ਐੱਮਡੀ ਵੱਲੋਂ ਗੰਨੇ ਦੀ ਪਿੜਾਈ ਸੀਜ਼ਨ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ
ਸੁਰਜੀਤ ਮਜਾਰੀ
ਨਵਾਂਸ਼ਹਿਰ, 27 ਨਵੰਬਰ
ਇੱਥੇ ਅੱਜ ਨਵਾਂਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਦਾ ਦੌਰਾ ਕਰਦਿਆਂ ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ, ਖਾਸ ਕਰਕੇ ਸਾਡੇ ਗੰਨਾ ਕਾਸ਼ਤਕਾਰਾਂ ਲਈ ਬਿਨਾਂ ਕਿਸੇ ਮੁਸ਼ਕਿਲ ਅਤੇ ਨਿਰਵਿਘਨ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਜਨਰਲ ਮੈਨੇਜਰਾਂ ਨੂੰ ਗੰਨੇ ਦੇ ਕਾਸ਼ਤਕਾਰਾਂ ਲਈ ਸਫਲ ਪਿੜਾਈ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 2024-25 ਦੇ ਸੀਜ਼ਨ ਦੌਰਾਨ ਸੂਬੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵੱਲੋਂ ਲਗਪਗ 230 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਗੰਨਾ ਮਿੱਲਾਂ ਨਵਾਂਸ਼ਹਿਰ 29 ਨਵੰਬਰ ਤੋਂ, ਗੁਰਦਾਸਪੁਰ 30 ਨਵੰਬਰ ਤੋਂ ਅਤੇ ਅਜਨਾਲਾ 1 ਦਸੰਬਰ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ ਭੋਗਪੁਰ ਤੇ ਬੁੱਢੇਵਾਲ ਮਿੱਲਾਂ 2 ਦਸੰਬਰ ਅਤੇ ਮੋਰਿੰਡਾ ਅਤੇ ਨਕੋਦਰ ਮਿੱਲਾਂ 3 ਦਸੰਬਰ ਨੂੰ ਪਿੜਾਈ ਸ਼ੁਰੂ ਕਰਨਗੀਆਂ ਜਦਕਿ ਬਟਾਲਾ 5 ਦਸੰਬਰ ਅਤੇ ਫਾਜ਼ਿਲਕਾ 10 ਦਸੰਬਰ ਤੋਂ ਸ਼ੁਰੂ ਹੋਣਗੀਆਂ। ਡਾ. ਦੁੱਗਲ ਨੇ ਨਿਰਦੇਸ਼ ਦਿੱਤੇ ਕਿ ਸਬੰਧਤ ਫੀਲਡ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਮੁੱਚੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਸਪਲਾਈ ਕੈਲੰਡਰ ਅਨੁਸਾਰ ਪਰਚੀਆਂ ਜਾਰੀ ਕੀਤੀਆਂ ਜਾਣ ਅਤੇ ਇਹ ਪਰਚੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਪਹੁੰਚਾਈਆਂ ਜਾਣ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ, ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਹਰੀਪਾਲ ਸਿੰਘ ਜਾਡਲੀ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਲਿੱਧੜ, ਸੁਰਿੰਦਰ ਕੌਰ, ਕਸ਼ਮੀਰ ਸਿੰਘ, ਸੋਹਣ ਸਿੰਘ ਉੱਪਲ, ਵਰਕਰਜ਼ ਫੈਡਰੇਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।