ਸਫ਼ਾਈ ਸੇਵਕਾਂ ਵੱਲੋਂ ਹੜਤਾਲ ਮੁਲਤਵੀ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 27 ਜੁਲਾਈ
ਮੁਹਾਲੀ ਨਗਰ ਨਿਗਮ ਅਧੀਨ ਕੱਚੇ ਅਤੇ ਪੱਕੇ ਸਫ਼ਾਈ ਸੇਵਕਾਂ ਦੀਆਂ ਪੈਂਡਿੰਗ ਮੰਗਾਂ ਮੰਨੇ ਜਾਣ ਸਬੰਧੀ ਭਰੋਸਾ ਮਿਲਣ ਮਗਰੋਂ ਸਫ਼ਾਈ ਸੇਵਕਾਂ ਨੇ ਅੱਜ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ।
ਇਸ ਸਬੰਧੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਨੂੰ ਲੈ ਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਕਮਿਸ਼ਨਰ ਡਾ. ਨਵਜੋਤ ਕੌਰ ਨੇ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ, ਐਕਸੀਅਨ ਕਮਲਜੀਤ ਸਿੰਘ, ਕੌਂਸਲਰ ਕਮਲਜੀਤ ਸਿੰਘ ਬੰਨੀ, ਧਰਮਿੰਦਰ ਸਿੰਘ ਅਤੇ ਯੂਨੀਅਨ ਵੱਲੋਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਪ੍ਰਧਾਨ ਜਗਜੀਤ ਸਿੰਘ, ਆਦੇਸ਼ ਕੁਮਾਰ, ਰਾਜਨ ਚਾਵਰੀਆ, ਅਨਿਲ ਕੁਮਾਰ, ਯਸ਼ਪਾਲ ਆਦਿ ਆਗੂ ਹਾਜ਼ਰ ਸਨ। ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਮੇਅਰ ਅਤੇ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, 500 ਰੁਪਏ ਸਪੈਸ਼ਲ ਭੱਤਾ, ਪਿਛਲੇ ਸਮੇਂ ਵਿੱਚ ਹੋਈ ਹੜਤਾਲ ਦੇ ਛੇ ਦਿਨ ਦੇ ਕੱਟੇ ਪੈਸਿਆਂ ਦੀ ਅਦਾਇਗੀ ਕਰਨਾ, ਸ਼ਹਿਰ ਦੀਆਂ ਬੀਟਾ ਅਨੁਸਾਰ ਡੀਸੀ ਰੇਟ ’ਤੇ ਭਰਤੀ ਕਰਨਾ, ਬਾਗ਼ਬਾਨੀ ਵਿੰਗ ਦੀ ਤਾਇਨਾਤੀ ਕਰਨਾ, ਸਫ਼ਾਈ ਸੇਵਕਾਂ ਨੂੰ ਵਰਦੀਆਂ, ਮਾਸਕ, ਦਸਤਾਨੇ, ਗਮਬੂਟ, ਬਰਸਾਤੀ ਉਪਲਬਧ ਕਰਾਉਣਾ, ਪਬਲਿਕ ਪਖਾਨਿਆਂ ’ਤੇ ਪਹਿਲਾਂ ਵਾਂਗ ਚਾਰ-ਚਾਰ ਕਰਮਚਾਰੀਆਂ ਦੀ ਤਾਇਨਾਤੀ ਅਤੇ ਪਿਛਲੇ ਚਾਰ ਮਹੀਨੇ ਦੀਆਂ ਬਕਾਇਆ ਤਨਖ਼ਾਹਾਂ ਜਾਰੀ ਕਰਵਾਉਣ ਸਮੇਤ ਹੋਰ ਕਈ ਅਹਿਮ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਇਸ ਮਗਰੋਂ ਸਫਾਈ ਕਾਮਿਆਂ ਦੀ ਹੜਤਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।