ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ
ਨਿਰੰਜਣ ਬੋਹਾ
ਬੋਹਾ, 28 ਜੁਲਾਈ
ਬੋਹਾ ਬੱਸ ਸਟੈਂਡ ’ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸ਼ੈੱਡ ਲਗਾ ਕੇ ਕੀਤੇ ਨਜਾਇਜ ਕਬਜ਼ੇ ਹਟਾਉਣ ਲਈ ਸਖ਼ਤੀ ਵਰਤਦਿਆਂ ਅੱਜ ਪ੍ਰਸ਼ਾਸਨ ਵੱਲੋਂ ਜੇਸੀਬੀ ਰਾਹੀਂ ਇਹ ਕਬਜ਼ੇ ਹਟਾਉਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਬੁਢਲਾਡਾ ਦੇ ਐੱਸਡੀਐੱਮ ਸਾਗਰ ਸੇਤੀਆਂ ਨੇ ਕੁਝ ਦਨਿ ਪਹਿਲਾਂ ਬੱਸ ਅੱਡੇ ’ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਲਗਾਏ ਸ਼ੈੱਡ ਲਾਹੁਣ ਦੀ ਹਦਾਇਤ ਕੀਤੀ ਸੀ ਪਰ ਦੁਕਾਨਦਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਅੱਜ ਪਹਿਲਾਂ ਥਾਣਾ ਬੋਹਾ ਦੇ ਐੱਸਐੱਚਓ ਇੰਸਪੈਕਟਰ ਸੰਦੀਪ ਭਾਟੀ ਦੀ ਅਗਵਾਈ ਵਿੱਚ ਦੁਕਾਨਦਾਰਾਂ ਨੂੰ ਸ਼ੈੱਡ ਲਾਹੁਣ ਦੀ ਅਪੀਲ ਕੀਤੀ ਗਈ ਪਰ ਦੁਕਾਨਦਾਰਾਂ ਨੇ ਗਰਮੀ ਦੀ ਰੁੱਤ ਦਾ ਹਵਾਲਾ ਦੇਕੇ ਸ਼ੈੱਡ ਉਤਾਰਨ ਤੋਂ ਨਾਂਹ ਕਰ ਦਿੱਤੀ। ਬਾਅਦ ਦੁਪਿਹਰ ਐੱਸਡੀਐੱਮ ਸਾਗਰ ਸੇਤੀਆਂ ਨੇ ਮੌਕੇ ’ਤੇ ਪਹੁੰਚੇ ਕੇ ਜੇਸੀਬੀ ਮਸ਼ੀਨ ਰਾਹੀਂ ਸੰਕੇਤਕ ਰੂਪ ਵਿੱਚ ਨਾਜਾਇਜ਼ ਕਬਜ਼ੇ ਦੇ ਰੂਪ ਵਿੱਚ ਲਗਾਇਆ ਇੱਕ ਸ਼ੈੱਡ ਉਤਰਵਾ ਦਿੱਤਾ। ਇਸ ਮੌਕੇ ਦੁਕਾਨਦਾਰਾਂ ਨੇ ਐੱਸਡੀਐੱਮ ਸਾਗਰ ਸੇਤੀਆਂ ਤੋਂ ਸ਼ੈੱਡ ਲਾਹੁਣ ਲਈ ਕੁਝ ਸਮਾਂ ਮੰਗਿਆ ਤਾਂ ਉਨ੍ਹਾਂ ਨੇ ਦੁਕਾਨਦਾਰਾਂ ਦੀ ਮੰਗ ਪ੍ਰਵਾਨ ਕਰਦਿਆਂ 29 ਜੁਲਾਈ ਦਨਿੇ ਦੋ ਵਜੇ ਤੱਕ ਸਾਰੇ ਸ਼ੈੱਡ ਲਾਹੁਣ ਦੀ ਮੰਗ ਪ੍ਰਵਾਨ ਕਰ ਲਈ।
ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇ ਨਿਸ਼ਚਤ ਸਮੇਂ ਤੱਕ ਦੁਕਾਨਦਾਰਾਂ ਨੇ ਨਾਜਾਇਜ਼ ਕਬਜੇ ਨਾ ਹਟਾਏ ਤਾਂ ਪ੍ਰਸ਼ਾਸਨ ਆਪਣੇ ਤੌਰ ’ਤੇ ਕਬਜ਼ੇ ਦੂਰ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਵੇਗਾ। ਸ਼ੈੱਡ ਢਾਹੁਣ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਤਣਾਓ ਦੀ ਸਥਿਤੀ ਬਣੀ ਹੋਈ ਹੈ।