For the best experience, open
https://m.punjabitribuneonline.com
on your mobile browser.
Advertisement

ਠੂਣ੍ਹਿਆਂ ਵਾਲੇ ਦਨਿ

07:47 AM Jul 29, 2020 IST
ਠੂਣ੍ਹਿਆਂ ਵਾਲੇ ਦਨਿ
Advertisement

ਦੋਂ ਅਜੇ ਉੱਕੇ-ਪੁੱਕੇ ਠੇਕੇ ਉੱਤੇ ਨੌਕਰ ਰੱਖਣ ਦੀ ਪਿਰਤ ਨਹੀਂ ਚੱਲੀ ਸੀ। ਕਾਮੇ ਨੂੰ ਸੀਰ ਤੇ ਰੱਖਿਆ ਜਾਂਦਾ ਸੀ, ਤੇ ਉਸ ਨੂੰ ਸੀਰੀ ਕਹਿੰਦੇ ਸੀ। ਕਿਸਾਨ ਪਰਿਵਾਰ ਦੇ ਮਰਦ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਹਿੱਸੇ ਬਣਾਏ ਜਾਂਦੇ। ਮਰਦ ਮੈਂਬਰ ਚਾਹੇ ਕੱਲ੍ਹ ਦਾ ਜੰਮਿਆ ਨਿਆਣਾ ਹੀ ਕਿਉਂ ਨਾ ਹੋਵੇ, ਤੇ ਭਾਵੇਂ ਮੰਜੇ ਉੱਤੇ ਬਿਮਾਰ ਪਿਆ ਬਜ਼ੁਰਗ! ਅਗਲਾ ਹਿੱਸਾ ਹਾਲ਼ੀ ਪਸ਼ੂਆਂ ਦਾ ਹੁੰਦਾ। ਬਲਦਾਂ ਦੀ ਜੋੜੀ ਜਾਂ ਬੋਤੇ ਦੇ ਦੋ ਹਿੱਸੇ; ਜੇ ਕਿਸੇ ਵਿਰਲੇ ਘਰ ਕੋਲ ਟਰੈਕਟਰ ਹੁੰਦਾ, ਉਸ ਦੇ ਚਾਰ ਹਿੱਸੇ।

Advertisement

ਉਦੋਂ ਦਰਸ਼ਨ ਸਾਡੇ ਨਾਲ ਅੱਠਵੇਂ ਹਿੱਸੇ ਦਾ ਸੀਰੀ ਹੁੰਦਾ ਸੀ।

ਲਸਣ, ਗੰਢੇ, ਸਬਜ਼ੀ, ਹਰਾ ਚਾਰਾ ਆਦਿ ਸਮੇਤ ਕਣਕ, ਨਰਮਾ, ਬਾਜਰਾ, ਸਰੋਂ, ਗੁਆਰਾ; ਮਤਲਬ ਖੇਤ ਪੈਦਾ ਹੁੰਦੀ ਹਰ ਜਿਣਸ ਦੇ ਸੱਤ ਹਿੱਸੇ ਸਾਡੇ ਹੁੰਦੇ, ਤੇ ਅੱਠਵਾਂ ਹਿੱਸਾ ਸੀਰੀ ਦਾ ਹੁੰਦਾ।

ਖੇਤ ਕੰਮ ਕੋਈ ਵੀ ਹੁੰਦਾ, ਰੋਟੀ ਕਿਸਾਨ ਅਤੇ ਸੀਰੀ ਦੀ ਆਪੋ-ਆਪਣੀ ਹੁੰਦੀ। ਸੀਰੀ ਦੀ ਰੋਟੀ ਉਸ ਦੇ ਆਪਣੇ ਘਰੋਂ ਜਾਂਦੀ ਸੀ ਅਤੇ ਹੋਰ ਕਾਮਿਆਂ ਦੀ ਰੋਟੀ ਕਿਸਾਨ ਦੇ ਘਰੋਂ ਜਾਂਦੀ; ਖੇਤ ਗਈ ਰੋਟੀ ਖਾ ਭਾਵੇਂ ਵੰਡ ਕੇ ਹੀ ਲੈਂਦੇ।… ਇੱਕ ਦਨਿ ਦਰਸ਼ਨ ਨੇ ਹਲ਼ ਜੋੜਿਆ ਹੋਇਆ ਸੀ। ਨਰਮਾ ਬੀਜਣ ਦੀ ਤਿਆਰੀ ਚਲ ਰਹੀ ਸੀ। ਬਾਪੂ ਅਤੇ ਇੱਕ ਹੋਰ ਕਾਮਾ ਉੱਤਲੇ ਕੰਮ-ਕਾਰ ਕਰਦੇ ਸੀ। ਸਵੇਰੇ ਰੋਟੀ ਲੈ ਜਾਣ ਸਮੇਂ ਮਾਂ ਨੂੰ ਕੋਈ ਹੋਰ ਕੰਮ ਹੋ ਗਿਆ। ਉਸ ਨੇ ਰੋਟੀ, ਚਟਣੀ, ਰਾਇਤੇ ਵਾਲਾ ਡੱਬਾ ਅਤੇ ਲੱਸੀ ਵਾਲਾ ਡੋਲੂ ਮੈਨੂੰ ਫੜਾ ਕੇ ਸੀਤੋ ਚਾਚੀ (ਸੀਰਨ) ਨਾਲ ਤੋਰ ਦਿੱਤਾ। ਉਦੋਂ ਮੈਂ ਅਜੇ ਕਾਫੀ ਨਿਆਣਾ ਜੋ ਸੀ!

“ਆ ਜਾ … ਆ ਜਾ।” ਵਾਹੇ ਹੋਏ ਖੇਤ ਤੇ ਸੁਹਾਗੀ ਮਾਰਦੇ ਦਰਸ਼ਨ ਚਾਚੇ ਨੇ ਮੇਰਾ ਦੂਰ ਤੋਂ ਹੀ ਸਵਾਗਤ ਕੀਤਾ।

“ਆਏਂ ਕਰ, ਸਾਮਾਨ ਕਿੱਕਰ ਦੀ ਛਾਮੇਂ ਰੱਖ ਕੇ ਮੇਰੇ ਕੋਲ ਆਈਂ।” ਪਹੀ ਉੱਤੋਂ ਦੀ ਕੋਲ ਦੀ ਲੰਘਦੇ ਨੂੰ ਉਹਨੇ ਮੈਨੂੰ ਉਚੇਚਾ ਕਿਹਾ।

“ਠੂਣ੍ਹੇ ਲੈਣੇ ਐ?” ਮੁੜ ਕੇ ਕੋਲ ਗਏ ਨੂੰ ਉਹਨੇ ਮੈਨੂੰ ਪੁੱਛਿਆ ਸੀ।

ਬਲਦਾਂ ਗਲ ਪਾਈ ਪੰਜਾਲੀ ਤੋਂ ਇੱਕ ਤਕੜਾ ਰੱਸਾ (ਸਣ ਦਾ ਆਪਣੇ ਹੱਥੀਂ ਵਟਿਆ ਹੋਇਆ) ਸੁਹਾਗੀ ਨੂੰ ਲੱਗੇ ਕੁੰਡਿਆਂ ਨਾਲ ਦੋਵੇਂ ਪਾਸੀਂ ਨਾਗਵਲ ਪਾ ਕੇ ਬੰਨ੍ਹਿਆ ਹੋਇਆ ਸੀ। ਬਲਦ ਤੁਰਦੇ, ਪਿੱਛੇ ਪਿੱਛੇ ਸੁਹਾਗੀ। ਸੁਹਾਗੀ ਉੱਤੇ ਹੱਥ ਵਿਚ ਪਰੈਣੀ ਅਤੇ ਬਲਦਾਂ ਦੀਆਂ ਮੁਹਾਰਾਂ ਫੜੀ ਆਪਣਾ ਸੰਤੁਲਨ ਬਣਾਈ ਖੜ੍ਹਾ ਚਾਚਾ ਦਰਸ਼ਨ। ਸੁਹਾਗੀ ਦੇ ਮੂਹਰੇ ਮੂਹਰੇ ਡੂੰਘੇ ਵਾਹੇ ਖੇਤ ਵਿਚ ਹਲ਼ਾਂ ਦੀਆਂ ਬਣਾਈਆਂ ਖਾਲੀਆਂ ਤੇ ਸੁਹਾਗੀ ਲੰਘਣ ਮਗਰੋਂ ਪੱਧਰਾ ਹੁੰਦਾ ਖੇਤ। ਸਭ ਕੁਝ ਦੇਖਦਾ ਮੈਂ ਅਚੰਭਿਤ ਹੋਇਆ ਖੜ੍ਹ ਗਿਆ।

“ਲੈਣੇ ਆ?” ਉਸ ਨੇ ਮੈਨੂੰ ਦੁਬਾਰਾ ਪੁੱਛਿਆ।

ਬੋਲ ਕੇ ‘ਹਾਂ’ ਕਹਿਣ ਦੀ ਬਜਾਏ ਮੈਂ ਧੌਣ ਥੱਲੇ ਉੱਤੇ ਨੂੰ ਕਰ ਦਿਤੀ ਸੀ ਤੇ ਮੇਰੀ ਝੂੁਟੇ ਲੈਣ ਦੀ ਵਾਰੀ ਲੱਗ ਗਈ ਸੀ।

“… ਤੇ ਆ ਜਾ ਫਿਰ।” ਇਸ ਦੇ ਨਾਲ ਹੀ ਉਸ ਨੇ ਬੁਚਕਰ ਮਾਰੀ। ਆਗਿਆਕਾਰੀ ਬਲਦ ਥਾਈਂ ਪੈਰ ਗੱਡ ਗਏ। ਉਹਨੇ ਸੁਹਾਗੀ ਉੱਤੇ ਖੜ੍ਹੇ ਖੜ੍ਹੇ ਹੀ ਆਪਣੀਆਂ ਲੱਤਾਂ ਕੁਝ ਹੋਰ ਚੌੜੀਆਂ ਕਰ ਲਈਆਂ। ਮੈਂ ਦੋਵੇਂ ਗੋਡਿਆਂ ਦੇ ਵਿਚਕਾਰ ਦੀ ਸਿਰ ਕੱਢ ਕੇ ਚਾਚੇ ਦੀਆਂ ਖੁੱਚਾਂ ਨੂੰ ਬਾਹਵਾਂ ਨਾਲ ਵਲ ਲਿਆ।

“ਕਿਉਂ…? ਆਉਂਦਾ ਨਜ਼ਾਰਾ? ਡਰਦਾ ਤਾਂ ਨ੍ਹੀਂ?” ਉਸ ਨੇ ਲੱਤਾਂ ਥੋੜ੍ਹੀਆਂ ਜਿਹੀਆਂ ਘੁੱਟ ਕੇ ਮੈਨੂੰ ਲਾਡ ਨਾਲ ਛੇੜਿਆ। ਮੈਂ ਘੁੱਟਿਆ ਹੋਇਆ ਸਿਰ ‘ਹਾਂ’ ਵਿਚ ਹਿਲਾਉਣ ਦੀ ਅਸਫਲ ਕੋਸ਼ਿਸ਼ ਕੀਤੀ।

“ਗੱਲ ਐਂ ਆ … ਡੂੰਘਾ ਹਲ਼ ਵਾਹ ਕੇ ਜਿੰਨੀ ਟਿਕਾਈ ਨਾਲ ਸੁਹਾਗੀ ਮਾਰਾਂਗੇ, ਬੀਜਣ ਵੇਲੇ ਓਰਾ ਓਨਾ ਈ ਚੰਗਾ ਖੜ੍ਹਦਾ। ਡਿੱਗੇ ਬੀਅ ਤੇ ਮਿਟੀ ਪੂਰੀ-ਸੂਰੀ ਪੈਂਦੀ ਆ ਤੇ ਬੀਅ ਭਾਅ ਨ੍ਹੀਂ ਰੱਖਦਾ … ਸਾਰਾ ਹਰਾ ਹੁੰਦਾ।” ਮੈਂ ਭਾਵੇਂ ਨਿਆਣਾ ਹੀ ਸੀ, ਫਿਰ ਵੀ ਉਸ ਨੇ ਆਪਣਾ ਤਜਰਬਾ ਮੇਰੇ ਨਾਲ ਸਾਂਝਾ ਕਰ ਲਿਆ।

ਦਰਸ਼ਨ ਦੀ ਉਸ ਵੇਲੇ ਦੀ ਕਹੀ ਗੱਲ ਮੇਰੇ ਬਾਲਮਨ ਉੱਤੇ ਕਿਤੇ ਡੂੰਘੀ ਉੱਕਰੀ ਗਈ ਸੀ। ਹੁਣ ਜਦੋਂ ਵੀ ਮੈਂ ਟਰੈਕਟਰ ਨਾਲ ਖੇਤ ਤਿਆਰ ਕਰਦਾ ਹਾਂ ਤਾਂ ਇਹ ਗੱਲ ਮੇਰੇ ਬੜਾ ਕੰਮ ਆਉਂਦੀ ਹੈ।

ਜਦੋਂ ਸੁਹਾਗੀ ਚਲਦੀ ਸੀ, ਬਲਦਾਂ ਦੇ ਖ਼ੁਰਾਂ ਨਾਲ ਉੱਡੀ ਧੂੜ, ਚਾਚੇ ਦੀਆਂ ਮੁੜ੍ਹਕੇ ਨਾਲ ਭਿੱਜੀਆਂ ਲੱਤਾਂ ਅਤੇ ਬਲਦਾਂ ਦੀ ਰਲ਼ੀ ਮਿਲੀ ਜੋ ਗੰਧ ਆਈ ਸੀ, ਇਹ ਸਤਰਾਂ ਲਿਖਦਿਆਂ ਉਹੀ ਗੰਧ ਹੁਣ ਵੀ ਮਹਿਸੂਸ ਹੋ ਰਹੀ ਸੀ। ਫਿਰ ਜਦੋਂ ਮੂੰਹ-ਸਿਰ ਗਰਦ ਨਾਲ ਭਰਿਆ ਲੈ ਕੇ ਮੈਂ ਘਰ ਪਹੁੰਚਿਆ ਸੀ ਤਾਂ ਮਾਂ ਕਲਪੀ ਸੀ, “ਦੇਖਾਂਹ … ਕੀ ਹਾਲ ਬਣਾਈ ਫਿਰਦਾ!”

ਮੈਨੂੰ ਜਿਵੇਂ ਉਸ ਦੀ ਫਿਕਰ ਭਰੀ ਘੂਰੀ ਸੁਣੀ ਹੀ ਨਹੀਂ ਸੀ।

“ਮੈਂ ਝੂਟੇ ਲਏ ਸੀ।” ਮੈਂ ਮਸਤੀ ਵਿਚ ਬੋਲਿਆ ਸੀ।

ਮਾਂ ਸਮਝ ਗਈ ਸੀ। ਉਹ ਬੋਲੀ, “ਆਹੋ ਲਏ ਸੀ ਇਹਨੇ ਝੂਟੇ, ਵੱਡੇ ਪਟਵਾਰੀ ਨੇ … ਸੁਹਾਗੀ ਗਾਹਾਂ ਪ੍ਰਧਾਨਾਂ ਆਲੀ ਕਾਰ ਸੀ ਨਾ!” ਪਰ ਜਿਸ ਨੇ ਸੁਹਾਗੀ ਉੱਤੇ ਝੂਟਾ ਲਿਆ ਹੋਵੇ, ਉਸ ਨੂੰ ਕਾਰਾਂ ਦੇ ਝੂਟੇ ਕਿਥੇ ਯਾਦ! ਉਸ ਉਮਰ ਵਿਚ ਸੁਹਾਗੀ ਦੇ ਝੂਟਿਆਂ ਮੂਹਰੇ ਕਾਰਾਂ ਦੀ ਭਲਾ ਕੀ ਔਕਾਤ ਸੀ!

ਹੁਣ ਉਹੋ ਜਿਹਾ ਬਚਪਨ ਕਿੱਥੇ ਲੱਭੇ!
ਸੰਪਰਕ: 94634-45092

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×