ਡਾਕਟਰ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਹੜਤਾਲ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 29 ਜੁਲਾਈ
ਇੱਥੋਂ ਦੇ ਏਪੀ ਜੈਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ਨਿਭਾਅ ਰਹੇ ਡਾ. ਸੁਖਮਨਜੀਤ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਅੱਜ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਰਾਜਪੁਰਾ ਇਕਾਈ ਵੱਲੋਂ ਇਕਾਈ ਦੇ ਪ੍ਰਧਾਨ ਡਾਕਟਰ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਹੜਤਾਲ ਕੀਤੀ ਗਈ। ਇਸ ਸਬੰਧੀ ਐੱਸਐੱਮਓ ਡਾ. ਬਿੱਧੀ ਚੰਦ ਨੇ ਦੱਸਿਆ ਕਿ ਰਾਤ ਸਾਢੇ ਅੱਠ ਵਜੇ ਕੁਝ ਵਿਅਕਤੀ ਇਕ ਲਾਸ਼ ਲੈ ਕੇ ਆਏ ਅਤੇ ਮੁਰਦਾ ਘਰ ਵਿੱਚ ਰੱਖਣ ਲਈ ਕਿਹਾ ਪਰ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸੁਖਮਨਜੀਤ ਸਿੰਘ ਨੇ ਮਾਮਲਾ ਸ਼ੱਕੀ ਹੋਣ ’ਤੇ ਬਿਨਾਂ ਪੁਲੀਸ ਨੂੰ ਸੂਚਿਤ ਕੀਤੇ ਲਾਸ਼ ਰੱਖਣ ਤੋਂ ਨਾਂਹ ਕਰ ਦਿੱਤੀ। ਇਸ ’ਤੇ ਉਹ ਵਾਪਸ ਚਲੇ ਗਏ ਅਤੇ ਬਾਅਦ ਵਿਚ ਸਾਢੇ ਕੁ 9 ਵਜੇ ਦੁਬਾਰਾ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਆ ਗਏ ਅਤੇ ਡਾਕਟਰ ਨਾਲ ਹੱਥੋ ਪਾਈ ਕੀਤੀ। ਡਾਕਟਰ ਨੇ ਐਮਰਜੈਂਸੀ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਗਾ ਕੇ ਆਪਣੀ ਜਾਨ ਬਚਾਈ। ਉਨ੍ਹਾਂ ਰਾਤ ਵੇਲੇ ਹੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਉਨ੍ਹਾਂ ਨੂੰ ਹੜਤਾਲ ਕਰਨੀ ਪਈ। ਇਸ ਮੌਕੇ ਪਹੁੰਚੇ ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਡਾਕਟਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਮਗਰੋਂ ਉਨ੍ਹਾਂ ਹੜਤਾਲ ਸਮਾਪਤ ਕੀਤੀ। ਸੂਤਰਾਂ ਅਨੁਸਾਰ ਪਿੰਡ ਦਮਨਹੇੜੀ ਵਿੱਚ ਬਿਜਲੀ ਦੀ ਕਿਸੇ ਨੰਗੀ ਤਾਰ ਨੂੰ ਛੂਹਣ ਨਾਲ ਪਿੰਡ ਦੇ ਇਕ 15 ਸਾਲਾਂ ਲੜਕੇ ਦੀ ਮੌਤ ਹੋ ਗਈ ਸੀ ਜਿਸ ਦੀ ਲਾਸ਼ ਮੁਰਦਾ ਘਰ ਵਿੱਚ ਰੱਖਣ ਲਈ ਪਿੰਡ ਦੇ ਨੌਜਵਾਨ ਆਏ ਸਨ, ਜਿਨ੍ਹਾਂ ਦੀ ਡਾਕਟਰਾਂ ਨਾਲ ਤਕਰਾਰ ਹੋ ਗਈ।