For the best experience, open
https://m.punjabitribuneonline.com
on your mobile browser.
Advertisement

ਜੰਗਲੀ ਜਾਨਵਰਾਂ ਦੇ ਹਮਲਿਆਂ ਖ਼ਿਲਾਫ਼ ਸੰਘਰਸ਼ ਭਖਿਆ

09:37 AM Feb 18, 2024 IST
ਜੰਗਲੀ ਜਾਨਵਰਾਂ ਦੇ ਹਮਲਿਆਂ ਖ਼ਿਲਾਫ਼ ਸੰਘਰਸ਼ ਭਖਿਆ
Advertisement

Advertisement

ਵਾਇਨਾਡ, 17 ਫਰਵਰੀ
ਕੇਰਲ ਦੇ ਵਾਇਨਾਡ ਵਿੱਚ ਜੰਗਲੀ ਜਾਨਵਰਾਂ ਦੇ ਹਮਲਿਆਂ ਦੇ ਸਥਾਈ ਹੱਲ ਦੀ ਮੰਗ ਸਬੰਧਂ ਸੱਤਾਧਾਰੀ ਐੱਲਡੀਐੱਫ, ਵਿਰੋਧੀ ਧਿਰ ਯੂਡੀਐੱਫ ਅਤੇ ਭਾਜਪਾ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਪੱਧਰੀ ਹੜਤਾਲ ਦੌਰਾਨ ਪੁਲਪੱਲੀ ਵਿੱਚ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਅੱਜ ਸਵੇਰੇ ਜੰਗਲੀ ਬਾਘ ਦੇ ਸ਼ੱਕੀ ਹਮਲੇ ਵਿੱਚ ਮਾਰੀ ਗਈ ਇੱਕ ਗਾਂ ਨੂੰ ਜੰਗਲਾਤ ਵਿਭਾਗ ਦੀ ਜੀਪ ਨਾਲ ਬੰਨ੍ਹ ਦਿੱਤਾ। ਕੁਰੂਵਾ ਟਾਪੂ ਨੇੜੇ ਜੰਗਲੀ ਹਾਥੀ ਵੱਲੋਂ ਕੀਤੇ ਗਏ ਹਮਲੇ ਦੌਰਾਨ ਜੰਗਲਾਤ ਵਿਭਾਗ ਦੇ ਇੱਕ ਈਕੋ-ਟੂਰਿਜ਼ਮ ਗਾਈਡ ਪਾਲ ਦੀ ਮੌਤ ਹੋ ਗਈ ਸੀ। ਇਸ ਮਗਰੋਂ ਜੰਗਲੀ ਜਾਨਵਰਾਂ ਦੇ ਦਿਨੋ-ਦਿਨ ਵਧ ਰਹੇ ਹਮਲਿਆਂ ਖ਼ਿਲਾਫ਼ ਤਿੰਨਾਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਅੱਜ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਵਾਇਨਾਡ ਜ਼ਿਲ੍ਹੇ ਵਿੱਚ ਸਵੇਰ ਤੋਂ ਸ਼ਾਮ ਤੱਕ ਹੜਤਾਲ ਦਾ ਸੱਦਾ ਦਿੱਤਾ ਸੀ ਜਿਸ ਕਾਰਨ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ ’ਤੇ ਆਵਾਜਾਈ ਵੀ ਨਾਂਮਾਤਰ ਸੀ।
ਪ੍ਰਦਰਸ਼ਨ ਦੌਰਾਨ ਹਿੰਸਕ ਹੋਈ ਭੀੜ ਨੇ ਅਧਿਕਾਰੀਆਂ ’ਤੇ ਬੋਤਲਾਂ ਅਤੇ ਪਲਾਸਟਿਕ ਦੀਆਂ ਕੁਰਸੀਆਂ ਸੁੱਟੀਆਂ ਜਿਸ ਮਗਰੋਂ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀ ਪਾਲ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕਰ ਰਹੇ ਸਨ। ਉਨ੍ਹਾਂ ਜੰਗਲਾਤ ਮੰਤਰੀ ਅਤੇ ਜੰਗਲਾਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਸਥਿਤੀ ਤਣਾਅਪੂਰਨ ਹੋਣ ਮਗਰੋਂ ਵਾਇਨਾਡ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਇੱਥੇ ਮੌਜੂਦ ਹੋਣਾ ਲਾਜ਼ਮੀ ਸੀ, ਇਸ ਲਈ ਉਹ ਅੱਜ ਸ਼ਾਮ ਇੱਥੇ ਪਹੁੰਚ ਗਏ ਹਨ।
ਇਸੇ ਦੌਰਾਨ ਏਡੀਐੱਮ ਨੇ ਪਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਦਿਆਂ 10 ਲੱਖ ਰੁਪਏ ਮੁਆਵਜ਼ਾ ਸੌਂਪਿਆ ਅਤੇ ਉਸ ਦੀ ਪਤਨੀ ਨੂੰ ਨੌਕਰੀ ਦੇਣ ਦਾ ਭਰੋਸਾ ਦਿੰਦਿਆਂ ਪਾਲ ਦੀ ਧੀ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਕਰਨ ਦਾ ਐਲਾਨ ਕੀਤਾ। -ਪੀਟੀਆਈ

ਮੁੱਖ ਮੰਤਰੀ ਵੱਲੋਂ ਮਸਲੇ ਦੇ ਹੱਲ ਲਈ ਮੀਟਿੰਗ ਸੱਦਣ ਦਾ ਹੁਕਮ

ਤਿਰੂਵਨੰਤਪੁਰਮ: ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਾਇਨਾਡ ਜ਼ਿਲ੍ਹੇ ਵਿੱਚ ਬੀਤੇ ਕੁੱਝ ਸਮੇਂ ਤੋਂ ਸਾਹਮਣੇ ਆ ਰਹੇ ਮਨੁੱਖ-ਪਸ਼ੂ ਸੰਘਰਸ਼ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਲਈ ਅੱਜ ਮੰਤਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਸੱਦਣ ਦਾ ਹੁਕਮ ਦਿੱਤਾ। ਨਿਰਦੇਸ਼ ਅਨੁਸਾਰ ਮਾਲ, ਜੰਗਲਾਤ ਅਤੇ ਸਥਾਨਕ ਸਵੈ ਸਰਕਾਰ ਵਿਭਾਗ (ਐੱਲਐੱਸਜੀਡੀ) ਦੇ ਮੰਤਰੀ ਸਾਂਝੇ ਤੌਰ ’ਤੇ 20 ਫਰਵਰੀ ਨੂੰ ਵਾਇਨਾਡ ਜ਼ਿਲ੍ਹੇ ਵਿੱਚ ਇੱਕ ਮੀਟਿੰਗ ਕਰਨਗੇ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਵਾਇਨਾਡ ਨਗਰ ਨਿਗਮ ਦੇ ਕੌਂਸਲਰਾਂ ਸਣੇ ਜਨਤਕ ਨੁਮਾਇੰਦੇ ਅਤੇ ਉੱਚ ਅਧਿਕਾਰੀ ਮੀਟਿੰਗ ਵਿੱਚ ਹਿੱਸਾ ਲੈਣਗੇ। ਉੱਚਾਈ ’ਤੇ ਸਥਿਤ ਜ਼ਿਲ੍ਹੇ ਦੀਆਂ ਮਨੁੱਖੀ ਬਸਤੀਆਂ ਵਿੱਚ ਜੰਗਲੀ ਜਾਨਵਰਾਂ ਦੇ ਲਗਾਤਾਰ ਹਮਲਿਆਂ ਨਾਲ ਨਜਿੱਠਣ ਲਈ ਸਥਾਨਕ ਲੋਕ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੂੰ ਮਾਮਲੇ ’ਚ ਦਖ਼ਲ ਦੇਣਾ ਪਿਆ। -ਪੀਟੀਆਈ

ਰਾਹੁਲ ਗਾਂਧੀ ਵਾਇਨਾਡ ਗਏ

ਨਵੀਂ ਦਿੱਲੀ: ਰਾਹੁਲ ਗਾਂਧੀ ਵਾਰਾਣਸੀ ਤੋਂ ਕੇਰਲਾ ਦੇ ਵਾਇਨਾਡ ਲਈ ਰਵਾਨਾ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਲੋਕ ਸਭਾ ਹਲਕੇ ’ਚ ਉਨ੍ਹਾਂ ਦੀ ਤੁਰੰਤ ਜ਼ਰੂਰਤ ਹੈ ਅਤੇ ਭਲਕੇ 18 ਫਰਵਰੀ ਨੂੰ ਦੁਪਹਿਰ ਸਮੇਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਆਪਣੀ ਭਾਰਤ ਜੋੜੋ ਨਿਆਏ ਯਾਤਰਾ ਮੁੜ ਸ਼ੁਰੂ ਕਰਨਗੇ। ਬੀਤੇ ਦਿਨ ਜੰਗਲੀ ਹਾਥੀ ਦੇ ਹਮਲੇ ’ਚ ਜ਼ਖ਼ਮੀ ਹੋਏ ਜੰਗਲਾਤ ਵਿਭਾਗ ਦੇ ਈਕੋ-ਟੂਰਿਜ਼ਮ ਗਾਈਡ ਦੀ ਅੱਜ ਕੋਜ਼ੀਕੋੜ ਮੈਡੀਕਲ ਕਾਲਜ ’ਚ ਮੌਤ ਹੋਣ ਮਗਰੋਂ ਰਾਹੁਲ ਗਾਂਧੀ ਵਾਇਨਾਡ ਜਾ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਜ਼ਰੂਰੀ ਕੰਮ ਲਈ ਵਾਇਨਾਡ ਜਾ ਰਹੇ ਹਨ ਅਤੇ ਭਾਰਤ ਜੋੜੋ ਯਾਤਰਾ ਭਲਕੇ ਪ੍ਰਯਾਗਰਾਜ ਤੋਂ ਮੁੜ ਸ਼ੁਰੂ ਹੋਵੇਗੀ। -ਪੀਟੀਆਈ

Advertisement
Author Image

Advertisement
Advertisement
×