ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਵਾਰਾ ਕੁੱਤਿਆਂ ਨੇ ਜੰਗਲੀ ਜਾਨਵਰ ਮਾਰੇ
ਅਪਰਨਾ ਬੈਨਰਜੀ
ਜਲੰਧਰ, 29 ਅਕਤੂਬਰ
ਪੰਜਾਬ ’ਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਆਵਾਰਾ ਕੁੱਤਿਆਂ ਵੱਲੋਂ ਜੰਗਲੀ ਜਾਨਵਰਾਂ ’ਤੇ ਹਮਲੇ ਕਰਨ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ ਤੇ ਆਵਾਰਾ ਕੁੱਤੇ ਇਨ੍ਹਾਂ ਜੀਵਾਂ ਨੂੰ ਮਾਰ ਰਹੇ ਹਨ ਹਾਲਾਂਕਿ ਸੂਬੇ ਵਿੱਚ ਜੰਗਲੀ ਜੀਵਾਂ ਦੀ ਘਟਦੀ ਗਿਣਤੀ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਆਵਾਰਾ ਕੁੱਤੇ ਪਿਛਲੇ ਛੇ ਮਹੀਨੇ ਵਿਚ 20 ਦੇ ਕਰੀਬ ਸਾਂਭਰ ਤੇ ਨੀਲ ਗਊਆਂ ਨੂੰ ਮਾਰ ਕੇ ਖਾ ਗਏ ਹਨ। ਇਸ ਤੋਂ ਇਲਾਵਾ ਨਿਓਲਿਆਂ, ਗਿੱਦੜਾਂ, ਮੋਰਾਂ, ਤਿੱਤਰਾਂ ਤੇ ਜੰਗਲੀ ਕਿਰਲੀਆਂ ਨੂੰ ਵੀ ਵੱਡੇ ਪੱਧਰ ’ਤੇ ਮਾਰਿਆ ਜਾ ਰਿਹਾ ਹੈ ਪਰ ਇਸ ਦੇ ਸਰਕਾਰੀ ਅੰਕੜੇ ਹਾਸਲ ਨਹੀਂ ਹੋਏ। ਜ਼ਿਕਰਯੋਗ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ 130 ਕਿਲੋਮੀਟਰ ਲੰਮੇ ਖੇਤਰ ਵਿੱਚ ਫੈਲੀਆਂ ਹੋਈਆਂ ਹਨ।
ਇਨ੍ਹਾਂ ਪਹਾੜੀਆਂ ਵਿੱਚ ਦੋ ਦਹਾਕੇ ਪਹਿਲਾਂ ਤੱਕ ਭੂਰਾ ਗਿੱਦੜ ਤੇ ਜੰਗਲੀ ਕਿਰਲੀ ਆਮ ਵਿਖਾਈ ਦਿੰਦੀ ਸੀ ਪਰ ਹੁਣ ਇਨ੍ਹਾਂ ਜੀਵਾਂ ਨੂੰ ਕਦੇ ਹੀ ਦੇਖਿਆ ਜਾਂਦਾ ਹੈ। ਜੰਗਲਾਤ ਮਾਹਿਰ ਤਾਂ ਦੱਸਦੇ ਹਨ ਕਿ ਇਹ ਪ੍ਰਜਾਤੀਆਂ ਲੁਪਤ ਹੋਣ ਦੇ ਕੰਢੇ ਹਨ। ਇਕ ਸੀਨੀਅਰ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਹਾੜੀ ਖੇਤਰਾਂ ਵਿਚ ਮਨੁੱਖਾਂ ਦਾ ਦਖ਼ਲ ਤੇ ਸ਼ਿਕਾਰ ਵਧਣ ਕਾਰਨ ਜੰਗਲੀ ਜੀਵਾਂ ਦਾ ਵੱਡੇ ਪੱਧਰ ’ਤੇ ਘਾਣ ਹੋ ਰਿਹਾ ਹੈ। ਇਸ ਤੋਂ ਇਲਾਵਾ ਜੰਗਲੀ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਜੰਗਲੀ ਜੀਵਾਂ ਦੀ ਹੋਂਦ ਖਤਰੇ ਵਿਚ ਹੈ। ਇਹ ਆਵਾਰਾ ਕੁੱਤੇ ਇਨ੍ਹਾਂ ਜੀਵਾਂ ਨੂੰ ਖਾ ਰਹੇ ਹਨ। ਅਸਿਸਟੈਂਟ ਸਬ ਇੰਸਪੈਕਟਰ ਤੇ ਵਣਾਂ ਦੀ ਸਾਂਭ ਸੰਭਾਲ ਕਰਨ ਵਾਲੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਅਕਸਰ ਤਲਵਾੜਾ ਤੇ ਮੁਕੇਰੀਆਂ ਦੇ ਜੰਗਲਾਤ ਖੇਤਰ ਵਿੱਚ ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਈ ਵਾਰ ਆਵਾਰਾ ਕੁੱਤਿਆਂ ਨੂੰ ਨਿਓਲਿਆਂ, ਜੰਗਲੀ ਕਿਰਲੀ, ਜੰਗਲੀ ਬਿੱਲੀ ਤੇ ਹੋਰ ਜੀਵਾਂ ਦਾ ਸ਼ਿਕਾਰ ਕਰਦਿਆਂ ਦੇਖਿਆ ਹੈ। ਇਕ ਵਾਰ ਆਵਾਰਾ ਕੁੱਤਿਆਂ ਵੱਲੋਂ ਨਿਓਲੇ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਤੇ ਉਸ ਨੇ ਇਸ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਪਰ ਆਵਾਰਾ ਕੁੱਤਿਆਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਥੇ ਰਾਤ ਨੂੰ ਅਕਸਰ ਗਿੱਦੜ ਦਿਖਾਈ ਦਿੰਦੇ ਸਨ ਪਰ ਹੁਣ ਇਹ ਵੇਖਣ ਨੂੰ ਹੀ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਤਲਵਾੜਾ ਤੇ ਮੁਕੇਰੀਆਂ ਵਿਚ ਪਿਛਲੇ ਛੇ ਮਹੀਨਿਆਂ ਵਿਚ 20 ਜੀਵਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਮਾਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਨਵਾਂਸ਼ਹਿਰ ਦੇ ਜੰਗਲੀ ਜੀਵ ਰੱਖਿਆ ਅਧਿਕਾਰੀ ਨਿਖਿਲ ਸੈਂਗਰ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ ਆਵਾਰਾ ਕੁੱਤਿਆਂ ਨੂੰ ਇੱਕ ਸਾਂਭਰ ਦਾ ਸ਼ਿਕਾਰ ਕਰਦਿਆਂ ਦੇਖਿਆ ਹੈ। ਅਜਿਹਾ ਵਰਤਾਰਾ ਹੋਰ ਥਾਵਾਂ ’ਤੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਸ ਮਾਮਲੇ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ ਤੇ ਇਸ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।
ਕੁੱਤਿਆਂ ਦੇ ਹਮਲਿਆਂ ਬਾਰੇ ਕੋਈ ਜਾਣਕਾਰੀ ਨਹੀਂ: ਅਧਿਕਾਰੀ
ਪੰਜਾਬ ਦੇ ਚੀਫ ਵਾਈਲਡ ਲਾਈਫ ਵਾਰਡਨ ਧਰਮਿੰਦਰ ਸ਼ਰਮਾ ਨੇ ਆਖਿਆ ਕਿ ਬਹੁਤ ਘੱਟ ਵਾਰ ਅਜਿਹਾ ਹੁੰਦਾ ਹੈ ਕਿ ਆਵਾਰਾ ਕੁੱਤੇ ਜੰਗਲੀ ਜਾਨਵਰਾਂ ’ਤੇ ਇਸ ਤਰ੍ਹਾਂ ਦੇ ਹਮਲੇ ਕਰਨ। ਉਨ੍ਹਾਂ ਆਖਿਆ ਕਿ ਉਨ੍ਹਾਂ ਅਜਿਹਾ ਕਦੇ ਨਹੀਂ ਸੁਣਿਆ ਕਿ ਆਵਾਰਾ ਕੁੱਤਿਆਂ ਨੇ ਨਿਓਲਿਆਂ ਤੇ ਹੋਰ ਜੰਗਲੀ ਜਾਨਵਰਾਂ ’ਤੇ ਹਮਲਾ ਕੀਤਾ ਹੈ ਜੋ ਉਨ੍ਹਾਂ ਨਾਲੋਂ ਵੱਡੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਧਿਆਨ ਵਿੱਚ ਵੀ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਉਹ ਇਸ ਮਾਮਲੇ ਦੀ ਘੋਖ ਕਰਨਗੇ।