ਹਾਟ ਮਿਕਸ ਪਲਾਂਟ ਕਾਰਨ ਅੱਟੀ ਵਿੱਚ ਤਣਾਅ
ਸਰਬਜੀਤ ਗਿੱਲ
ਫਿਲੌਰ, 27 ਨਵੰਬਰ
ਪਿੰਡ ਅੱਟੀ ਦੀ ਖੇਤੀਬਾੜੀ ਜ਼ਮੀਨ ’ਚ ਅਤੇ ਪੇਂਡੂ ਖੇਤਰ ਵਿੱਚ ਲੱਗ ਰਹੇ ਹਾਟ ਮਿਕਸ ਪਲਾਂਟ ਨੂੰ ਲੈ ਕੇ ਦੋਵੋਂ ਧਿਰਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਰਿਹਾ। ਪਿੰਡ ਵਾਸੀਆਂ ਅਨੁਸਾਰ ਪਹਿਲਾਂ ਥਾਣਾ ਮੁਖੀ ਨੇ ਉਨ੍ਹਾਂ ਨੂੰ ਥਾਣੇ ਬੁਲਾ ਕੇ ਕਥਿਤ ਤੌਰ ’ਤੇ ਪਰਚੇ ਆਦਿ ਕਰਨ ਦੀ ਧਮਕੀ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਟ ਮਿਕਸ ਪਲਾਂਟ ਦੇ ਮਾਲਕ ਵੱਲੋਂ ਸੀਐੱਲਯੂ ਦੀ ਅਪਲਾਈ ਕੀਤੀ ਅਰਜ਼ੀ ਨੂੰ ਮਨਜ਼ੂਰੀ ਦੱਸ ਕੇ ਬੰਦ ਰਸਤੇ ਖੋਲ੍ਹ ਦੇਣ ਲਈ ਕਿਹਾ ਗਿਆ ਸੀ। ਪਿੰਡ ਵਾਸੀਆਂ ਨੇ ਇਸ ਪਲਾਂਟ ਦੇ ਇਕ ਪਾਸੇ ਦੇ ਰਸਤੇ ਨੂੰ ਇਹ ਕਹਿ ਕੇ ਬੰਦ ਕੀਤਾ ਹੋਇਆ ਹੈ ਕਿ ਇਹ ਖੇਤਾਂ ਨੂੰ ਜਾਣ ਵਾਲਾ ਰਸਤਾ ਹੈ ਅਤੇ ਇਧਰੋਂ ਕਮਰਸ਼ੀਅਲ ਵਾਹਨ ਨਹੀਂ ਲੰਘਾਏ ਜਾ ਸਕਦੇ। ਦੂਜੇ ਪਾਸੇ ਦੇ ਕੱਚੇ ਰਸਤੇ ਵਿੱਚ ਟੋਏ ਪੁੱਟ ਦਿੱਤੇ ਤਾਂ ਜੋ ਕੋਈ ਵਾਹਨ ਨਾ ਲੰਘੇ। ਪਤਾ ਲੱਗਿਆ ਕਿ ਕੱਚਾ ਰਸਤਾ ਕਿਸਾਨਾਂ ਨੇ ਆਪਣੀ ਮਰਜ਼ੀ ਨਾਲ ਛੱਡਿਆ ਹੋਇਆ ਹੈ, ਕਾਗਜ਼ਾਂ ਵਿੱਚ ਇਸ ਰਸਤੇ ਦੀ ਕੋਈ ਹੋਂਦ ਨਹੀਂ ਹੈ।
ਅੱਜ ਸਵੇਰੇ ਪਲਾਂਟ ਮਾਲਕ, ਕਿਸਾਨ ਆਗੂਆਂ ਅਤੇ ਪੰਚਾਇਤ ਦਰਮਿਆਨ ਗੱਲਬਾਤ ਵੀ ਹੋਈ। ਇਸ ਦੌਰਾਨ ਹਾਂਟ ਮਿਕਸ ਦੇ ਮਾਲਕ ਪਿੰਡ ਵਾਸੀਆਂ ਨੂੰ ਇਹ ਪਲਾਂਟ ਦਸੰਬਰ ਤੱਕ ਚਲਾਉਣ ਦੀ ਮੰਗ ਕਰ ਰਹੇ ਸਨ ਪਰ ਪਿੰਡ ਵਾਸੀ ਅਤੇ ਕਿਸਾਨ ਆਗੂ ਕਿਸੇ ਵੀ ਕੀਮਤ ’ਤੇ ਇਹ ਪਲਾਂਟ ਚੱਲਣ ਦੇਣ ਦੀ ਇਜ਼ਾਜਤ ਨਹੀਂ ਦੇ ਰਹੇ ਸਨ। ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ ਢਿੱਲੋਂ ਅਤੇ ਜਸਵੀਰ ਸਿੰਘ ਸਹੋਤਾ ਨੇ ਕਿਹਾ ਕਿ ਜੇ ਫਿਲੌਰ ਪ੍ਰਸ਼ਾਸਨ ਨੇ ਪਰਚੇ ਕਰਨੇ ਹਨ ਤਾਂ ਇਥੇ ਆ ਕੇ ਉਨ੍ਹਾਂ ’ਤੇ ਕਰਨ ਅਤੇ ਉਹ ਪਿੰਡ ਦਾ ਕਿਸਾਨੀ ਰਾਹ ਕਮਰਸ਼ੀਅਲ ਵਰਤੋਂ ਤੋਂ ਰੋਕਣ ਲਈ ਬੈਠੇ ਹਨ। ਕਿਸਾਨ ਆਗੂ ਪ੍ਰਸ਼ਾਸ਼ਨ ’ਤੇ ਦੋਸ਼ ਲਗਾ ਰਹੇ ਸਨ ਕਿ ਇੱਕ ਅਪਲਾਈ ਕੀਤੀ ਅਰਜ਼ੀ ਦੇ ਆਧਾਰ ’ਤੇ ਕਿਵੇਂ ਉਸਾਰੀ ਹੋ ਰਹੀ ਹੈ।
ਥਾਣਾ ਮੁਖੀ ਦੀ ਆਮਦ ਕਾਰਨ ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪਈ
ਪਿੰਡ ਵਾਸੀਆਂ ਨੂੰ ਸ਼ਾਮ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਥਾਣਾ ਮੁਖੀ ਭਾਰੀ ਫੋਰਸ ਲੈ ਕੇ ਪੁੱਜ ਗਏ। ਇਸ ਦੌਰਾਨ ਪਿੰਡ ਦੇ ਕਿਸਾਨਾਂ ਵੱਲੋਂ ਆਪਣੀ ਜ਼ਮੀਨ ’ਚੋਂ ਛੱਡੇ ਰਾਹ ਵਿੱਚ ਕੱਢੇ ਟੋਏ ਨੂੰ ਭਰਨ ਲਈ ਪਲਾਂਟ ਮਾਲਕ ਖੁਦ ਨੈਸ਼ਨਲ ਹਾਈਵੇਅ ਦੀ ਜੇਸੀਵੀ ਚਲਾ ਕੇ ਅੱਗੇ ਆ ਗਿਆ। ਇਸ ਮੌਕੇ ਉਸ ਨੇ ਅੱਗੇ ਆ ਰਹੇ ਪਿੰਡ ਵਾਸੀਆਂ ’ਤੇ ਕਥਿਤ ਤੌਰ ’ਤੇ ਮਸ਼ੀਨ ਚਾੜ੍ਹਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਇਲਾਕੇ ਦੇ ਕਿਸਾਨ ਆਗੂ ਇਕੱਠੇ ਹੋ ਗਏ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਜਸਵੀਰ ਸਿੰਘ ਸ਼ੀਰਾ, ਸੁੱਚਾ ਰਾਮ ਨੰਬਰਦਾਰ, ਪਿੰਡ ਪੰਚਾਇਤ ਵੱਲੋਂ ਦੱਸਿਆ ਗਿਆ ਕਿ ਇਹ ਆਮ ਰਾਸਤਾ ਨਹੀਂ ਹੈ ਤਾਂ ਥਾਣਾ ਮੁਖੀ ਨੇ ਰੌਲੇ ਰੱਪੇ ਦੌਰਾਨ ਭਰਿਆ ਟੋਇਆ ਫਿਰ ਤੋਂ ਪੁਟਵਾਇਆ। ਥਾਣਾ ਮੁਖੀ ਸੰਜੀਵ ਕਪੂਰ ਨੇ ਕਿਹਾ ਕਿ ਕਿਸਾਨ ਰਸਤੇ ਨੂੰ ਪੁੱਟ ਰਹੇ ਸਨ, ਜਿਸ ਸਬੰਧੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਨਾ ਟੋਆ ਪੁਟਵਾਇਆ ਤੇ ਨਾ ਭਰਵਾਇਆ ਹੈ।