼ਤਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਸਤੰਬਰ
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਫੇਸਬੁੱਕ ’ਤੇ ਗੈਂਗਸਟਰਾਂ ਨੂੰ ਫਾਲੋ ਕਰਨ ਅਤੇ ਰਾਤੋ-ਰਾਤ ਅਮੀਰ ਬਣਨ ਖਾਤਰ ਵ੍ਹੱਟਸਐਪ ਰਾਹੀਂ ਧਮਕੀ ਦੇ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਬੀਏ ਦੇ ਵਿਦਿਆਰਥੀ ਨੂੰ ਮਾਨਸਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵ੍ਹੱਟਸਐਪ ਜ਼ਰੀਏ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਤੋਂ ਬਠਿੰਡਾ ਜ਼ਿਲ੍ਹੇ ਦੇ ਇੱਕ ਵਿਅਕਤੀ ਵੱਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਮੁਦੱਈ ਮਨਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਖਾ (ਮਾਨਸਾ) ਨੂੰ ਉਸ ਦੇ ਫੋਨ ’ਤੇ ਵ੍ਹੱਟਸਐਪ ਰਾਹੀ ਧਮਕੀਆਂ ਦੇ ਕੇ 30 ਲੱਖ ਦੀ ਫਿਰੌਤੀ ਮੰਗੀ ਗਈ ਸੀ, ਜਿਸ ਸਬੰਧੀ ਥਾਣਾ ਸਦਰ ਮਾਨਸਾ ਵਿੱਚ ਅਣਪਛਾਤੇ ਵਿਅਕਤੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐੱਸਪੀ ਮਨਮੋਹਨ ਸਿੰਘ ਔਲਖ ਦੀ ਨਿਗਰਾਨੀ ਹੇਠ ਅਤੇ ਸੀਆਈਏ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ ਤੇ ਥਾਣਾ ਸਦਰ ਮਾਨਸਾ ਦੀ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਸੀ।
ਇਸ ਟੀਮ ਨੇ ਕਾਰਵਾਈ ਕਰਦਿਆਂ ਵਿਗਿਆਨਿਕ ਢੰਗ ਨਾਲ ਪੜਤਾਲ ਕਰਕੇ ਮਨਜਿੰਦਰ ਸਿੰਘ ਵਾਸੀ ਮਾਖਾ ਨੂੰ ਧਮਕੀ ਦੇਣ ਵਾਲੇ ਹਰਜਿੰਦਰ ਸਿੰਘ ਵਾਸੀ ਕੋਟਫੱਤਾ (ਬਠਿੰਡਾ) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਉਮਰ ਕਰੀਬ 21 ਸਾਲ ਹੈ। ਉਨ੍ਹਾਂ ਦੱਸਿਆ ਕਿ ਉਸ ਪਾਸੋਂ ਧਮਕੀ ਦੇਣ ਲਈ ਵਰਤਿਆ ਗਿਆ ਫੋਨ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਅਜਿਹੀਆਂ ਹੋਰ ਵਾਰਦਾਤਾਂ ਕਰਨ ਸਬੰਧੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ।
ਹਰਜਿੰਦਰ ਸਿੰਘ ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਦਾ ਹੈੈ। ਕਸੂਰਵਾਰ ਹਰਜਿੰਦਰ ਸਿੰਘ ਅਤੇ ਮੁੱਦਈ ਮਨਜਿੰਦਰ ਸਿੰਘ ਦੀ ਆਪਸ ਵਿੱਚ ਰਿਸ਼ਤੇਦਾਰੀ ਹੈ।
ਚੋਰ ਗਰੋਹ ਦੇ ਸੱਤ ਮੈਂਬਰ ਚੋਰੀ ਦੇ ਸਾਮਾਨ ਸਣੇ ਗ੍ਰਿਫ਼ਤਾਰ
ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ-ਵੱਖ ਚੋਰੀ ਕਰਨ ਵਾਲੇ ਗਰੋਹਾਂ ਦੇ ਸੱਤ ਮੈਂਬਰਾਂ ਨੂੰ ਕਾਬੂ ਕਰਕੇ, ਉਨ੍ਹਾਂ ਕੋਲੋਂ ਚੋਰੀ ਕੀਤਾ ਸੋਨਾ/ਕੱਪੜਾ, ਲੈਪਟਾਪ ਅਤੇ ਨਕਦੀ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਰਾਮਾਂ ਮੰਡੀ, ਗੁਰਤੇਜ ਸਿੰਘ ਵਾਸੀ ਕੋਟੜਾ ਕਲਾਂ ਹਾਲ ਡੇਰਾ ਰਤਨ ਆਸ਼ਰਮ ਰਾਮਾਂ ਮੰਡੀ, ਕਾਕੀ ਕੌਰ ਵਾਸੀ ਵਾਰਡ ਨੰ-5 ਭੀਖੀ, ਕਿਰਨਾ ਕੌਰ ਵਾਸੀ ਵਾਰਡ ਨੰ-2 ਭੀਖੀ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਸੋਨਾ (3 ਚੂੜੀਆ ਸੋਨਾ, 2 ਚੈਨੀਆਂ ਸਮੇਤ ਲੌਕੇਟ ਸੋਨਾ, ਇੱਕ ਚੈਨੀ ਸੋਨਾ, 1 ਜੋੜੀ ਕਾਂਟੇ ਸੋਨਾ, ਇੱਕ ਛਾਂਪ ਸੋਨਾ, 70,000/- ਰੁਪਏ ਨਗਦੀ, ਪਲਸਰ ਮੋਟਰਸਾਈਕਲ) ਕੁੱਲ 13 ਤੋਲਾ ਸੋਨਾ ਕੁੱਲ ਮਲੀਤੀ 10,40,000 ਰੁਪਏ ਬਰਾਮਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੱਗਾ ਸੈਸੀ ਵਾਸੀ ਵਾਰਡ ਨੰ-2 ਭੀਖੀ, ਸਤਿਗੁਰ ਸਿੰਘ ਵਾਸੀ ਧਲੇਵਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇੱਕ ਹੋਰ ਮਾਮਲੇ ਵਿੱਚ ਗੁਰਵਿੰਦਰ ਸਿੰਘ, ਰਾਧੇ ਸ਼ਾਮ ਉਰਫ ਕਾਕੂ, ਗਨੇਸ਼ ਵਾਸੀ ਮਾਨਸਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ (ਕੁੱਲ 57 ਸੂਟ ਲੇਡੀਜ਼ ਅਤੇ ਜੇਂਟਸ, ਇੱਕ ਲੈਪਟਾਪ ਸਮੇਤ ਚਾਰਜ) ਜਿਨ੍ਹਾਂ ਦੀ ਕੁੱਲ ਕੀਮਤ 1,20,000/-ਰੁਪਏ ਬਰਾਮਦ ਕਰਵਾਇਆ ਗਿਆ ਹੈ।