ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਕਰਕਾਂ ਵੱਲੋਂ ਹੜਤਾਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਸਤੰਬਰ
ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਠੇਕਾ ਵਰਕਰਜ਼ ਯੂਨੀਅਨ ਅਤੇ ਮਿਨੀ ਬੱਸ ਅਪਰੇਟਰਜ਼ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਾਉਣ ਵਾਸਤੇ ਅੱਜ ਹੜਤਾਲ ਕੀਤੀ ਗਈ, ਜਿਸ ਕਾਰਨ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਠੇਕਾ ਮੁਲਾਜ਼ਮ ਯੂਨੀਅਨ ਨੇ ਕਰੀਬ 3 ਵਜੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਪਰ ਸਰਕਾਰੀ ਬੱਸਾਂ ਦੀ ਆਵਾਜਾਈ ਸ਼ਾਮ 5ਵਜੇ ਤੋਂ ਬਾਅਦ ਹੀ ਸ਼ੁਰੂ ਹੋ ਸਕੀ। ਚੰਡੀਗੜ੍ਹ, ਦਿੱਲੀ, ਜੰਮੂ, ਗੰਗਾਨਗਰ ਅਤੇ ਹੋਰ ਥਾਵਾਂ ਨੂੰ ਜਾਣ ਵਾਲੀਆਂ ਲੰਬੇ ਰੂਟਾਂ ਦੀਆਂ ਬੱਸਾਂ ਸ਼ਾਮ ਨੂੰ ਆਪਣੇ ਨਿਰਧਾਰਤ ਸਮੇਂ ’ਤੇ ਰਵਾਨਾ ਹੋਈਆਂ।
ਸ਼ਹੀਦ ਮਦਨ ਲਾਲ ਢੀਂਗਰਾ ਅੰਤਰ ਰਾਜੀ ਬੱਸ ਅੱਡੇ ਤੇ ਲੋਕਾਂ ਨੇ ਦੱਸਿਆ ਕਿ ਸਰਕਾਰੀ ਬਸਾਂ ਬੰਦ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਬੈਠਣ ਲਈ ਮੁਸਾਫ਼ਿਰ ਆਪਸ ਵਿੱਚ ਭਿੜ ਰਹੇ ਸਨ। ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਅੰਮ੍ਰਿਤਸਰ ਡਿੱਪੂ-1 ਦੇ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰੀ ਪਨਬੱਸ ਅਤੇ ਪੀਆਰਟੀਸੀ ਬੱਸਾਂ ਦੇ ਕਰਮਚਾਰੀ ਹੜਤਾਲ ’ਤੇ ਹਨ ਅਤੇ ਅੱਜ ਇੱਥੇ ਵਰਕਸ਼ਾਪ ਵਿੱਚ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਪੰਜ ਫੀਸਦੀ ਦਾ ਵਾਧਾ, ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਨੌਕਰੀ ਤੋਂ ਕੱਢੇ ਗਏ 500 ਦੇ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਦੇਣ ਤੋਂ ਬਾਅਦ ਦੁਪਹਿਰ ਬਾਅਦ ਹੜਤਾਲ ਵਾਪਸ ਲੈ ਲਈ ਗਈ। ਦੂਜੇ ਪਾਸੇ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਮੈਂਬਰਾਂ ਨੇ ਚੋਗਾਵਾਂ ਨੇੜੇ ਪਿੰਡ ਕਲਿਆਂ ਵਾਲਾ ਵਿੱਚ ਧਰਨਾ ਦੇ ਕੇ ਵਾਹਨਾਂ ਦੀ ਆਵਾਜਾਈ ਠੱਪ ਕਰ ਦਿੱਤੀ। ਯੂਨੀਅਨ ਨੇ ਆਪਣੇ ਵਾਹਨਾਂ ਦੇ ਪਰਮਿਟ ਦੇ ਨਵੀਨੀਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੇ ਵਤੀਰੇ ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ‘ਬੱਸਾਂ ਦਾ ਚੱਕਾ ਜਾਮ’ ਵਿੱਚ ਸਰਗਰਮੀ ਨਾਲ ਭਾਗ ਲਿਆ| ਇਸ ‘ਚੱਕਾ ਜਾਮ’ ਕਰਨ ਦੇ ਸੱਦੇ ਵਿੱਚ ਰੋਡਵੇਜ ਦੇ ਮੁਲਾਜ਼ਮਾਂ ਨੇ ਭਾਗ ਨਹੀਂ ਲਿਆ| ਰੋਡਵੇਜ਼ ਦੇ ਤਰਨ ਤਾਰਨ ਡਿੱਪੂ ਦੇ ਪਨਬਸ ਮੁਲਾਜ਼ਮਾਂ ਨੇ ਅੱਜ ਆਪਣਾ ਕੰਮ ਨਾ ਬੰਦ ਕਰ ਕੇ ਰੋਡਵੇਜ਼ ਵਰਕਸ਼ਾਪ ਸਾਹਮਣੇ ਇਕ ਗੇਟ ਰੈਲੀ ਕੀਤੀ| ਮੁਲਾਜ਼ਮਾਂ ਨੇ ਪੱਟੀ ਡਿੱਪੂ ਦੇ ਗੇਟ ਸਾਹਮਣੇ ਵੀ ਰੈਲੀ ਕੀਤੀ|
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਪੱਧਰ ’ਤੇ ਹੋਏ ਫ਼ੈਸਲੇ ਮੁਤਾਬਕ ਅੱਜ ਹੁਸ਼ਿਆਰਪੁਰ ਵਿੱਚ ਵੀ ਪੀਆਰਟੀਸੀ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਹੜਤਾਲ ਕੀਤੀ। ਹੜਤਾਲ ਕਾਰਨ ਬੱਸ ਸੇਵਾ ਬੰਦ ਰਹੀ ਜਿਸ ਕਰ ਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਪ੍ਰਧਾਨ ਰਮਿੰਦਰ ਸਿੰਘ ਨੇ ਮੰਗ ਕੀਤੀ ਕਿ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰ ਕੇ ਬਣਦੇ ਭੱਤੇ ਦਿੱਤੇ ਜਾਣ ਅਤੇ ਮੰਨੀਆਂ ਮੰਗਾਂ ਨੂੰ ਤੁਰੰਤ ਅਮਲੀ ਰੂਪ ਦਿੱਤਾ ਜਾਵੇ।
ਪਠਾਨਕੋਟ (ਐਨ.ਪੀ. ਧਵਨ): ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਠੇਕਾ ਅਧਾਰਿਤ ਮੁਲਾਜ਼ਮਾਂ ਵੱਲੋਂ ਅੱਜ ਇੱਥੇ ਹੜਤਾਲ ਕਰ ਕੇ ਰੋਡਵੇਜ਼ ਡਿੱਪੂ ਮੂਹਰੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੁਖਵਿੰਦਰ ਸਿੰਘ, ਰਾਜ ਕੁਮਾਰ, ਗੁਰਮੀਤ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ, ਕਮਲ ਜੋਤੀ, ਜੋਗਿੰਦਰ ਪਾਲ, ਬਲਵਿੰਦਰ ਸਿੰਘ, ਰਾਕੇਸ਼ ਕੁਮਾਰ, ਸਿਮਰਨਜੀਤ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਮਾਮੂਲੀ ਕੇਸਾਂ ਵਿੱਚ ਬਰਖਾਸਤ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਅਤੇ ਸਰਕਾਰੀ ਬੇੜੇ ਵਿੱਚ 10 ਹਜ਼ਾਰ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣ।
ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ 29 ਨੂੰ
ਜਲੰਧਰ (ਹਤਿੰਦਰ ਮਹਿਤਾ): ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਇਸ ਦੌਰਾਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, 3 ਵਜੇ ਤੋਂ ਬਾਅਦ ਸਰਕਾਰ ਤੇ ਯੂਨੀਅਨ ਵਿਚਾਲੇ ਮੰਗਾਂ ਨੂੰ ਲੈ ਕੇ ਸਹਿਮਤੀ ਤੋਂ ਬਾਅਦ ਹੜਤਾਲ ਖਤਮ ਹੋ ਗਈ ਸੀ। ਹੜਤਾਲ ਦੌਰਾਨ ਵਰਕਰਾਂ ਨੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਲਗਾਏ ਤੇ ਗੇਟ ਰੈਲੀਆਂ ਕੀਤੀਆਂ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਹਰ ਵਾਰ ਲਾਰੇ ਲਾ ਕੈ ਪਿੱਛੇ ਹੱਟ ਜਾਂਦੀ ਹੈ। ਹੜਤਾਲ ਕਾਰਨ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਮੁਸਾਫਿਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪੀਏਪੀ ਚੌਕ ਅਤੇ ਰਾਮਾਂਮੰਡੀ ਤੋਂ ਬੱਸਾਂ ਫੜਨੀਆਂ ਪਈਆਂ। ਯੂਨੀਅਨ ਦੀ ਹੁਣ ਮੁੱਖ ਮੰਤਰੀ ਨਾਲ 29 ਸਤੰਬਰ ਨੂੰ ਮੀਟਿੰਗ ਰੱਖੀ ਗਈ ਹੈ।