For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

06:37 AM Jun 04, 2024 IST
ਮੁਹਾਲੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 3 ਜੂਨ
ਪੰਜਾਬ ਵਿੱਚ ਬੀਤੀ 1 ਜੂਨ ਨੂੰ ਲੋਕ ਸਭਾ ਚੋਣਾਂ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮੁਹਾਲੀ ਅਤੇ ਖਰੜ ਦੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿੱਚ ਗਿਣਤੀ ਨਿਗਰਾਨ ਮੁਹੰਮਦ ਆਵੇਸ਼ ਦੀ ਦੇਖ-ਰੇਖ ਵਿੱਚ ਕੀਤੀ ਜਾਵੇਗੀ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 8 ਵਜੇ ਸ਼ੁਰੂ ਹੋਵੇਗੀ ਜਦੋਂਕਿ ਲੋਕ ਸਭਾ ਹਲਕਾ ਪਟਿਆਲਾ ਅਧੀਨ ਪੈਂਦੇ ਜ਼ੀਰਕਪੁਰ, ਡੇਰਾਬੱਸੀ, ਲਾਲੜੂ ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗਿਣਤੀ ਕੇਂਦਰ ਵਿੱਚ ਹੋਵੇਗੀ। ਗਿਣਤੀ ਟੀਮਾਂ ਨੂੰ ਸਵੇਰੇ 5 ਵਜੇ ਗਿਣਤੀ ਕੇਂਦਰਾਂ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿੱਥੇ ਟੀਮਾਂ ਨੂੰ ਗਿਣਤੀ ਟੇਬਲ ਅਲਾਟ ਕਰਨ ਲਈ ਰੈਂਡਮਾਈਜ਼ੇਸ਼ਨ ਦਾ ਇੱਕ ਹੋਰ ਅੰਤਿਮ ਸੈਸ਼ਨ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗਿਣਤੀ ਕੇਂਦਰ ਇਮਾਰਤ ਵਿੱਚ ਮੀਡੀਆ ਸੈਂਟਰ ਬਣਾਇਆ ਗਿਆ ਹੈ। ਗਿਣਤੀ ਹਾਲ ਦੇ ਅੰਦਰ ਮੋਬਾਈਲ/ਆਈ-ਪੈਡ, ਲੈਪਟਾਪ ਅਤੇ ਹੋਰ ਸਮਾਨ ਜਿਵੇਂ ਇਲੈਕਟ੍ਰਾਨਿਕ ਯੰਤਰ ਜਾਂ ਕੋਈ ਰਿਕਾਰਡਿੰਗ ਯੰਤਰ ਨਹੀਂ ਲਿਜਾਇਆ ਜਾਵੇਗਾ। ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੀਡੀਆ ਰੂਮ/ਪਬਲਿਕ ਕਮਿਊਨੀਕੇਸ਼ਨ ਰੂਮ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਕੁੱਲ ਦੋ ਗਿਣਤੀ ਹਾਲ ਬਣਾਏ ਗਏ ਹਨ। ਹਰ ਗਿਣਤੀ ਹਾਲ ਵਿੱਚ 14 ਗਿਣਤੀ ਟੇਬਲ ਹੋਣਗੇ। ਹਰ ਟੇਬਲ ’ਤੇ ਗਿਣਤੀ ਸੁਪਰਵਾਈਜ਼ਰ, ਇੱਕ ਗਿਣਤੀ ਅਸਿਸਟੈਂਟ, ਗਿਣਤੀ ਸਟਾਫ/ਗਰੁੱਪ ‘ਡੀ’ ਕਰਮਚਾਰੀ ਅਤੇ ਇੱਕ ਮਾਈਕ੍ਰੋ ਆਬਜ਼ਰਵਰ ਡਿਊਟੀ ’ਤੇ ਹੋਣਗੇ। ਹਰ ਹਲਕੇ ਨੂੰ 14 ਗਿਣਤੀ ਟੇਬਲਾਂ ਦੇ ਮੁਕਾਬਲੇ 5 ਰਾਖਵੀਂਆਂ ਟੀਮਾਂ ਸਣੇ 19- 19 ਟੀਮਾਂ ਦੀ ਵੰਡ ਕੀਤੀ ਗਈ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ ਵਿਅਕਤੀ ਹੀ ਗਿਣਤੀ ਕੇਂਦਰਾਂ ਵਿੱਚ ਦਾਖ਼ਲ ਹੋ ਸਕੇਗਾ। ਵੋਟਾਂ ਦੀ ਗਿਣਤੀ ਦੀ ਸਰਕਾਰੀ ਤੌਰ ’ਤੇ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਗਿਣਤੀ ਏਜੰਟ, ਜਿਨ੍ਹਾਂ ਨੂੰ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ, ਆਪਣੀਆਂ ਨਿਰਧਾਰਿਤ ਸੀਟਾਂ ’ਤੇ ਹੀ ਬੈਠਣਗੇ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਗਿਣਤੀ ਕੇਂਦਰ ਵਿੱਚ ਮੋਬਾਈਲ ਨਹੀਂ ਲਿਜਾ ਸਕੇਗਾ। ਇਹੀ ਨਹੀਂ ਗਿਣਤੀ ਕੇਂਦਰ ਦੀ ਇਮਾਰਤ ਵਿੱਚ ਕਿਸੇ ਵੀ ਵਾਹਨ ਦੇ ਦਾਖ਼ਲੇ ’ਤੇ ਪਾਬੰਦੀ ਹੋਵੇਗੀ।
ਡੀਸੀ ਨੇ ਸਪੱਸ਼ਟ ਕੀਤਾ ਕਿ ਗਿਣਤੀ ਹਾਲ ਅੰਦਰ ਅਧਿਕਾਰਤ ਰਿਕਾਰਡਿੰਗ ਲਈ ਸਰਕਾਰੀ ਵੀਡੀਓ ਕੈਮਰਿਆਂ ਤੋਂ ਇਲਾਵਾ ਕੋਈ ਵੀ ਸਟਿੱਲ ਜਾਂ ਵੀਡੀਓ ਕੈਮਰਿਆਂ ਦੀ ਇਜਾਜ਼ਤ ਨਹੀਂ ਹੈ।

Advertisement

ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ

ਖਰੜ (ਸ਼ਸ਼ੀ ਪਾਲ ਜੈਨ): ਜ਼ਿਲ੍ਹਾ ਚੋਣ ਅਫ਼ਸਰ ਮੁਹਾਲੀ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੀ ਗਿਣਤੀ ਦੀ ਅੰਤਿਮ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਭਲਕੇ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿੱਚ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਪਾਰਦਰਸੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਡਿਪਟੀ ਕਮਿਸ਼ਨਰ ਨੇ ਗਿਣਤੀ ਦੀਆਂ ਤਿਆਰੀਆਂ ਲਈ ਤਾਇਨਾਤ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਪੁਲੀਸ ਵੱਲੋਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ

ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਭਲਕੇ ਮੰਗਲਵਾਰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਨੂੰ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਰਥਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਦੀ ਗਿਣਤੀ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਵਿੱਚ ਪੁਲੀਸ ਨੂੰ ਸਹਿਯੋਗ ਦੇਣ।

Advertisement
Author Image

Advertisement
Advertisement
×