ਸੰਘਰਸ਼ ਤੇ ਸਾਂਝ
ਸ਼ਿਵੰਦਰ ਕੌਰ
ਸਮੇਂ ਸਮੇਂ ਰਾਜ ਭਾਗ ’ਤੇ ਕਾਬਜ਼ ਹਾਕਮ ਆਮ ਲੋਕਾਂ ਨੂੰ ਧਰਮ, ਜਾਤ ਤੇ ਫਿਰਕਿਆਂ ਵਿਚ ਵੰਡ ਕੇ ਅਤੇ ਉਨ੍ਹਾਂ ਨੂੰ ਆਪਸ ਵਿਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਆਏ ਹਨ। ਉਂਝ, ਲੋਕਾਂ ਦੇ ਰਲ ਕੇ ਕੀਤੇ ਸੰਘਰਸ਼, ਹਾਕਮਾਂ ਦੀਆਂ ਚਾਲਾਂ ਨੂੰ ਮਾਤ ਵੀ ਦਿੰਦੇ ਆਏ ਹਨ। ਜੁਲਾਈ ਵਿਚ ਹਰਿਆਣੇ ਦੇ ਨੂਹ ਇਲਾਕੇ ਵਿਚ ਕੁਝ ਕੱਟੜ ਜਥੇਬੰਦੀਆਂ ਨੇ ਧਰਮ ਦੇ ਨਾਂ ’ਤੇ ਦੋ ਫਿਰਕਿਆਂ ਵਿਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਹਾਕਮਾਂ ਵਲੋਂ ਇਸ ਨੂੰ ਸਖਤੀ ਨਾਲ ਦਬਾਉਣ ਦੀ ਥਾਂ ਭੜਕਾਉਣ ਦਾ ਕੰਮ ਕੀਤਾ। ਉਸ ਸਮੇਂ ਹਰ ਸੂਝਵਾਨ ਮਨੁੱਖ ਨੂੰ ਇਹ ਫਿ਼ਕਰ ਸਤਾਉਣ ਲੱਗ ਪਿਆ ਕਿ ਕਿਤੇ ਇਹ ਅੱਗ ਗੁਜਰਾਤ ਜਾਂ ਮਨੀਪੁਰ ਵਾਂਗ ਹਰਿਆਣੇ ਦੇ ਨਾਲ ਨਾਲ ਰਾਜਸਥਾਨ ਨੂੰ ਵੀ ਆਪਣੀ ਲਪੇਟ ਵਿਚ ਨਾ ਲੈ ਲਵੇ।
ਸੋਸ਼ਲ ਮੀਡੀਆ ’ਤੇ ਖ਼ਬਰਾਂ ਰਾਹੀਂ ਫੈਲਾਇਆ ਜਾ ਰਹੇ ਨਫ਼ਰਤੀ ਮਾਹੌਲ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਅੱਗ ਸਾਰੇ ਹਰਿਆਣੇ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ। ਇਸ ਨਾਲ ਕਈ ਜਿ਼ਲ੍ਹਿਆਂ ਵਿਚ ਮਾਹੌਲ ਉਤੇਜਤ ਜ਼ਰੂਰ ਹੋਇਆ ਪਰ ਜਾਟ ਖਾਪ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਦੇ ਸਮੇਂ ਸਿਰ ਕੀਤੇ ਫ਼ੈਸਲਿਆਂ ਸਦਕਾ ਅਤੇ ਉਨ੍ਹਾਂ ਵਲੋਂ ਪੀੜਤ ਫਿ਼ਰਕੇ ਨਾਲ ਕੰਧ ਬਣ ਕੇ ਖੜ੍ਹਨ ਕਰ ਕੇ ਉਹ ਇਹ ਅੱਗ ਰੋਕਣ ਵਿਚ ਸਫਲ ਹੋ ਗਏ। ਅਸਲ ਵਿਚ, ਉਨ੍ਹਾਂ ਦੇ ਫ਼ੈਸਲਿਆਂ ਦਾ ਕਾਰਨ ਕਿਸਾਨ ਸੰਘਰਸ਼ ਵਿਚੋਂ ਉਪਜੀ ਸਾਂਝ ਹੀ ਸੀ।
ਜਦੋਂ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਹਰਿਆਣਾ ਅਤੇ ਲੋਕ ਅਧਿਕਾਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਾਂਚ ਟੀਮ ਬਣਾ ਕੇ ਘਟਨਾ ਬਾਰੇ ਉੱਥੇ ਜਾ ਕੇ ਜਾਨਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਕਿਸਾਨ ਆਗੂ ਤੇ ਅਗਾਂਹਵਧੂ ਨੌਜਵਾਨ ਜਫ਼ਰ ਮੇਵਾਤੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਸਮੇਂ ਆਪਸੀ ਸਾਂਝ ਪੈਦਾ ਹੋਈ ਜਿਸ ਕਰ ਕੇ ਉਸ ਨਫ਼ਰਤੀ ਮਾਹੌਲ ਨੂੰ ਰੋਕਣ ਵਿਚ ਉਹ ਸਫਲ ਹੋਏ। ਉਸ ਅਨੁਸਾਰ, ਨਵੰਬਰ 2020 ਵਿਚ ਕਿਸਾਨ ਅੰਦੋਲਨ ਸਮੇਂ ਸ਼ਾਹਜਹਾਨਪੁਰ ਤੇ ਪਲਵਲ ਵਿਚ ਵੀ ਸਿੰਘੂ ਅਤੇ ਟਿਕਰੀ ਬਾਰਡਰ ਵਾਂਗ ਪੱਕੇ ਮੋਰਚੇ ਲੱਗ ਗਏ ਸਨ। ਜਿੱਥੇ ਹਰ ਦਿਨ ਦੋ ਕੁਇੰਟਲ ਤੋਂ ਵੱਧ ਦੁੱਧ ਦੀ ਲੋੜ ਸੀ। ਮੋਰਚੇ ਲਈ ਇਹ ਦੁੱਧ ਮੁੱਲ ਲੈਣਾ ਪੈਂਦਾ ਸੀ। ਪਹਿਲਾਂ ਸੋਚਿਆ ਕਿ ਦੁੱਧ ਪਿੰਡਾਂ ਵਿਚੋਂ ਇਕੱਠਾ ਕੀਤਾ ਜਾਵੇ; ਜਿਵੇਂ ਪੰਜਾਬ, ਹਰਿਆਣੇ ਵਿਚੋਂ ਆ ਰਿਹਾ ਹੈ। ਜਾਟਾਂ ਦੇ ਪਿੰਡਾਂ ਵਿਚ ਦੁੱਧ ਐਨਾ ਨਹੀਂ ਸੀ। ਦੁੱਧ ਜਾਂ ਤਾਂ ਗੁੱਜਰਾਂ ਕੋਲ ਸੀ ਜਾਂ ਮੇਵਾਤ ਖੇਤਰ ਵਿਚ ਮੇਵ ਮੁਸਲਮਾਨਾਂ ਕੋਲ। ਮੇਵ ਮੁਸਲਮਾਨ ਕਿਸਾਨ ਪਸ਼ੂ ਪਾਲਕਾਂ ਵਿਚ ਕਿਸਾਨ ਜਥੇਬੰਦੀ ਦਾ ਕੋਈ ਆਧਾਰ ਨਹੀਂ ਸੀ। ਸੋ, ਅਸੀਂ ਉਨ੍ਹਾਂ ਮੌਲਵੀਆਂ ਨਾਲ ਸੰਪਰਕ ਕੀਤਾ ਜਿਹੜੇ ਨਾਗਰਿਕ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਦੇ ਸੰਘਰਸ਼ ਵਿਚ ਸ਼ਾਮਿਲ ਹੋਏ ਸਨ। ਸ਼ਾਹੀਨ ਬਾਗ ਦੇ ਸੰਘਰਸ਼ ਸਮੇਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਨੇ ਉਸ ਸੰਘਰਸ਼ ਸਮੇਂ ਸ਼ਮੂਲੀਅਤ ਕੀਤੀ ਸੀ ਜਿਸ ਕਰ ਕੇ ਉਨ੍ਹਾਂ ਦੀ ਸਾਂਝ ਬਣ ਗਈ ਸੀ। ਉਨ੍ਹਾਂ ਨੇ ਮੇਵਾਤ ਅਤੇ ਨੂਹ ਦੇ ਇਲਾਕੇ ਦੇ ਮੌਲਵੀਆ ਅਤੇ ਆਗੂਆਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਦਾ ਅਸਰ ਇਹ ਹੋਇਆ ਕਿ ਦੂਜੇ ਹੀ ਦਿਨ ਮਸਜਿਦਾਂ ਵਿਚ ਦੁੱਧ ਲਈ ਖਾਲੀ ਕੈਨ ਰੱਖ ਦਿੱਤੇ ਗਏ, ਤੇ ਮੋਰਚੇ ਵਿਚ ਦੁੱਧ ਜਾਣ ਲੱਗ ਪਿਆ। ਜਾਟਾਂ ਤੇ ਮੇਵ ਮੁਸਲਮਾਨਾਂ ਦੀਆਂ ਜੱਫੀਆਂ ਪੈ ਗਈਆਂ। ਹੰਝੂ ਵੀ ਵਹੇ ਕਿ ਕਿਸ ਤਰ੍ਹਾਂ ਸਾਡੀ ਜੱਦੀ ਪੁਸ਼ਤੀ ਸਾਂਝ ਨੂੰ ਢਾਹ ਲਾਈ ਜਾ ਰਹੀ ਸੀ। ਸਾਲ ਭਰ ਚੱਲੇ ਮੋਰਚੇ ਨੇ ਸਾਂਝ ਹੋਰ ਪਕੇਰੀ ਕਰ ਦਿੱਤੀ।
ਸਥਾਨਕ ਵਕੀਲ ਰਮਜ਼ਾਨ ਨੇ ਦੱਸਿਆ ਕਿ ਇਹੀ ਸਾਂਝ ਮਾਹੌਲ ਨੂੰ ਵਿਗੜਨ ਤੋਂ ਬਚਾਉਣ ਦੇ ਕੰਮ ਆਈ। ਇਸ ਦੀ ਪੁਸ਼ਟੀ ਜਫ਼ਰ ਪਲਵਲ ਨੇ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 3 ਅਗਸਤ ਨੂੰ ਹਰਿਆਣਾ ਦੇ ਬਹੁਗਿਣਤੀ ਵਾਲੇ ਪਿੰਡ ਕੋਟ ਗਾਂਵ ਵਿਖੇ ਹਿੰਦੂ ਤੇ ਮੁਸਲਮਾਨ ਪਾਲ (ਭਾਵ ਜਾਟ ਖਾਪ ਵਰਗੀਆਂ ਪੰਚਾਇਤਾਂ) ਦੇ ਆਗੂ ਮਿਲੇ ਜਿਨ੍ਹਾਂ ਨੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਹਿਮਤੀ ਬਣਾਈ ਅਤੇ ਭੜਕਾਊ ਅਨਸਰਾਂ ਤੋਂ ਸੁਚੇਤ ਰਹਿਣ ਦਾ ਫੈਸਲਾ ਕੀਤਾ। ਜਾਟ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਅੰਦਰ ਇਹ ਸਵਾਲ ਵੀ ਆਇਆ ਕਿ ਕਿਸਾਨ ਸੰਘਰਸ਼ ਸਮੇਂ ਇਹ ਫਿਰਕੂ ਦਹਿਸ਼ਤ ਦੇ ਵਾ-ਵਿਰੋਲੇ ਲਿਆਉਣ ਵਾਲੀਆਂ ਜਥੇਬੰਦੀਆਂ ਕਿੱਥੇ ਸਨ? ਜਦੋਂ ਹਿਸਾਰ ਵਿਚੋਂ ਭਾਈਚਾਰਕ ਸਾਂਝ ਬਾਰੇ ਆਵਾਜ਼ ਉੱਠੀ ਤਾਂ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੱਛੇ ਹਟਣਾ ਪਿਆ ਜਿਨ੍ਹਾਂ ਨੇ ਸੱਤ ਅਗਸਤ ਨੂੰ ਮੁਸਲਮਾਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ।
ਆਪਣੀ ਆਸਥਾ ਮੁਤਾਬਿਕ ਹਰ ਇੱਕ ਨੂੰ ਜਿਊਣ ਦਾ ਹੱਕ ਹੈ। ਦਰਅਸਲ, ਧਰਮ ਦੀ ਸਿਆਸਤ ਲਈ ਵਰਤੋਂ ਕਰਨਾ ਹੀ ਸਮੱਸਿਆਵਾਂ ਖੜ੍ਹੀਆਂ ਕਰਨ ਦਾ ਕਾਰਨ ਬਣਦਾ ਹੈ ਅਤੇ ਫਿਰਕੂ ਭਾਵਨਾਵਾਂ ਭੜਕਾ ਕੇ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਦੀ ਲਪੇਟ ’ਚ ਬੇਰੁਜ਼ਗਾਰ ਨੌਜਵਾਨ ਤੇ ਨਸ਼ਿਆਂ ਦੀ ਗ੍ਰਿਫਤ ’ਚ ਆਏ ਲੋਕ ਜਲਦੀ ਆ ਜਾਂਦੇ ਹਨ ਪਰ ਲੋਕਾਂ ਦੀ ਮਜ਼ਬੂਤ ਭਾਈਚਾਰਕ ਅਤੇ ਜਮਾਤੀ ਸਾਂਝ ਤੇ ਸੂਝ ਹਰ ਤਰ੍ਹਾਂ ਦੀ ਤਾਨਾਸ਼ਾਹੀ ਨੂੰ ਭਾਂਜ ਦੇ ਸਕਦੀ ਹੈ।
ਸੰਪਰਕ: 762606-3596