For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

06:37 AM Oct 10, 2024 IST
ਕਹਾਣੀਆਂ
Advertisement

ਬਲੈਕੀਏ

ਜਗਦੇਵ ਸ਼ਰਮਾ ਬੁਗਰਾ
ਪਿੰਡ ਵਿੱਚ ਭੁੱਕੀ ਖਾਣ ਵਾਲੇ ਵਾਹਵਾ ਲੋਕ ਸਨ। ਜਦੋਂ ਵੀ ਭੁੱਕੀ ਵੇਚਣ ਵਾਲੇ ਆਉਂਦੇ, ਉਹ ਆਪ ਪਿੰਡ ਵਿੱਚ ਨਹੀਂ ਵੜਦੇ ਸਨ ਸਗੋਂ ਸੁਨੇਹੀਏ ਹੱਥ ਸਾਰੇ ਨਸ਼ੇੜੀਆਂ ਨੂੰ ਸੁਨੇਹਾ ਭੇਜ ਦਿੰਦੇ। ਕਦੇ ਸਰਕਾਰੀ ਟਿਊਬਵੈੱਲ, ਕਦੇ ਗੱਡੀ ਦੀ ਲਾਈਨ ’ਤੇ, ਕਦੇ ਨਹਿਰੋਂ ਪਾਰ ਦੈੜਾਂ ਵਿੱਚ,, ਬਲੈਕੀਏ ਥਾਂ ਬਦਲ ਬਦਲ ਕੇ ਮਿਲਦੇ। ਅੱਧਾ ਪੌਣਾ ਘੰਟਾ ਖ਼ੂਬ ਤੱਕੜੀ ਵੱਟਾ ਖੜਕਦਾ, ਜੋ ਲੈ ਗਿਆ ਸੋ ਲੈ ਗਿਆ ਅਤੇ ਜੋ ਰਹਿ ਗਿਆ ਸੋ ਰਹਿ ਗਿਆ। ਉਸ ਤੋਂ ਬਾਅਦ ਬਲੈਕੀਏ ਇਉਂ ਗਾਇਬ ਹੋ ਜਾਂਦੇ ਜਿਵੇਂ ਗਧੇ ਦੇ ਸਿਰ ਤੋਂ ਸਿੰਗ।
ਇੱਕ ਦਿਨ ਭੁੱਕੀ ਵੇਚ ਵੱਟ ਕੇ ਉਹ ਨਾਲ ਦੇ ਪਿੰਡ ਦੀ ਮੋਟਰ ’ਤੇ ਸੁਸਤਾ ਰਹੇ ਸਨ ਕਿ ਪੁਲੀਸ ਦਾ ਘੇਰਾ ਪੈ ਗਿਆ। ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਥੋੜ੍ਹੀ ਦੇਰ ਬਾਅਦ ਨੇੜਲੇ ਪਿੰਡ ਦਾ ਸਰਪੰਚ ਮਹਿਤਾਬ ਸਿੰਘ ਅਤੇ ਇਲਾਕੇ ਦਾ ਸਾਬਕਾ ਵਿਧਾਇਕ ਗੁਰਚੇਤਨ ਸਿੰਘ ਆਪਣੇ ਨਾਲ ਦਿਆਂ ਨੂੰ ਗੋਲੀ ਮਾਰ ਕੇ ਅਤੇ ਹੱਥ ਖੜ੍ਹੇ ਕਰਕੇ ਕੋਠੇ ਤੋਂ ਬਾਹਰ ਆ ਗਏ ਸਨ।
ਅਗਲੇ ਦਿਨ ਅਖ਼ਬਾਰਾਂ ਵਿੱਚ ਸੁਰਖੀ ਸੀ: ‘ਸਰਪੰਚ ਅਤੇ ਸਾਬਕਾ ਵਿਧਾਇਕ ਦੇ ਯਤਨਾਂ ਸਦਕਾ ਇਲਾਕੇ ਵਿੱਚੋਂ ਬਲੈਕੀਆਂ ਦਾ ਖਾਤਮਾ’। ਅੱਗੇ ਲਿਖਿਆ ਸੀ: ‘ਸਰਕਾਰ ਛੇਤੀ ਹੀ ਸਰਪੰਚ ਅਤੇ ਵਿਧਾਇਕ ਦਾ ਸਨਮਾਨ ਕਰੇਗੀ’।
ਸੰਪਰਕ: 98727-87243
* * *

Advertisement

ਪਲਾਟ

ਮਹਿੰਦਰ ਸਿੰਘ ਮਾਨ
ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ ਕੋਲ ਦੋ ਜਣੇ ਆ ਕੇ ਖੜ੍ਹ ਗਏ, ਜਿਨ੍ਹਾਂ ’ਚੋਂ ਇੱਕ ਲੜਕੀ ਸੀ। ਲੜਕੀ ਉਸ ਨੂੰ ਆਖਣ ਲੱਗੀ, ‘‘ਅੰਕਲ ਜੀ, ਕੀ ਤੁਸੀਂ ਮਨਜੀਤ ਦੇ ਫਾਦਰ ਇਨ ਲਾਅ ਹੋ?’’
ਮਾਸਟਰ ਹਰੀ ਰਾਮ ਨੇ ‘‘ਹਾਂ’’ ਵਿੱਚ ਉੱਤਰ ਦਿੱਤਾ।
ਫੇਰ ਉਹ ਆਖਣ ਲੱਗੀ, ‘‘ਮੈਂ ਮਨਜੀਤ ਦੀ ਸਹੇਲੀ ਆਂ। ਕੁਝ ਦਿਨ ਪਹਿਲਾਂ ਉਹ ਮੈਨੂੰ ਹੁਸ਼ਿਆਰਪੁਰ ਬੱਸ ਸਟੈਂਡ ’ਤੇ ਮਿਲੀ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮਾਹਿਲਪੁਰ ਪਲਾਟ ਲੈ ਕੇ ਨਵਾਂ ਘਰ ਬਣਵਾ ਰਹੇ ਹੋ ਤੇ ਤੁਹਾਡੇ ਪਲਾਟ ਦੇ ਸਾਹਮਣੇ ਕਈ ਪਲਾਟ ਵਿਕਾਊ ਪਏ ਆ। ਅਸੀਂ ਵੀ ਦਸ ਕੁ ਮਰਲੇ ਦਾ ਪਲਾਟ ਲੈਣਾ ਚਾਹੁੰਦੇ ਆਂ। ਪਿੰਡ ਵਾਲਾ ਘਰ ਰਹਿਣ ਲਈ ਬੜਾ ਛੋਟਾ ਆ। ਨਾਲੇ ਸ਼ਹਿਰ ਦਾ ਮਾਹੌਲ ਕੁਝ ਵੱਖਰਾ ਹੁੰਦਾ ਐ। ਪਲਾਟ ਤਾਂ ਹੋਰ ਵੀ ਆਲੇ-ਦੁਆਲੇ ਬਥੇਰੇ ਖਾਲੀ ਪਏ ਹਨ, ਪਰ ਮੈਂ ਚਾਹੁੰਦੀ ਹਾਂ ਕਿ ਕੋਈ ਜਾਣ-ਪਛਾਣ ਵਾਲਾ ਕੋਲ ਰਹਿੰਦਾ ਹੋਵੇ ਤਾਂ ਚੰਗੀ ਗੱਲ ਆ।’’
‘‘ਠੀਕ ਆ ਬੇਟੀ, ਆਉ ਫੇਰ ਪਲਾਟ ਵੇਖ ਲਈਏ।’’ ਮਾਸਟਰ ਹਰੀ ਰਾਮ ਨੇ ਆਖਿਆ।
ਇੱਕ ਘੰਟਾ ਫਿਰ ਤੁਰ ਕੇ ਪਲਾਟ ਵੇਖਣ ਪਿੱਛੋਂ ਉਨ੍ਹਾਂ ਨੂੰ ਦਸ ਮਰਲੇ ਦਾ ਇੱਕ ਪਲਾਟ ਪਸੰਦ ਆ ਗਿਆ, ਜਿਹੜਾ ਉਸ ਦੇ ਬਣ ਰਹੇ ਘਰ ਦੇ ਬਿਲਕੁਲ ਸਾਹਮਣੇ ਸੀ।
ਫੇਰ ਲੜਕੀ ਦੇ ਡੈਡੀ ਨੇ ਉਸ ਨੂੰ ਆਖਿਆ, ‘‘ਤੁਹਾਡੇ ਨਾਲ ਲੱਗਦੇ ਦੋ ਘਰ ਕਿਨ੍ਹਾਂ ਦੇ ਐ?’’
‘‘ਇਹ ਦੋਵੇਂ ਘਰ ਕੰਮੀਆਂ ਦੇ ਐ।’’ ਮਾਸਟਰ ਹਰੀ ਰਾਮ ਨੇ ਸੱਚ ਆਖ ਦਿੱਤਾ।
ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਬਗੈਰ ਕੁਝ ਬੋਲੇ ਆਪਣੀ ਧੀ ਨੂੰ ਲੈ ਕੇ ਤੁਰਦਾ ਬਣਿਆ।
ਸੰਪਰਕ: 99158-03554
* * *

Advertisement

ਨਿਸ਼ਾਨੀ

ਹਰਭਿੰਦਰ ਸਿੰਘ ਸੰਧੂ
ਜੱਗਾ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੀ ਫਿਰਨੀ ਉੱਪਰ ਬਣੀ ਪਸ਼ੂਆਂ ਵਾਲੀ ਹਵੇਲੀ ਦੋਵਾਂ ਭਰਾਵਾਂ ਨੇ ਵੰਡ ਲਈ ਸੀ। ਫਿਰਨੀ ਵਾਲੀ ਕੰਧ ਨਾਲ ਲੱਗਾ ਅਮਰੂਦਾਂ ਦਾ ਬੂਟਾ ਅੱਧਾ ਕੁ ਗਲੀ ਵੱਲ ਫੈਲਿਆ ਹੋਇਆ ਸੀ ਅਤੇ ਬਾਕੀ ਸਾਰਾ ਹਵੇਲੀ ਵਿੱਚ ਸੀ। ਇਹ ਛੋਟੇ ਭਰਾ ਜੱਸੇ ਦੇ ਹਿੱਸੇ ਆ ਗਿਆ ਸੀ। ਪਿਛਲੇ ਦਸਾਂ ਸਾਲਾਂ ਤੋਂ ਫਿਰਨੀ ਤੋਂ ਲੰਘਦਾ ਹਰ ਕੋਈ ਵੱਡਾ ਛੋਟਾ ਇਸ ਬੂਟੇ ਨੂੰ ਲੱਗੇ ਅਮਰੂਦਾਂ ਦਾ ਸੁਆਦ ਜ਼ਰੂਰ ਚੱਖਦਾ। ਅੱਜ ਸ਼ਾਮੀ ਜੱਸਾ ਆਪਣੇ ਘਰ ਉੱਚੀ ਬੋਲ ਕੇ ਇੱਕੋ ਗੱਲ ਹੀ ਦੁਹਰਾ ਰਿਹਾ ਸੀ, ‘‘ਆਹ ਸਵੇਰੇ ਅਮਰੂਦ ਦਾ ਸਿਆਪਾ ਨਿਬੇੜਦਾਂ ਮੈਂ। ਲੋਕ ਤਾਂ ਕੱਚੇ ਵੀ ਨਹੀਂ ਛੱਡਦੇ, ਟਾਹਣੀਆਂ ਭੁੰਜੇ ਲਾ ਦਿੱਤੀਆਂ ਖਿੱਚ ਖਿੱਚ ਕੇ।’’
ਸਵੇਰੇ ਜਦੋਂ ਉਹ ਕਹੀ ਅਤੇ ਕੁਹਾੜੀ ਫੜ ਆਪਣੇ ਸੀਰੀ ਨੂੰ ਨਾਲ ਲੈ ਹਵੇਲੀ ਜਾ ਕੇ ਕਹੀ ਦਾ ਪਹਿਲਾ ਟੱਪਾ ਮਾਰਨ ਲੱਗਾ ਤਾਂ ਉਸ ਦੇ ਵੱਡੇ ਭਰਾ ਕਰਮੇ ਨੇ ਉਸ ਹੱਥੋਂ ਕਹੀ ਫੜ ਲਈ ਅਤੇ ਭਰੇ ਮਨ ਨਾਲ ਕਿਹਾ, ‘‘ਇਸ ਦੇ ਵੱਟੇ ਖੇਤੋਂ ਇੱਕ ਟਾਹਲੀ ਤੂੰ ਰੱਖ ਲਵੀਂ, ਬਾਪੂ ਦੀ ਨਿਸ਼ਾਨੀ ਆ ਯਾਰ, ਨਾ ਪੁੱਟ।’’ ਜੱਸੇ ਦੇ ਕਹੀ ਨੂੰ ਪਏ ਹੱਥ ਢਿੱਲੇ ਪੈ ਗਏ।
ਸੰਪਰਕ: 97810-81888
* * *

ਰਾਜਨੀਤੀ

ਗੁਰਸੇਵਕ ਸਿੰਘ ਭੰਗਾਲੀ

‘‘ਹੋਰ ਸੁਣਾ ਬੰਤਾ ਸਿਹਾਂ?’’ ਖੇਤੋਂ ਮੁੜਦੇ ਬੰਤਾ ਸਿੰਘ ਨੂੰ ਨਾਜਰ ਸਿੰਘ ਨੇ ਪੁੱਛਿਆ।
‘‘ਬਸ ਸਭ ਅਕਾਲ ਪੁਰਖ ਦੀ ਕਿਰਪਾ ਹੈ।’’ ਬੰਤਾ ਸਿੰਘ ਨੇ ਮੋੜਵਾਂ ਉੱਤਰ ਦਿੱਤਾ।
‘‘ਪਰ ਬੰਤਾ ਸਿਹਾਂ ਮੈਂ ਸੁਣਿਆ ਕਿ ਤੇਰੇ ਦੋਵੇਂ ਮੁੰਡੇ ਵੋਟਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਉਮੀਦਵਾਰ ਖੜ੍ਹੇ ਨੇ? ਵੇਖ ਲੈ ਬੰਤਾ ਸਿਹਾਂ, ਰਾਜਨੀਤੀ ਭਰਾ ਨੂੰ ਭਰਾ ਦੇ ਵਿਰੁੱਧ ਖੜ੍ਹਾ ਕਰ ਦਿੰਦੀ ਹੈ।’’
‘‘ਓ ਨਹੀਂ ਨਾਜਰ ਸਿੰਹਾਂ ਇਹ ਤਾਂ ਮੈਂ ਹੀ ਸਲਾਹ ਦਿੱਤੀ ਸੀ ਦੋਵਾਂ ਮੁੰਡਿਆਂ ਨੂੰ। ਮੈਂ ਆਖਿਆ ਜੇ ਦੋਵੇਂ ਜਣੇ ਦੋਵਾਂ ਪਾਰਟੀਆਂ ਵੱਲੋਂ ਉਮੀਦਵਾਰ ਖਲੋ ਜਾਵੋ ਤਾਂ ਇੱਕ ਦੀ ਜਿੱਤ ਤਾਂ ਯਕੀਨੀ ਹੈ ਮਤਲਬ ਸੀਟ ਆਪਣੇ ਹੀ ਘਰ ਰਹੇਗੀ। ਭਾਈ ਰਾਜਨੀਤੀ ਇਸੇ ਨੂੰ ਤਾਂ ਕਹਿੰਦੇ ਨੇ।’’
ਬੰਤਾ ਸਿੰਘ ਨੇ ਡੂੰਘਾ ਰਮਜ਼ ਭਰਪੂਰ ਉੱਤਰ ਦਿੱਤਾ ਅਤੇ ਤੁਰ ਪਿਆ।
ਸੰਪਰਕ: 81463-50731
* * *

ਬਦਲਾਅ

ਅਮਰੀਕ ਸੈਦੋਕੇ
‘‘ਮੰਮੀ ਜੀ, ਰੋਟੀ ਪਾਓ ਖਾਈਏ, ਭੁੱਖ ਬਹੁਤ ਲੱਗੀ ਐ। ਅੱਜ ਤਾਂ ਸਿਖਰ ਦੁਪਹਿਰਾ ਹੋ ਗਿਆ।’’ ਮਨਜੀਤ ਨੇ ਘਰ ਵੜਦਿਆਂ ਹੀ ਕਿਹਾ।
‘‘ਰੋਟੀ ਤਾਂ ਸੁਵਖਤੇ ਦੀ ਬਣੀ ਪਈ ਐ। ਕਿੱਥੇ ਗੁਜ਼ਾਰਿਆ ਪੁੱਤ, ਐਨਾ ਸਮਾਂ? ਮੈਨੂੰ ਤਾਂ ਫ਼ਿਕਰ ਹੀ ਵੱਢ-ਵੱਢ ਖਾਈ ਜਾਂਦਾ ਸੀ।’’
‘‘ਸੱਥ ਵਿੱਚ ਕੁਝ ਬਜ਼ੁਰਗ ਪੁਰਾਣੀਆਂ ਗੱਲਾਂ ਕਰਦੇ ਸੀ। ਉੱਥੇ ਬੈਠ ਗਿਆ ਸਾਂ ਕੁਝ ਪਲ। ਬੜਾ ਅਨੰਦ ਆਇਆ ਮਾਂ ਅੱਜ,’’ ਮਨਜੀਤ ਨੇ ਕਿਹਾ।
‘‘ਮੈਂ ਸਦਕੇ ਜਾਵਾਂ ਮੇਰੇ ਲਾਲ ਦੇ। ਸ਼ੁਕਰ ਰੱਬਾ ਤੇਰਾ, ਜੇ ਸਾਡੇ ਨੌਜਵਾਨਾਂ ਨੇ ਇੱਧਰ ਸੱਥਾਂ ਵੱਲ ਨੂੰ ਪੈਰ ਮੋੜਿਆ। ਨਹੀਂ ਤਾਂ ਨਵੀਂ ਪੀੜ੍ਹੀ ਕੋਲ ਘਰੇ ਮਾਂ ਬਾਪ ਦੀ ਜਾਂ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਕਿਸੇ ਨਾਲ ਗੱਲ ਕਰਨ ਸੁਣਨ ਦਾ ਵਕਤ ਵੀ ਨਹੀਂ। ਦਿਨ ਰਾਤ ਹਰੇਕ ਦੀਆਂ ਉਂਗਲਾਂ ਮੋਬਾਈਲਾਂ ’ਤੇ ਘੁੰਮਦੀਆਂ ਨਜ਼ਰ ਆਉਂਦੀਆਂ ਹਨ, ਤੂੰ ਕਿਵੇਂ ਭੁੱਲ ਕੇ ਸੱਥ ਵਿੱਚ ਬੈਠ ਗਿਆ, ਹੈਂ?’’
‘‘ਮਾਂ, ਸੱਥ ’ਚੋਂ ਇੱਕ ਨਵਾਂ ਸ਼ਬਦ ਸੁਣ ਕੇ ਆਇਆ ਹਾਂ, ਕੁਲ ਕੀ ਚੀਜ਼ ਹੁੰਦੀ ਐ?’’
‘‘ਮਨਜੀਤ, ਵਧਦੇ ਪਰਿਵਾਰਾਂ ਦੇ ਲਾਣਿਆਂ ਦੀਆਂ ਪੀੜ੍ਹੀਆਂ ਨੂੰ ਕੁਲਾਂ ਆਖਦੇ ਨੇ। ਅੱਗੇ ਜਦੋਂ ਕਿਸੇ ਲਾਗੀ ਨੂੰ ਘਰ ਵਾਲਿਆਂ ਖੈਰ ਪਾਉਣੀ ਤਾਂ ਉਸ ਨੇ ਸੌ-ਸੌ ਅਸੀਸਾਂ ਦੇਣੀਆਂ, ਤੁਹਾਡੀ ਪੀੜ੍ਹੀ ਵਧੇ ਫੁੱਲੇ, ਘਰਾਂ ਨੂੰ ਭਾਗ ਲੱਗਣ, ਅਮਰ ਵੇਲ ਵਾਂਗੂ ਵਧੋ।
ਜਦੋਂ ਕਿਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਜਾਂਦੀ ਤਾਂ ਪਿੰਡ ਵਿੱਚ ਮਾਤਮ ਛਾ ਜਾਂਦਾ। ਲੋਕ ਚੁੱਲ੍ਹੇ ਅੱਗ ਨਾ ਬਾਲਦੇ। ਸਭ ਦੀਆਂ ਅੱਖਾਂ ਨਮ ਹੁੰਦੀਆਂ। ਲੋਕਾਂ ਨੇ ਗੱਲਾਂ ਕਰਨੀਆਂ, ਬਈ ਇਨ੍ਹਾਂ ਦੀ ਤਾਂ ਕੁਲ਼ ਹੀ ਖ਼ਤਮ ਹੋ ਗਈ।’’
‘‘ਹੈਂ ਮੰਮੀ ਜੀ? ਹਰ ਰੋਜ਼ ਅਖਬਾਰਾਂ ਤੇ ਟੀ ਵੀ ਚੈਨਲਾਂ ਤੋਂ ਦਰਦਨਾਕ ਖ਼ਬਰਾਂ ਸੁਣਦੇ ਹਾਂ, ਕਿਵੇਂ ਮਾਵਾਂ ਪੁੱਤਾਂ ਦੀਆਂ ਲੋਥਾਂ ’ਤੇ ਲਿਟਦੀਆਂ ਨੇ ਪਿਟਦੀਆਂ ਨੇ, ਭੈਣਾਂ ਦੀਆਂ ਚੀਕਾਂ ਸੁਣ ਦਿਲ ਨੂੰ ਧੂਹ ਪੈਂਦੀ ਆ, ਬੱਚੇ ਕਿਵੇਂ ਪਿਉ ਦੀ ਉਡੀਕ ਕਰਦੇ ਨੇ, ਹੈਰੋਇਨ ਤੇ ਚਿੱਟੇ ਨੇ ਔਰਤਾਂ ਨੂੰ ਭਰ ਜਵਾਨੀ ਵਿੱਚ ਹੀ ਸਿਰ ’ਤੇ ਚਿੱਟੀਆਂ ਚੁੰਨੀਆਂ ਲੈਣ ਲਈ ਮਜਬੂਰ ਕਰ ਦਿੱਤਾ। ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ, ਘਰਾਂ ਦੇ ਕਿੰਨੇ ਹੀ ਚਿਰਾਗ ਬੁਝ ਗਏ।’’ ‘‘ਹਾਂ ਪੁੱਤ! ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਹੀ ਪਰਮਾਤਮਾ ਅੱਗੇ ਇਹੋ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਤੂੰ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਜ਼ਿੰਦਗੀ ਜਿਉਣ ਦਾ ਬਲ ਬਖ਼ਸ਼ੀਂ। ਸਾਡੀ ਗੌਰਮਿੰਟ ਖੌਰੇ ਕਦੋਂ ਜਾਗੂ, ਨਸ਼ਿਆਂ ਦੇ ਸੌਦਾਗਰ ਤਾਂ ਕਾਨੂੰਨ ਅਤੇ ਜੇਲ੍ਹਾਂ ਤੋਂ ਕੋਹਾਂ ਦੂਰ ਨੇ। ਕੀ ਪਤਾ ਸਾਡੇ ਪ੍ਰਬੰਧਕ ਕਦੋਂ ਕੋਈ ਉਪਰਾਲਾ ਕਰਕੇ ਇਨ੍ਹਾਂ ਨੂੰ ਨੱਥ ਪਾਉਣਗੇ।
ਫੇਰ ਕਿਤੇ ਜਾ ਕੇ ਸਾਡੇ ਨੌਜਵਾਨਾਂ ਦਾ ਭਵਿੱਖ, ਰੰਗਲਾ ਪੰਜਾਬ ਅਤੇ ਬਚਦੀਆਂ ਕੁਲਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇਗਾ।’’
ਸੰਪਰਕ: 97795-27418

Advertisement
Author Image

Advertisement