ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ
ਪੱਤਰ ਪ੍ਰੇਰਕ
ਮਾਨਸਾ, 2 ਸਤੰਬਰ
ਮਾਨਸਾ ਦੇ ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਦੇ ਆਦੇਸ਼ਾਂ ’ਤੇ ਭੀਖੀ ਦੀ ਇਕ ਮਹਿਲਾ ਤਸਕਰ ਖ਼ਿਲਾਫ਼ ਕਾਰਵਾਈ ਕਰਨ ਉਪਰੰਤ ਥਾਣਾ ਸਿਟੀ-1 ਮਾਨਸਾ ਪੁਲੀਸ ਨੇ ਇਕ ਹੋਰ ਨਸ਼ਾ ਤਸ਼ਕਰ ਦੀ ਜਾਇਦਾਦ ਜ਼ਬਤ ਕੀਤੀ ਹੈ। ਨੈਸ਼ਨਲ ਅਥਾਰਟੀ ਦੇ ਆਦੇਸ਼ਾਂ ਤੋਂ ਬਾਅਦ ਮਾਨਸਾ ਪੁਲੀਸ ਨੇ ਨਸ਼ਾ ਤਸਕਰ ਦੇ ਘਰ ਅੱਗੇ ਨੋਟਿਸ ਚਿਪਕਾਇਆ ਹੈ।
ਮਾਨਸਾ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਬੈਂਸ ਅਤੇ ਥਾਣਾ ਸਿਟੀ-1 ਦੇ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਵਾਰਡ ਨੰ-14 ਵਾਸੀ ਅਲਿਸ਼ ਖਾਨ ਖਿਲਾਫ਼ 6 ਅਕਤੂਬਰ, 2023 ਨੂੰ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ 14 ਨਸ਼ੀਲੀਆਂ ਸ਼ੀਸ਼ੀਆਂ, 280 ਗੋਲੀਆਂ ਕੈਰੀਸੋਮਾ ਬਰਾਮਦ ਕੀਤੀਆਂ ਸਨ ਅਤੇ ਜਿਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਕਰਕੇ ਇਸ ਤੋਂ ਜਾਇਦਾਦ ਬਣਾਉਣ ਵਾਲਿਆਂ ਦੀ ਰਿਪੋਰਟ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਨੈਸ਼ਨਲ ਅਥਾਰਟੀ ਦਿੱਲੀ ਨੂੰ ਭੇਜੀ ਗਈ, ਜਿਸ ਦੇ ਹੁਕਮ ਉਪਰੰਤ ਇਹ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੋਟੀ ਕੌਰ ਭੀਖੀ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਕਰਕੇ ਜਿਸ ਕਿਸੇ ਵਿਅਕਤੀ ਇਸ ਤੋਂ ਜਾਇਦਾਦ ਬਣਾਈ ਹੈ, ਉਹ ਕਿਸੇ ਵੀ ਤਰ੍ਹਾਂ ਇਹ ਜਾਇਦਾਦ ਰੱਖਣ ਦਾ ਹੱਕਦਾਰ ਨਹੀਂ ਹੈ ਅਤੇ ਇਸ ਜਾਇਦਾਦ ਨੂੰ ਸਰਕਾਰ ਜ਼ਬਤ ਕਰ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਨਸ਼ਾ ਤਸਕਰ ਸਬੰਧੀ ਕੋਈ ਸੂਚਨਾ ਜਾਂ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲੀਸ ਨਾਲ ਸਾਂਝੀ ਕਰੇ ਅਤੇ ਜਿਸ ਦਾ ਨਾਂ ਪੂਰਨ ਤੌਰ ’ਤੇ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਕਿਸੇ ਕਾਰਨ ਨਸ਼ੇ ਦਾ ਸ਼ਿਕਾਰ ਹੋਕੇ ਉਸਦਾ ਆਦੀ ਹੋ ਗਿਆ ਤਾਂ ਉਸ ਸਬੰਧੀ ਵੀ ਪੁਲੀਸ ਨੂੰ ਦੱਸਿਆ ਜਾਵੇ। ਪੁਲੀਸ ਵਲੋਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਜਾਂ ਹਸਪਤਾਲ ਵਿਚ ਦਾਖਲ ਕਰਵਾ ਕੇ ਤੰਦਰੁਸਤ ਜਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।