ਕਹਾਣੀਆਂ
ਜੈਲਾ
ਰਾਜਿੰਦਰ ਜੈਦਕਾ
ਪਰਮਜੀਤ ਕੌਰ ਪੰਮੀ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਹੁਣ ਪੰਮੀ ਇਕੱਲੀ ਰਹਿੰਦੀ ਸੀ। ਉਸ ਦਾ ਇੱਕੋ ਇੱਕ ਪੁੱਤਰ ਸੁਧੀਰ ਦਿੱਲੀ ਕੰਮ ਕਰਦਾ ਸੀ। ਆਪਣੇ ਪਿਤਾ ਗੁਰਮੇਲ ਸਿੰਘ ਦੇ ਭੋਗ ਵਾਲੇ ਦਿਨ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਸ ਨੇ ਹੁਣ ਬੰਗਲੌਰ ਨੌਕਰੀ ਕਰ ਲਈ ਹੈ ਤੇ ਛੇਤੀ ਹੀ ਉਹ ਕੈਨੇਡਾ ਵੀ ਚਲਾ ਜਾਵੇਗਾ। ਉਹ ਆਪਣੀ ਮਾਂ ਨੂੰ ਕੁਝ ਪੈਸੇ ਦੇ ਗਿਆ। ਪੈਸਾ ਹੌਲੀ ਹੌਲੀ ਖ਼ਤਮ ਹੁੰਦਾ ਗਿਆ। ਪੰਮੀ ਨੇ ਨੌਕਰੀ ਕਰਨੀ ਚਾਹੀ, ਪਰ ਨੌਕਰੀ ਨਾ ਮਿਲੀ। ਉਸ ਨੇ ਆਪਣੇ ਘਰ ਵਿੱਚ ਚਾਹ ਦੀ ਦੁਕਾਨ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਉਸ ਦਾ ਘਰ ਸੜਕ ਉੱਪਰ ਗਲੀ ਦੇ ਮੋੜ ’ਤੇ ਸੀ। ਉਸ ਦਾ ਗੁਜ਼ਾਰਾ ਚੰਗਾ ਹੋਣ ਲੱਗ ਗਿਆ।
ਗਲੀ ਦੇ ਆਖ਼ਰ ਵਿੱੱਚ ਸੁਰਿੰਦਰ ਸਿੰਘ ਦਾ ਮਕਾਨ ਸੀ। ਉਸ ਦਾ ਪੁੱਤਰ ਜਰਨੈਲ ਸਿੰਘ ਜੈਲਾ ਵੀ ਸੁਧੀਰ ਦਾ ਹਾਣੀ ਹੀ ਸੀ। ਜੈਲਾ ਮਿੱਲ ਵਿੱਚ ਨੌਕਰੀ ਕਰਦਾ ਸੀ ਜਦੋਂਕਿ ਸੁਰਿੰਦਰ ਸਿੰਘ ਹੁਣੇ ਹੀ ਸੇਵਾਮੁਕਤ ਹੋਇਆ ਸੀ। ਉਸ ਨੂੰ ਪੈਨਸ਼ਨ ਆਉਂਦੀ ਸੀ। ਇੱਕ ਦਿਨ ਬਿਮਾਰੀ ਕਾਰਨ ਜੈਲੇ ਦੀ ਮਾਂ ਮਰ ਗਈ। ਜੈਲੇ ਤੇ ਉਸ ਦੇ ਪਿਤਾ ਸੁਰਿੰਦਰ ਸਿੰਘ ਨੂੰ ਰੋਟੀ ਬਣਾਉਣੀ ਪੈਂਦੀ ਸੀ। ਭਾਵੇਂ ਉਨ੍ਹਾਂ ਨੂੰ ਰੋਟੀ ਬਣਾਉਣੀ ਨਹੀਂ ਸੀ ਆਉਂਦੀ ਫਿਰ ਵੀ ਉਹ ਢਿੱਡ ਭਰੀ ਜਾ ਰਹੇ ਸਨ। ਘਰ ਦਾ ਝਾੜੂ ਪੋਚਾ ਸੁਰਿੰਦਰ ਸਿੰਘ ਨੂੰ ਕਰਨਾ ਪੈਂਦਾ ਸੀ। ਐਤਵਾਰ ਦਾ ਦਿਨ ਸੀ। ਸੁਰਿੰਦਰ ਸਿੰਘ ਨੇ ਦਾਲ ਬਣਾਈ ਜੋ ਜਲ ਗਈ। ਜੈਲੇ ਨੂੰ ਰੋਟੀ ਭੋਰਾ ਸੁਆਦ ਨਾ ਲੱਗੀ। ਘਰੋਂ ਨਿਕਲ ਕੇ ਉਹ ਪੰਮੀ ਆਂਟੀ ਦੀ ਦੁਕਾਨ ’ਤੇ ਚਾਹ ਪੀਣ ਬੈਠ ਗਿਆ। ਚਾਹ ਪੀਂਦੇ-ਪੀਂਦੇ ਉਸ ਨੇ ਗੱਲ ਕੀਤੀ ਕਿ ਅੱਜ ਬਾਪੂ ਨੇ ਦਾਲ ਸਾੜ ਦਿੱਤੀ। ਰੋਟੀ ਭੋਰਾ ਸੁਆਦ ਨਹੀਂ ਲੱਗੀ।
ਪੰਮੀ ਨੇ ਤੁਰੰਤ ਘਰ ਅੰਦਰੋਂ ਥਾਲੀ ਵਿੱਚ ਰੋਟੀ ਪਾ ਕੇ ਜੈਲੇ ਅੱਗੇ ਰੱਖਦਿਆਂ ਕਿਹਾ ਕਿ ‘‘ਲੈ ਪੁੱਤ ਰੋਟੀ ਖਾ ਲੈ।’’
‘‘ਮੈਂ ਤਾਂ ਬਸ ਚਾਹ ਹੀ ਪੀਣੀ ਹੈ, ਨਾਲੇ ਹੁਣ ਮੈਨੂੰ ਭੁੱਖ ਨਹੀਂ।’’ ਜੈਲੇ ਨੇ ਕਿਹਾ।
‘‘ਤੂੰ ਮੇਰੇ ਪੁੱਤ ਸੁਧੀਰ ਵਰਗਾ ਏਂ। ਚੱਲ ਖਾ ਰੋਟੀ।’’ ਪੰਮੀ ਬੋਲੀ।
ਗੱਲਾਂ ਕਰਦਿਆਂ ਪੰਮੀ ਨੇ ਦੱਸਿਆ ਕਿ ਸੁਧੀਰ ਜਦੋਂ ਦਾ ਗਿਆ ਹੈ ਕੋਈ ਖ਼ਤ ਜਾਂ ਪਤਾ ਨਹੀਂ ਮਿਲਿਆ। ਉਹ ਕਿੱਥੇ ਹੈ? ਕੀ ਕਰਦਾ ਹੈ? ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ।
‘‘ਕਿਤੇ ਕੁਝ ਹੋ ਨਾ ਗਿਆ ਹੋਵੇ।’’ ਜੈਲੇ ਨੇ ਸ਼ੰਕਾ ਜ਼ਾਹਿਰ ਕੀਤੀ।
ਪੰਮੀ ਬੋਲੀ ਕਿ ਉਸ ਨੂੰ ਕੁਝ ਨਹੀਂ ਹੋ ਸਕਦਾ। ਉਹ ਭਾਵੇਂ ਮੈਨੂੰ ਲੈਣ ਆਵੇ ਜਾਂ ਨਾ ਆਵੇ, ਪਰ ਆਪ ਸੁਖੀ ਰਹੇ। ਜੈਲੇ ਨੂੰ ਰੋਟੀ ਖਾਂਦੇ ਹੋਏ ਉਸ ਦੀ ਮਾਂ ਦੀ ਯਾਦ ਆ ਗਈ। ਸੁਆਦ ਸੁਆਦ ਵਿੱਚ ਉਹ ਸਾਰੀ ਰੋਟੀ ਖਾ ਗਿਆ। ਰੋਟੀ ਖ਼ਤਮ ਕਰਦਿਆਂ ਉਸ ਨੇ ਕਿਹਾ ਕਿ ਅੱਜ ਤਾਂ ਮਾਂ ਦੀ ਯਾਦ ਆ ਗਈ। ਤੁਸੀ ਤਾਂ ਮਾਂ ਵਰਗੀ ਸੁਆਦ ਰੋਟੀ ਬਣਾਈ ਹੈ। ਹੁਣ ਉਹ ਕਦੇ ਕਦੇ ਪੰਮੀ ਆਂਟੀ ਕੋਲ ਰੋਟੀ ਖਾ ਕੇ ਘਰ ਚਲਾ ਜਾਂਦਾ। ਉਹ ਪੈਸੇ ਦੇਣਾ ਚਾਹੁੰਦਾ, ਪਰ ਪੰਮੀ ਇਹ ਕਹਿ ਕੇ ਇਨਕਾਰ ਕਰ ਦਿੰਦੀ ਕਿ ਤੂੰ ਤਾਂ ਮੇਰਾ ਪੁੱਤ ਹੀ ਹੈਂ।
ਐਤਵਾਰ ਦਾ ਦਿਨ ਸੀ। ਜੈਲੇ ਨੇ ਪੰਮੀ ਆਂਟੀ ਨੂੰ ਕਿਹਾ ਕਿ ਉਹ ਬਾਜ਼ਾਰ ਚੱਲਿਆ ਹੈ, ਜੇਕਰ ਕੋਈ ਚੀਜ਼ ਮੰਗਵਾਉਣੀ ਹੈ ਤਾਂ ਦੱਸ ਦੇਣ। ਪਰ ਪੰਮੀ ਨੇ ਇਨਕਾਰ ਕਰ ਦਿੱਤਾ। ਜੈਲਾ ਆਉਂਦਾ ਹੋਇਆ ਬਾਜ਼ਾਰੋਂ ਦਾਲਾਂ, ਘੀ ਤੇ ਹੋਰ ਸਾਮਾਨ ਲੈ ਆਇਆ ਤੇ ਪੰਮੀ ਆਂਟੀ ਨੂੰ ਫੜਾਉਂਦਾ ਬੋਲਿਆ, ‘‘ਲੈ ਮਾਂ, ਕੁਝ ਸਾਮਾਨ ਲਿਆਇਆ ਹਾਂ।’’ ਪੰਮੀ ਨੇ ਜੈਲੇ ਹੱਥੋਂ ਲਿਫ਼ਾਫ਼ਾ ਫੜਦਿਆਂ ਉਸ ਨੂੰ ਜੱਫੀ ਪਾ ਕੇ ਘੁੱਟ ਕੇ ਪਿਆਰ ਕਰਦਿਆਂ ਕਿਹਾ, ‘‘ਮੇਰਾ ਸ਼ੇਰ ਪੁੱਤ- ਸਾਮਾਨ ਲਿਆਉਣ ਜੋਗਾ ਹੋ ਗਿਆ।’’ ਜੈਲਾ ਸਾਮਾਨ ਲਿਆ ਕੇ ਪੰਮੀ ਅੰਟੀ ਨੂੰ ਦੇ ਦਿੰਦਾ ਤੇ ਹੁਣ ਬਾਪ-ਪੁੱਤ ਦੀ ਰੋਟੀ ਵੀ ਪੰਮੀ ਬਣਾਉਣ ਲੱਗ ਗਈ। ਜੈਲਾ ਆਪਣੀ ਰੋਟੀ ਖਾ ਜਾਂਦਾ ਤੇ ਆਪਣੇ ਪਿਤਾ ਦੀ ਰੋਟੀ ਉਹ ਘਰ ਲੈ ਜਾਂਦਾ। ਸੁਰਿੰਦਰ ਸਿੰਘ ਵੀ ਦਿਨ ਵਿੱਚ ਪੰਮੀ ਕੋਲ ਚਾਹ ਪੀਣ ਆ ਜਾਂਦਾ ਤੇ ਘੰਟਿਆਂ ਬੱਧੀ ਗੱਲਾਂ ਕਰਦਾ ਰਹਿੰਦਾ।
ਇੱਕ ਦਿਨ ਜੈਲੇ ਨੇ ਆਪਣੇ ਪਿਤਾ ਕਿਹਾ, ‘‘ਕਿਉਂ ਨਾ ਆਪਾਂ ਪੰਮੀ ਆਂਟੀ ਨੂੰ ਆਪਣੇ ਘਰ ਲੈ ਆਈਏ। ਉਹ ਮੇਰੀ ਮਾਂ ਵਰਗੀ ਹੈ। ਉਹ ਤੁਹਾਡਾ ਵੀ ਖਿਆਲ ਰੱਖੇਗੀ।’’ ਇਹ ਸੁਣ ਕੇ ਸੁਰਿੰਦਰ ਸਿੰਘ ਭੜਕ ਪਿਆ। ‘‘ਤੈਨੂੰ ਸ਼ਰਮ ਨਹੀਂ ਆਉਂਦੀ ਅਜਿਹੀ ਗੱਲ ਕਰਦੇ ਨੂੰ।’’
‘‘ਮੈਨੂੰ ਤਾਂ ਮਾਂ ਦੀ ਲੋੜ ਹੈ। ਘਰ ਆ ਕੇ ਨਾਲੇ ਉਹ ਰੋਟੀ ਬਣਾ ਦਿਆ ਕਰੂ ਤੇ ਨਾਲੇ ਘਰ ਸੰਭਾਲੂ।’’
‘‘ਲੋਕ ਕੀ ਕਹਿਣਗੇ।’’ ਸੁਰਿੰਦਰ ਸਿੰਘ ਬੋਲਿਆ।
‘‘ਲੋਕਾਂ ਨੇ ਤਾਂ ਕਹਿੰਦੇ ਹੀ ਰਹਿਣਾ ਹੈ। ਕਈ ਠੀਕ ਤੇ ਕਈ ਗ਼ਲਤ ਕਹਿਣਗੇ। ਜਦੋਂ ਦੀ ਮਾਂ ਮਰੀ ਹੈ ਕੋਈ ਜਨਾਨੀ ਸਾਡੇ ਘਰ ਨਹੀਂ ਆਈ, ਘਰ ਵੱਢ ਵੱਢ ਖਾਂਦਾ ਹੈ। ਲੋਕਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਰੋਟੀ ਕਿਵੇਂ ਖਾਂਦੇ ਹੋ। ਨਾਲੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰੀ ਦੀ। ਜੇਕਰ ਤੁਹਾਡੀ ਸਲਾਹ ਹੈ ਤਾਂ ਮੈਂ ਪੰਮੀ ਆਂਟੀ ਨਾਲ ਗੱਲ ਕਰਾਂਗਾ।’’
ਸੁਰਿੰਦਰ ਸਿੰਘ ਨੇ ਕੁਝ ਸੋਚਦੇ ਹੋਏ ਇਜਾਜ਼ਤ ਦਿੰਦਿਆਂ ਕਿਹਾ ਕਿ ਜਿਵੇਂ ਤੇਰੀ ਮਰਜ਼ੀ ਹੈ ਕਰ ਲੈ। ਜੈਲੇ ਨੂੰ ਲੱਗਿਆ ਕਿ ਅੱਧਾ ਕਿਲ੍ਹਾ ਤਾਂ ਸਰ ਕਰ ਲਿਆ ਹੈ, ਪਰ ਪੰਮੀ ਆਂਟੀ ਨੂੰ ਮਨਾਉਣਾ ਉਸ ਲਈ ਵੱਡੀ ਚੁਣੌਤੀ ਸੀ। ਸ਼ਾਮ ਨੂੰ ਉਹ ਪੰਮੀ ਆਂਟੀ ਦੇ ਘਰ ਮਾਂ ਮਾਂ ਕਹਿੰਦਾ ਹੋਇਆ ਥਾਲੀ ਲਿਆਇਆ ਤੇ ਰੋਟੀ ਪਵਾ ਕੇ ਪੰਮੀ ਕੋਲ ਬੈਠ ਕੇ ਖਾਣ ਲੱਗ ਗਿਆ। ਜੈਲੇ ਨੇ ਪੰਮੀ ਆਂਂਟੀ ਨੂੰ ਕਿਹਾ, ‘‘ਤੁਸੀਂ ਤਾਂ ਬਿਲਕੁਲ ਮਾਂ ਲੱਗਦੇ ਹੋ। ਮੈਨੂੰ ਮਾਂ ਦੀ ਤਰ੍ਹਾਂ ਰੋਟੀ ਖਵਾਉਂਦੇ ਹੋ ਤੇ ਮਾਂ ਦੀ ਤਰ੍ਹਾਂ ਹੀ ਪਿਆਰ ਕਰਦੇ ਹੋ।’’
ਪੰਮੀ ਨੇ ਕਿਹਾ, ‘‘ਮੈਂ ਵੀ ਤੈਨੂੰ ਪੁੱਤਰ ਹੀ ਸਮਝਦੀ ਹਾਂ। ਤੈਨੂੰ ਰੋਟੀ ਖੁਆ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।’’
‘‘ਮਾਂ ਤੁਸੀਂ ਸਾਡੇ ਘਰ ਹੀ ਚੱਲੋ। ਮੈਨੂੰ ਬਹੁਤ ਖ਼ੁਸ਼ੀ ਹੋਵੇਗੀ।’’
‘‘ਬੇਵਕੂਫ਼ ਨਾ ਬਣ, ਇਹ ਤੂੰ ਕੀ ਕਹਿ ਰਿਹਾ ਏਂ। ਤੈਨੂੰ ਪਤਾ ਵੀ ਹੈ ਕਿ ਤੂੰ ਕੀ ਕਿਹਾ ਹੈ।’’ ਪੰਮੀ ਔਖੀ ਹੋ ਕੇ ਬੋਲੀ।
‘‘ਮੈਨੂੰ ਸਭ ਪਤਾ ਹੈ। ਮਾਂ ਤੁਸੀਂ ਬਸ ਸਾਡੇ ਘਰ ਚੱਲੋ।’’ ਜੈਲਾ ਬੋਲਿਆ।
‘‘ਲੋਕ ਕੀ ਕਹਿਣਗੇ-ਜਿਊਣ ਨਹੀਂ ਦੇਣਾ ਲੋਕਾਂ ਨੇ।’’ ਪੰਮੀ ਬੋਲੀ।
ਜੈਲਾ ਬੋਲਿਆ, ‘‘ਕੁਝ ਲੋਕ ਚੰਗਾ ਤੇ ਕੁਝ ਮਾੜਾ ਕਹਿਣਗੇ। ਨਾਲ ਹੁਣ ਤੱਕ ਤੁਸੀਂ ਇਕੱਲੇ ਹੀ ਰਹਿੰਦੇ ਆਏ ਹੋ, ਕਦੇ ਕਿਸੇ ਰਿਸ਼ਤੇਦਾਰ ਜਾਂ ਗਲੀ ਮੁਹੱਲੇ ਵਾਲਿਆਂ ਨੇ ਤੁਹਾਡੀ ਸਾਰ ਲਈ ਏ ਕਿ ਤੁਸੀਂ ਕਿਵੇਂ ਰੋਟੀ ਖਾਂਦੇ ਹੋ। ਜੇਕਰ ਆਪਣੀ ਜ਼ਿੰਦਗੀ ਸਫਲ ਬਣਾਉਣੀ ਹੈ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਬੁਢਾਪੇ ਵਿੱਚ ਤੁਹਾਡਾ ਕੌਣ ਸਹਾਰਾ ਬਣੇਗਾ। ਅਸੀਂ ਆਪਣਾ ਕੱਲ੍ਹ ਵੇਖਣਾ ਹੈ ਕਿ ਅਸੀਂ ਭਵਿੱਖ ਵਿੱਚ ਸੁਖੀ ਕਿਵੇਂ ਰਹਿਣਾ ਹੈ।’’
ਪੰਮੀ ਨੇ ਟਿਕਟਿਕੀ ਲਾ ਕੇ ਵੇਖਦਿਆਂ ਕਿਹਾ, ‘‘ਜੇਕਰ ਕੋਈ ਗੱਲ ਹੋ ਗਈ ਤਾਂ ਮੈਂ ਜਿਊਂਦੀ ਮਰ ਜਾਂਵਾਗੀ। ਨਾਲੇ ਹੁਣ ਤਾਂ ਤੇਰਾ ਵਿਆਹ ਕਰਵਾਉਣ ਦਾ ਸਮਾਂ ਹੈ। ਸਾਡਾ ਨਹੀਂ।’’ ਪੰਮੀ ਬੋਲੀ।
‘‘ਮੇਰਾ ਵਿਆਹ ਵੀ ਤਾਂ ਮੇਰੀ ਮਾਂ ਹੀ ਕਰੇਗੀ।’’ ਜੈਲੇ ਨੇ ਪੰਮੀ ਵੱਲ ਵੇਖਦਿਆਂ ਕਿਹਾ।
‘‘ਮਾਂ ਤੁਸੀਂ ਆਪਣੇ ਮਨ ਨਾਲ ਸਲਾਹ ਕਰ ਲਓ। ਜੇਕਰ ਤੁਸੀਂ ਇਜਾਜ਼ਤ ਦੇਵੋਗੇ ਤਾਂ ਮੈਂ ਪਿਤਾ ਜੀ ਨਾਲ ਗੱਲ ਕਰਾਂਗਾ, ਨਹੀਂ ਬਸ ਗੱਲ ਇੱਥੇ ਹੀ ਖ਼ਤਮ।’’ ਪੰਮੀ ਕੁਝ ਸੋਚ ਕੇ ਬੋਲੀ, ‘‘ਜਿਵੇਂ ਤੇਰੀ ਮਰਜ਼ੀ ਹੈ ਕਰ ਲੈ।’’
ਇਹ ਸੁਣ ਕੇ ਜੈਲੇ ਨੇ ਪੰਮੀ ਦੇ ਪੈਰੀਂ ਹੱਥ ਲਾਉਂਦੇ ਕਿਹਾ, ‘‘ਮਾਂ, ਮੈਂ ਤੁਹਾਨੂੰ ਖ਼ੁਸ਼ ਵੇਖਣਾ ਚਾਹੁੰਦਾ ਹਾਂ। ਦੂਜੇ ਦੇਸ਼ਾਂ ਵਿੱਚ ਵੀ ਲੋਕ ਕਿਸੇ ਦੀ ਪਰਵਾਹ ਨਹੀਂ ਕਰਦੇ। ਮੈਂ ਪਿਤਾ ਜੀ ਨਾਲ ਗੱਲਬਾਤ ਕਰਕੇ ਤੁਹਾਨੂੰ ਕੱੱਲ੍ਹ ਦੱਸਾਂਗਾ।’’
ਅਗਲੇ ਦਿਨ ਜੈਲਾ ਫਿਰ ਪੰਮੀ ਆਂਟੀ ਦੇ ਘਰ ਆ ਕੇ ਬੋਲਿਆ, ‘‘ਹੁਣ ਤੁਸੀਂ ਮੇਰੇ ਆਂਟੀ ਨਹੀਂ ਸਗੋਂ ਅਸਲੀ ਮਾਂ ਹੋ। ਪਿਤਾ ਜੀ ਮੰਨ ਗਏ ਹਨ।’’ ਉਸੇ ਦਿਨ ਕੁਝ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਹਾਜ਼ਰੀ ਵਿੱਚ ਦੋਵਾਂ ਦਾ ਵਿਆਹ ਕਰ ਦਿੱਤਾ।
ਅਗਲੇ ਦਿਨ ਜੈਲੇ ਨੇ ਫਿਰ ਇੱਕ ਸਕੀਮ ਬਣਾਉਂਦੇ ਹੋਏ ਪਿਤਾ ਜੀ ਨੂੰ ਕਿਹਾ, ‘‘ਮੇਰੇ ਦੋਸਤ ਦਾ ਸ਼ਿਮਲੇ ਵਿਆਹ ਹੈ, ਤੁਸੀਂ ਵੀ ਚੱਲੋ, ਪਹਾੜਾਂ ਦੀ ਸੈਰ ਵੀ ਹੋ ਜਾਵੇਗੀ ਤੇ ਨਾਲ ਹੀ ਸ਼ਿਮਲਾ ਵੀ ਵੇਖ ਆਵੋਗੇ।’’
ਨਾਂਹ-ਨੁੱਕਰ ਕਰਨ ਦੇ ਬਾਵਜੂਦ ਜੈਲਾ ਉਨ੍ਹਾਂ ਨੂੰ ਸ਼ਿਮਲੇ ਲੈ ਗਿਆ। ਮਾਲ ਰੋਡ ਦੇ ਨਜ਼ਦੀਕ ਉਨ੍ਹਾਂ ਨੂੰ ਇੱਕ ਕਮਰਾ ਕਿਰਾਏ ’ਤੇ ਲੈ ਦਿੱਤਾ ਤੇ ਆਪ ਇਹ ਕਹਿ ਕੇ ਚਲਾ ਗਿਆ ਕਿ ਉਹ ਤਾਂ ਆਪਣੇ ਦੋਸਤ ਦੇ ਵਿਆਹ ’ਤੇ ਜਾ ਰਿਹਾ ਹੈ। ਉਸ ਨੇ ਦੂਜੇ ਹੋਟਲ ਵਿੱਚ ਕਮਰਾ ਲੈ ਲਿਆ। ਜਾਂਦਾ ਹੋਇਆ ਜੈਲਾ ਕਹਿ ਗਿਆ ਕਿ ਤੁਸੀਂ ਮਾਲ ਰੋਡ ’ਤੇ ਘੁੰਮ ਆਇਓ। ਰੋਟੀ ਪਾਣੀ ਕਮਰੇ ਵਿੱਚ ਹੀ ਮਿਲ ਜਾਵੇਗਾ। ਉਹ ਦੋ ਦਿਨ ਉੱਥੇ ਕਮਰੇ ਵਿੱਚ ਇਕੱਠੇ ਰਹੇ। ਅਗਲੇ ਦਿਨ ਮਾਲ ਰੋਡ ’ਤੇ ਜੈਲੇ ਨੇ ਜਦੋਂ ਨਵੇਂ ਜੋੜਿਆਂ ਦੇ ਨਾਲ ਮਾਤਾ-ਪਿਤਾ ਨੂੰ ਹੱਥ ਵਿੱਚ ਹੱਥ ਪਾਈਂ ਘੁੰਮਦੇ ਵੇਖਿਆ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਸ ਨੂੰ ਲੱਗਿਆ ਕਿ ਜਿਵੇਂ ਉਸ ਨੇ ਦੋ ਜਾਣਿਆਂ ਦੀ ਨਰਕ ਭਰੀ ਜ਼ਿੰਦਗੀ ਸੰਵਾਰ ਦਿੱਤੀ ਹੈ।
ਸੰਪਰਕ: 98729-42175
ਬੇਈਮਾਨ
ਪ੍ਰਿੰ. ਸੰਤੋਖ ਕੁਮਾਰ
ਮੈਂ ਜਦੋਂ ਵੀ ਸ਼ਹਿਰੋਂ ਫ਼ਲ ਲੈ ਕੇ ਆਉਂਦਾ ਹਾਂ ਤਾਂ ਮੇਰੀ ਪਤਨੀ ਅਕਸਰ ਹੀ ਲਿਫ਼ਾਫ਼ਾ ਖੋਲ੍ਹ ਕੇ ਵੇਖਦੀ ਹੈ। ਉਹ ਹਮੇਸ਼ਾ ਕਹਿੰਦੀ ਹੈ ਕਿ ਤੁਸੀਂ ਬਿਨਾਂ ਵੇਖਿਆਂ ਅਗਲੇ ’ਤੇ ਯਕੀਨ ਕਰ ਲੈਂਦੇ ਹੋ। ਅਕਸਰ ਇੱਕ-ਦੋ ਪੀਸ ਖ਼ਰਾਬ ਨਿਕਲਦੇ ਹਨ। ਆਪਣੀ ਆਦਤ ਅਨੁਸਾਰ ਕੱਲ੍ਹ ਵੀ ਮੈਂ ਰੇਹੜੀ ਵਾਲੇ ਤੋਂ ਅੰਬ ਅਤੇ ਦਰਜ਼ਨ ਕੇਲਿਆਂ ਦੀ ਲੈ ਕੇ ਤੁਰਿਆ ਤਾਂ ਇਕਦਮ ਖ਼ਿਆਲ ਆਇਆ ਕਿ ਲਿਫ਼ਾਫ਼ਾ ਖੋਲ੍ਹ ਕੇ ਵੇਖ ਤਾਂ ਲਵਾਂ। ਜਦੋਂ ਲਿਫ਼ਾਫ਼ਾ ਖੋਲ੍ਹ ਕੇ ਵੇਖਿਆ ਤਾਂ ਦੋ ਅੰਬ ਪਿਲਪਿਲੇ ਸਨ।
ਮੈਂ ਗੁੱਸੇ ਵਿੱਚ ਮੋਟਰਸਾਈਕਲ ਮੋੜਿਆ ਅਤੇ ਜਾ ਰੇਹੜੀ ਵਾਲੇ ਕੋਲ ਜਾ ਖਲੋਤਾ। ਇੱਕ ਦੋ ਗਾਹਕ ਹੋਰ ਖੜ੍ਹੇ ਸਨ। ਮੈਂ ਲਿਫ਼ਾਫ਼ਾ ਰੇਹੜੀ ’ਤੇ ਰੱਖ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੂੰ ਵੇਖਣ ਲੱਗਾ। ਜਦੋਂ ਗਾਹਕ ਚਲੇ ਗਏ ਤਾਂ ਮੈਂ ਰੇਹੜੀ ਵਾਲੇ ਨੂੰ ਆਖਿਆ, ‘‘ਮੈਂ ਰੇਟ ਵੀ ਨਹੀਂ ਘਟਾਇਆ, ਪੈਸੇ ਵੀ ਪੂਰੇ ਦਿੱਤੇ, ਪਰ ਤੂੰ ਅੰਬ ਪਿਲਪਿਲੇ ਕਿਉਂ ਪਾਏ?’’ ਅੰਬ ਵੇਖਦੇ ਸਾਰ ਉਹ ਘਬਰਾ ਗਿਆ ਤੇ ਆਖਣ ਲੱਗਾ, ‘‘ਵੀਰ ਜੀ ਮੁਆਫ਼ ਕਰ ਦਿਓ, ਗ਼ਲਤੀ ਨਾਲ ਪੈ ਗਏ ਹੋਣੇ।’’
ਉਸ ਨੇ ਸਾਰੇ ਅੰਬ ਵਾਪਸ ਰੱਖੇ ਅਤੇ ਘਬਰਾਹਟ ਵਿੱਚ ਡੇਢ ਕਿਲੋ ਦੀ ਥਾਂ ਦੋ ਕਿਲੋ ਦਾ ਵੱਟਾ ਪਾ ਕੇ ਅੰਬ ਤੋਲ ਦਿੱਤੇ। ਮੈਂ ਵੀ ਚੁੱਪ ਰਿਹਾ ਅਤੇ ਮੋਟਰਸਾਈਕਲ ਲੈ ਕੇ ਤੁਰ ਪਿਆ। ਥੋੜ੍ਹੀ ਦੂਰ ਆ ਕੇ ਮੈਂ ਵੱਧ ਅੰਬਾਂ ਬਾਰੇ ਸੋਚਣ ਲੱਗਾ। ਹੁਣ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਬੇਈਮਾਨ ਉਹ ਸੀ ਕਿ ਮੈਂ ਜਾਂ ਫਿਰ ਦੋਵੇਂ।
ਸੰਪਰਕ: 99147-97799
ਕੀੜੀ ਅਤੇ ਮੁਫ਼ਤਖੋਰ ਮਨੁੱਖ
ਬਲਜੀਤ ਸਿੰਘ ਨਾਭਾ
ਇੱਕ ਦਿਨ ਇੱਕ ਆਦਮੀ ਨੇ ਕੀੜੀਆਂ ਦੇ ਭੌਣ ਉੱਤੇ ਕਣਕ ਦੇ ਕੁਝ ਦਾਣੇ ਖਿਲਾਰ ਦਿੱਤੇ। ਦੋ ਚਾਰ ਦਿਨ ਬਾਅਦ ਜਦੋਂ ਉਹ ਦੁਬਾਰਾ ਉੱਥੇ ਕਣਕ ਦੇ ਦਾਣੇ ਪਾਉਣ ਆਇਆ ਤਾਂ ਦੇਖਿਆ ਕਿ ਉਹ ਭੌਣ ਖਾਲੀ ਸੀ ਤੇ ਦਾਣੇ ਉੱਥੇ ਹੀ ਪਏ ਸਨ। ਉਸ ਨੇ ਅੱਗੇ ਪਿੱਛੇ ਹੋ ਕੇ ਦੁਬਾਰਾ ਭੌਣ ਲੱਭਿਆ ਤੇ ਉੱਥੇ ਕਣਕ ਦੇ ਦਾਣੇ ਖਿਲਾਰ ਦਿੱਤੇ। ਕੁਝ ਦਿਨਾਂ ਬਾਅਦ ਜਦੋਂ ਫਿਰ ਉਹ ਦੁਬਾਰਾ ਉੱਥੇ ਆਇਆ ਤਾਂ ਹੈਰਾਨ ਹੋਇਆ ਕਿ ਕੀੜੀਆਂ ਦਾ ਉਹ ਭੌਣ ਵੀ ਖਾਲੀ ਸੀ। ਉਹ ਆਲੇ-ਦੁਆਲੇ ਦੇਖ ਕੇ ਭੌਣ ਲੱਭਣ ਲੱਗਿਆ।
ਕੀੜੀਆਂ ਦਾ ਨਵੀਂ ਭੌਣ ਦੇਖ ਕੇ ਉਹ ਨੇੜੇ ਗਿਆ। ਉਸ ਨੇ ਅਜੇ ਹੱਥ ਵਿੱਚ ਦਾਣੇ ਚੁੱਕੇ ਹੀ ਸਨ ਕਿ ਅਚਾਨਕ ਆਵਾਜ਼ ਆਈ ‘‘ਆਦਮਜਾਤ ਇਸ ਭੌਣ ਉੱਪਰ ਦਾਣੇ ਨਾ ਖਿਲਾਰੀਂ, ਅਸੀਂ ਮੁਫ਼ਤਖੋਰ ਨਹੀਂ ਬਣਨਾ, ਮਿਹਨਤ ਨਹੀਂ ਛੱਡਣੀ, ਸਾਨੂੰ ਮੁਆਫ਼ ਕਰੀਂ ਤੇ ਇੱਥੋਂ ਚਲਾ ਜਾ।” ਇਹ ਸੁਣ ਕੇ ਆਦਮੀ ਬਹੁਤ ਹੈਰਾਨ ਹੋਇਆ। ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਕੀੜੀਆਂ ਕੀ ਕਹਿ ਰਹੀਆਂ ਹਨ ਅਤੇ ਕੀ ਕਹਿਣਾ ਚਾਹ ਰਹੀਆਂ ਹਨ।
ਆਦਮੀ ਬੋਲਿਆ “ਮੈਂ ਤੁਹਾਡੇ ਭੌਣ ’ਤੇ ਦਾਣੇ ਤਾਂ ਪਾਉਂਦਾ ਹਾਂ ਤਾਂ ਕਿ ਤੁਸੀਂ ਭੁੱਖੀਆਂ ਨਾ ਰਹੋ ਅਤੇ ਤੁਹਾਨੂੰ ਸੌਖੇ ਹੀ ਦਾਣੇ ਲੱਭ ਜਾਣ।”
ਕੀੜੀ ਬੋਲੀ, ‘‘ਤੂੰ ਝੂਠ ਬੋਲ ਰਿਹਾ ਏਂ। ਅਸਲ ਵਿੱਚ ਦਾਣੇ ਪਾਉਣ ਦੇ ਬਹਾਨੇ ਤੂੰ ਆਪਣੀ ਕਿਸਮਤ ਨੂੰ ਸੰਵਾਰਨ ਦੀ ਕੋਸ਼ਿਸ਼ ਕਰ ਰਿਹਾ ਹੈਂ, ਪਰ ਇਸ ਨਾਲ ਸਾਡੀ ਕਿਸਮਤ ਖ਼ਰਾਬ ਹੁੰਦੀ ਹੈ।’’
ਅਜੇ ਕੀੜੀ ਦੀ ਗੱਲ ਖ਼ਤਮ ਵੀ ਨਹੀਂ ਹੋਈ ਸੀ ਕਿ ਮਨੁੱਖ ਬੋਲ ਪਿਆ, “ਉਹ ਕਿਵੇਂ?’’’
ਕੀੜੀ ਬੋਲੀ, “ਅਸੀਂ ਮਿਹਨਤ ਕਰ ਕੇ ਖਾਣ ਵਿੱਚ ਭਰੋਸਾ ਰੱਖਦੇ ਹਾਂ, ਮੁਫ਼ਤ ਦੀਆਂ ਸਹੂਲਤਾਂ ਲੈ ਕੇ ਅਸੀਂ ਆਪਣੇ ਆਪ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੀਆਂ। ਇਹ ਮੁਫ਼ਤ ਦੀਆਂ ਸਹੂਲਤਾਂ ਤੁਹਾਨੂੰ ਹੀ ਮੁਬਾਰਕ ਹੋਣ। ਤੁਹਾਡੇ ਝੂਠੇ ਲੋਕਤੰਤਰ ਦੀਆਂ ਚੋਣਾਂ ਜਿੱਤਣ ਲਈ ਸਿਆਸਤਦਾਨਾਂ ਨੇ ਮੁਫ਼ਤ ਅਨਾਜ, ਮੁਫ਼ਤ ਪੈਸੇ, ਮੁਫ਼ਤ ਦਾਲਾਂ, ਮੁਫ਼ਤ ਬਿਜਲੀ, ਮੁਫ਼ਤ ਬੱਸ ਦੇ ਝੂਟੇ ਆਦਿ ਵਰਗੇ ਕਈ ਤਰ੍ਹਾਂ ਦੇ ਲੋਭ-ਲਾਲਚ ਦੇ ਕੇ ਤੁਹਾਡੀ ਕਿਸਮਤ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਤੁਹਾਨੂੰ ਬੇਕਾਰ ਕਰ ਦਿੱਤਾ ਹੈ ਅਤੇ ਹੁਣ ਤੂੰ ਮੇਰੀ ਭੌਣ ’ਤੇ ਦਾਣੇ ਪਾ ਕੇ ਮੈਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਏਂ।’’
ਸੰਪਰਕ: 94170-17778