For the best experience, open
https://m.punjabitribuneonline.com
on your mobile browser.
Advertisement

ਚੇਤਿਆਂ ’ਚ ਵਸਿਆ ਪੁਰਾਣਾ ਘਰ

06:17 AM May 04, 2024 IST
ਚੇਤਿਆਂ ’ਚ ਵਸਿਆ ਪੁਰਾਣਾ ਘਰ
Advertisement

ਸਤਵਿੰਦਰ ਸਿੰਘ ਮੜੌਲਵੀ

Advertisement

ਘਰ ਮਨੁੱਖ ਦਾ ਟਿਕਾਣਾ ਹੈ ਅਤੇ ਇਹ ਟਿਕਾਣਾ ਸਭ ਜੀਵ-ਜੰਤੂ ਤੇ ਪੰਛੀ ਵੀ ਬਣਾਉਂਦੇ ਹਨ। ਮਨੁੱਖ ਭਾਵੇਂ ਬਾਹਰ ਜਿੰਨਾ ਚਿਰ ਮਰਜ਼ੀ ਕੰਮ ਕਰਦਾ ਰਹੇ ਪਰ ਆਪਣੇ ਘਰ ਆ ਕੇ ਉਸ ਦੇ ਮਨ ਨੂੰ ਟਿਕਾਅ ਆ ਜਾਂਦਾ ਹੈ। ਉਹ ਆਪਣੇ ਆਪ ਨੂੰ ਬੜਾ ਸੁਰੱਖਿਅਤ ਤੇ ਤਣਾਅ ਰਹਿਤ ਮਹਿਸੂਸ ਕਰਨ ਲੱਗਦਾ ਹੈ।
ਜਿਸ ਘਰ ਵਿੱਚ ਤੁਹਾਡਾ ਜਨਮ ਹੋਇਆ ਹੋਵੇ ਜਾਂ ਜਿਸ ਵਿੱਚ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਹੋਵੇ, ਉਸ ਘਰ ਦੀ ਅਹਿਮੀਅਤ ਹੀ ਹੋਰ ਹੁੰਦੀ ਹੈ। ਕਿਸੇ ਸਮੇਂ ਭਾਵੇਂ ਮਜਬੂਰੀ ਵੱਸ ਤੁਹਾਨੂੰ ਆਪਣਾ ਇਹ ਜੱਦੀ ਘਰ ਛੱਡ ਕੇ ਕਿਸੇ ਹੋਰ ਪਾਸੇ ਰਹਿਣਾ ਪੈ ਜਾਵੇ ਪਰ ਫਿਰ ਵੀ ਉਹ ਪੁਰਾਣਾ ਘਰ ਤੁਹਾਡੇ ਚੇਤਿਆਂ ਵਿੱਚ ਸਦਾ ਵਸਿਆ ਰਹਿੰਦਾ ਹੈ।
ਪਿੰਡ ਵਿਚਲੇ ਆਮ ਪੁਰਾਣੇ ਘਰਾਂ ਦੀ ਤਰ੍ਹਾਂ ਹੀ ਸਾਡਾ ਪੁਰਾਣਾ ਘਰ ਵੀ ਹੁੰਦਾ ਸੀ। ਇਸ ਦੀ ਬਣਤਰ ਪੁਰਾਣੇ ਘਰਾਂ ਵਰਗੀ ਹੀ ਸੀ, ਭਾਵ ਥੱਲੇ ਤੋਂ ਕੱਚਾ ਅਤੇ ਉੱਪਰ ਛੱਤ ਬਾਲਿਆਂ ਵਾਲ਼ੀ। ਵਿਹੜਾ ਇਸ ਦਾ ਕੋਈ ਜ਼ਿਆਦਾ ਵੱਡਾ ਨਹੀਂ ਸੀ ਪਰ ਇਸ ਦੇ ਵਿਹੜੇ ਵਿੱਚ ਲੱਗੇ ਹੋਏ ਜਮੋਏ ਅਤੇ ਡਕੈਣ ਦੇ ਰੁੱਖ ਇਸ ਨੂੰ ਚਾਰ ਚੰਦ ਲਾਉਂਦੇ ਸਨ।
ਸਾਡੇ ਪੁਰਾਣੇ ਘਰ ਵਿੱਚ ਇੱਕ ਚਾਰ ਖਣਾਂ ਦਾ ਵੱਡਾ ਕਮਰਾ ਅਤੇ ਦੋ ਦੋ ਖਣਾਂ ਦੀ ਇੱਕ ਰਸੋਈ ਤੇ ਮੂਹਰਲੇ ਪਾਸੇ ਵਰਾਂਡਾਂ ਸੀ/ ਹੈ। ਪੁਰਾਣੇ ਸਮਿਆਂ ਅਨੁਸਾਰ ਇਸ ਵਿੱਚ ਨਾ ਕੋਈ ਬੈਠਕ ਸੀ ਅਤੇ ਨਾ ਹੀ ਟਾਇਲਟ ਜਾਂ ਬਾਥਰੂਮ।
ਉਸ ਸਮੇਂ ਆਰਥਿਕ ਕਮਜ਼ੋਰੀਆਂ ਬਹੁਤ ਸਨ, ਜਿਸ ਕਰ ਕੇ ਇਸ ਦੀ ਲਿਪਾਈ ਵੀ ਬਹੁਤ ਦੇਰ ਬਾਅਦ ਕਰਵਾਈ ਗਈ।
ਛੱਤ ਕੱਚੀ ਹੋਣ ਕਰਕੇ ਗਰਮੀਆਂ ਵਿੱਚ ਇਸ ਅੰਦਰ ਠੰਢਕ ਰਹਿੰਦੀ ਅਤੇ ਸਰਦੀਆਂ ਵਿੱਚ ਇਹ ਨਿੱਘਾ ਰਹਿੰਦਾ ਸੀ। ਛੇ ਜੀਅ ਅਸੀਂ ਖ਼ੁਦ ਇਸ ਵਿੱਚ ਬਿਨਾਂ ਕਿਸੇ ਤਣਾਅ ਤੋਂ ਬੜੇ ਆਰਾਮ ਨਾਲ ਰਹਿੰਦੇ ਰਹੇ; ਜੇਕਰ ਕੋਈ ਪ੍ਰਾਹੁਣਾ ਆ ਜਾਂਦਾ, ਉਹ ਵੀ ਇਸ ਵਿੱਚ ਬੜੇ ਆਰਾਮ ਨਾਲ ਰਾਤ ਕੱਟ ਲੈਂਦਾ ਸੀ। ਗਰਮੀਆਂ ਦੇ ਮਹੀਨੇ ਵਿੱਚ ਅਸੀਂ ਪਿੰਡ ਦੇ ਆਮ ਲੋਕਾਂ ਦੀ ਤਰ੍ਹਾਂ ਇਸ ਦੀ ਛੱਤ ’ਤੇ ਸੌਂ ਜਾਂਦੇ। ਜਾਲ਼ੀ ਰਹਿਤ ਤਾਕੀਆਂ ਅਤੇ ਰੋਸ਼ਨਦਾਨ; ਇਸ ਵਿੱਚ ਹਵਾਦਾਰੀ ਤੇ ਚਾਨਣ ਦਾ ਪ੍ਰਬੰਧ ਕਰਦੇ ਸਨ। ਰੋਸ਼ਨਦਾਨਾਂ ਦੇ ਵਿਚਦੀ ਹੋ ਕੇ ਘਰੇਲੂ ਚਿੜੀਆਂ ਦਾ ਆਮ ਹੀ ਆਉਣਾ ਜਾਣਾ ਸੀ। ਉਨ੍ਹਾਂ ਸਮਿਆਂ ਵਿੱਚ ਘਰੇਲੂ ਚਿੜੀਆਂ ਘਰਾਂ ਵਿੱਚ ਆਮ ਹੀ ਆਪਣੇ ਆਲ੍ਹਣੇ ਬਣਾ ਕੇ ਰਿਹਾ ਕਰਦੀਆਂ ਸਨ। ਸਾਡੇ ਘਰ ਵਿੱਚ ਵੀ ਇੱਕ ਦੋ ਜੋੜੇ ਬੜੇ ਆਰਾਮ ਨਾਲ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ। ਸਵੇਰ ਹੁੰਦੇ ਸਾਰ ਹੀ ਚਿੜੀਆਂ ਚੀਂ-ਚੀਂ ਕਰਕੇ ਉੱਠ ਜਾਂਦੀਆਂ ਤੇ ਨਾਲ ਹੀ ਸਾਨੂੰ ਉਠਾ ਲੈਂਦੀਆਂ। ਗਾਰਡਰਾਂ ਦੇ ਕੋਲ਼ ਬਾਲਿਆਂ ਦੀਆਂ ਖੋੜਾਂ-ਮੋਰੀਆਂ ਵਿੱਚ ਉਨ੍ਹਾਂ ਨੇ ਆਪਣੇ ਆਲ੍ਹਣੇ ਬਣਾਏ ਹੁੰਦੇ ਸਨ। ਮਾਂ ਦੇ ਵਿਆਹ ਦੀ ਪੇਟੀ ਦੇ ਥੱਲੇ ਹਰ ਸਾਲ ਬਿੱਲੀ, ਬਲੂੰਗੜੇ ਦਿਆ ਕਰਦੀ ਸੀ ।
ਇਸ ਦੇ ਕੱਚੇ ਅੰਦਰਾਂ ਨੂੰ ਮਾਂ, ਮਹੀਨੇ ਵਿਚ ਇੱਕ-ਅੱਧ ਵਾਰ ਗੋਹੇ ਮਿੱਟੀ ਨਾਲ ਜ਼ਰੂਰ ਲਿੱਪ ਦਿਆ ਕਰਦੀ ਸੀ। ਲਿੱਪੇ ਹੋਏ ਥਾਂ ’ਤੇ ਬੜੀ ਅਜੀਬ ਜਿਹੀ ਵਾਸ਼ਨਾ ਆਉਂਦੀ ਰਹਿੰਦੀ। ਲਿੱਪਣ ਨਾਲ ਘਰ ਬੜਾ ਸਾਫ਼ ਸੁਥਰਾ ਜਿਹਾ ਲੱਗਦਾ। ਇਸ ਨੂੰ ਹੋਰ ਸੋਹਣਾ ਬਣਾਉਣ ਲਈ ਮਾਂ ਤੌੜੀ ਵਿੱਚ ਪਾਂਡੂ ਘੋਲ਼ ਕੇ, ਇੱਕ ਲੀਰ ਨਾਲ ਕੰਧਾਂ ਦੇ ਆਲ਼ੇ ਦੁਆਲ਼ੇ ਪੱਟੀ ਬਣਾਉਂਦੀ ਅਤੇ ਕਦੇ ਕਦਾਈਂ ਵਿਚਕਾਰ ਫੁੱਲ ਵੀ ਬਣਾ ਦਿੰਦੀ। ਇਸ ਨਾਲ ਇਸ ਦੀ ਸੁੰਦਰਤਾ ਹੋਰ ਵੀ ਵਧ ਜਾਂਦੀ ਸੀ। ਇਸ ਦੀਆਂ ਕੰਧਾਂ ਉੱਤੇ ਅਸੀਂ ਨਵੇਂ ਸਾਲ ਦੇ ਕੈਲੰਡਰ ਲਗਾਏ ਹੁੰਦੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਤਸਵੀਰਾਂ ਵੀ ਲਗਾਈਆਂ ਹੁੰਦੀਆਂ ਸਨ ।
ਚੁੱਲ੍ਹੇ-ਅੰਗੀਠੀ ਵਾਲ਼ੀ ਇਸ ਘਰ ਦੀ ਰਸੋਈ ਵਿਚ ਮਾਂ ਗਰਮ ਗਰਮ ਰੋਟੀਆਂ ਬਣਾਉਂਦੀ ਰਹਿੰਦੀ ਅਤੇ ਅਸੀਂ ਸਾਰੇ ਉਸ ਸਮੇਂ ਰਸੋਈ ਵਿੱਚ ਬੋਰੀਆਂ ਵਿਛਾ ਕੇ ਜਾਂ ਲੱਕੜ ਦੀਆਂ ਪਟੜੀਆਂ ’ਤੇ ਬੈਠ ਕੇ ਹੀ ਰੋਟੀ ਖਾਂਦੇ ਹੁੰਦੇ ਸੀ।
ਬਰਸਾਤਾਂ ਦੇ ਦਿਨਾਂ ਵਿੱਚ ਭਾਵੇਂ ਇਸ ਦੀ ਛੱਤ ਥਾਂ ਥਾਂ ਤੋਂ ਚੋਣ ਲੱਗ ਪੈਂਦੀ ਅਤੇ ਕਈ ਕਈ ਦਿਨਾਂ ਦੀਆਂ ਝੜੀਆਂ ਸਾਨੂੰ ਰੋਣ -ਹਾਕਾ ਕਰ ਦਿੰਦੀਆਂ ਪਰ ਫਿਰ ਵੀ ਇਹ ਸਾਨੂੰ ਬਹੁਤ ਪਿਆਰਾ ਲੱਗਦਾ।
ਉਸ ਸਮੇਂ ਸਾਡੇ ਸਾਰੇ ਚਾਚੇ ਤਾਇਆਂ ਦੇ ਘਰ ਇੱਕ ਛੋਟੀ ਜਿਹੀ ਬੀਹੀ ਵਿੱਚ ਹੀ ਹੁੰਦੇ ਸਨ ਅਤੇ ਖ਼ੂਬ ਰੌਣਕਾਂ ਬਣੀਆਂ ਰਹਿੰਦੀਆਂ ਸਨ। ਡੰਗਰ-ਵੱਛਾ ਵੀ ਬਾਹਰ ਵਿਹੜੇ ਵਿਚ ਖੜ੍ਹਾ ਰਹਿੰਦਾ। ਨਲ਼ਕਾ, ਟੋਕੇ ਵਾਲੀ ਮਸ਼ੀਨ, ਓਟੀਏ ਸਭ ਬਾਹਰ ਵਿਹੜੇ ਵਿੱਚ ਹੀ ਹੁੰਦੇ ਸਨ। ਸਾਡੇ ਸਾਰੇ ਭੈਣ ਭਰਾਵਾਂ ਦੇ ਵਿਆਹ ਇਸ ਛੋਟੇ ਜਿਹੇ ਘਰ ਵਿੱਚ ਹੀ ਹੋਏ। ਮੇਰੀ ਮਾਂ ਅਨੁਸਾਰ ਮੇਰਾ ਆਪਣਾ ਜਨਮ ਵੀ ਇੱਥੇ ਹੀ ਹੋਇਆ ਸੀ।
ਅੱਜ-ਕਲ੍ਹ ਵੀ ਮੇਰੀ ਰਿਹਾਇਸ਼ ਆਪਣੇ ਪਿੰਡ ਦੇ ਥੋੜ੍ਹੀ ਬਾਹਰਲੇ ਪਾਸੇ ਹੈ ਅਤੇ ਇਹ ਪੁਰਾਣਾ ਘਰ ਪਿੰਡ ਦੇ ਅੰਦਰਲੇ ਪਾਸੇ ਬਣਿਆ ਹੋਇਆ ਹੈ। ਜਦੋਂ ਵੀ ਕਦੇ ਪਿੰਡ ਵਿੱਚ ਜਾਂ ਆਪਣੇ ਚਾਚੇ ਤਾਇਆਂ ਦੇ ਘਰ ਖ਼ਬਰਸਾਰ ਲੈਣ ਲਈ ਜਾਂਦਾ ਹਾਂ ਤਾਂ ਇਸ ਨੂੰ ਵੇਖ ਕੇ ਅੱਜ ਵੀ ਬੜਾ ਮੋਹ ਆਉਂਦਾ ਹੈ।
ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਮਸ਼ਹੂਰ ਨਿਬੰਧ ‘‘ਘਰ ਦਾ ਪਿਆਰ’’ ਵਿੱਚ ਘਰ ਬਾਰੇ ਬੜੀਆਂ ਖ਼ੂਬਸੂਰਤ ਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਪ੍ਰਸਿੱਧ ਫ਼ਿਲਮੀ ਅਦਾਕਾਰ ਤੇ ਸਾਹਿਤਕਾਰ ਬਲਰਾਜ ਸਾਹਨੀ ਮੁੰਬਈ ਤੋਂ ਆਪਣੇ ਦੋਸਤਾਂ ਨਾਲ ਆਪਣਾ ਜੱਦੀ ਘਰ, ਜਿਹੜਾ ਕਿ ਪਿੰਡ ਭੇਰੇ ’ਚ ਬਣਿਆ ਹੋਇਆ ਸੀ, ਨੂੰ ਵੇਖਣ ਲਈ ਬਕਾਇਦਾ ਤੌਰ ’ਤੇ ਪਾਕਿਸਤਾਨ ਵਿਖੇ ਪਹੁੰਚੇ ਸਨ ਅਤੇ ਇਸ ਨੂੰ ਵੇਖ ਕੇ ਬੜਾ ਭਾਵੁਕ ਵੀ ਹੋਏ। ਇਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਪ੍ਰਸਿੱਧ ਪੁਸਤਕ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚ ‘ਮੁੜ ਵੇਖਿਆ ਪਿੰਡ’ ਸਿਰਲੇਖ ਹੇਠ ਕੀਤਾ ਹੈ।
ਭਾਵੇਂ ਸਾਡੇ ਪੁਰਾਣੇ ਘਰ ਦੀ ਮਲਕੀਅਤ ਅੱਜ-ਕੱਲ੍ਹ ਮੇਰੇ ਵੱਡੇ ਭਰਾ ਕੋਲ਼ ਹੈ ਪਰ ਅੱਜ ਵੀ ਮੈਨੂੰ ਇਹ ਆਪਣਾ ਆਪਣਾ ਲੱਗਦਾ ਹੈ।
ਸੰਪਰਕ: 9463492426

Advertisement
Author Image

joginder kumar

View all posts

Advertisement
Advertisement
×