ਕਹਾਣੀਆਂ
ਮਿਹਣਿਆਂ ਵਿੰਨ੍ਹੀ ਉਡੀਕ...
ਮਨਪ੍ਰੀਤ ਕੌਰ ਸੰਧੂ
‘‘ਮੀਤੋ, ਨੀ ਕੀ ਹੋਇਆ ਕੁੜੇ, ਫਿੱਟੇਹਾਲ, ਨੀ ਹੋਸ਼ ਕਰ, ਕਾੜ੍ਹਨੀ ਦਾ ਸਾਰਾ ਦੁੱਧ ਉਬਾਲ਼ ਮਾਰ ਬਾਹਰ ਡੁੱਲ੍ਹੀ ਜਾਂਦੈ, ਫੋਟ... ਜੈਖਾਣੀ ਨੂੰ ਅਜੇ ਵੀ ਨਹੀਂ ਸੁਣਦਾ, ਮੀਤੋ ...ਨੀ ਮੀਤੋ,’’ ਮੀਤੋ ਦੀ ਸੱਸ ਨੇ ਅੱਗ ਉੱਤੇ ਪਾਣੀ ਦੇ ਕੁਝ ਛਿੱਟੇ ਮਾਰ ਅੱਗ ਮੱਠੀ ਕਰਦਿਆਂ ਉਸ ਦੇ ਮੋਢੇ ਹਲੂਣ ਕੇ ਕਿਹਾ, ‘‘ਨੀ ਖੇਖਣ ਜਿਹੇ ਨਾ ਕਰਿਆ ਕਰ। ਮੈਂ ਅੱਜ ਰਾਣੋ ਕੋਲੇ ਜਾਣੈ, ਸੁੱਖ ਨਾਲ ਸੰਧਾਰਾ ਦੇਣ। ਮੈਂ ਸੋਚਦੀ ਸੀ ਸੇਰ ਦੋ ਸੇਰ ਦੁੱਧ ਵੀ ਫੜੀ ਜਾਂਦੀ ਨਾਲ, ਪਰ ਤੂੰ ਨਕਫ਼ਨੀ ਨੇ ਦੁੱਧ ਸਾਰਾ ਅੱਗ ਲਾ ਦਿੱਤਾ। ਚੱਲ ਉੱਠ, ਮੈਨੂੰ ਸਮਾਨ ਫੜਾ। ਤੇਰੇ ਕੰਜਰਖਾਨੇ ’ਚ ਮੇਰੀ ਲਾਰੀ ਹੀ ਨਾ ਲੰਘ ਜਾਵੇ। ਇੱਕ ਤਾਂ ਜੈਖਾਣੀ ਹੋਰ ਆਉਣੀ ਵੀ ਨਹੀਂ ਦੂਜੀ ਵਾਰ।’’
‘‘ਫੜਾਉਂਦੀ ਆਂ ਬੇਬੇ,’’ ਇੰਨਾ ਕਹਿ ਮੀਤੋ ਸਬਾਤ ਵਿੱਚੋਂ ਇੱਕ ਝੋਲਾ ਬੇਬੇ ਨੂੰ ਫੜਾ ਬੋਲੀ, ‘‘ਬੇਬੇ, ਨ੍ਹੇਰਾ ਨਾ ਕਰੀਂ, ਪਰਛਾਵੇਂ ਢਲਣ ਸਾਰ ਤੁਰ ਪਈ ਉੱਥੋਂ। ਅੱਗੋਂ ਬਾਹਰਲੀ ਫਿਰਨੀ ਉੱਤੇ ਤੇਰਾ ਪੁੱਤ ਤੈਨੂੰ ਸ਼ੈਕਲ (ਸਾਈਕਲ) ’ਤੇ ਲੈਣ ਆਊ। ਨਾਲੇ ਇਹ ਰੱਤਾ ਸੂਟ ਰਾਣੋ ਨੂੰ ਕਹੀਂ ਸੰਵਾ ਕੇ ਪਾਵੇ, ਮੈਂ ਹੱਥੀਂ ਛਿੰਦੀ ਬੂਟੀ ਨਾਲ ਕੱਢਿਆ ਇਹ।’’ ਬੇਬੇ ਨੇ ਇੰਝ ਘੂਰਿਆ ਜਿਵੇਂ ਪਤਾ ਨਹੀਂ ਕੀ ਕਹਿਰ ਹੋ ਗਿਆ ਹੋਵੇ। ਸੂਟ ਪਰ੍ਹੇ ਵਗਾਹ ਮਾਰਦੀ ਬੁੜ ਬੁੜ ਕਰਨ ਲੱਗੀ, ‘‘ਨੀ ਰਹਿਣ ਦੇ, ਰੱਖ ਤੂੰ ਆਪਣਾ ਖੱਫਣ ਆਪਦੇ ਕੋਲ। ਮੇਰੀ ਮੀਤੋ ਨੂੰ ਦੇਣ ਨੂੰ ਬਥੇਰਾ ਕੁਝ ਹੈਗਾ ਮੇਰੇ ਕੋਲ। ਆਪਣਾ ਵੇਖ ਔਂਤਰੀ ਨੰਗ ਲਾਣੇ ਦੀ। ਨੀ ਕਿੱਧਰ ਗਏ ਤੇਰੇ ਵੱਡੇ ਹੇਜੀ, ਕਦੇ ਵੱਤੀ ਨਹੀਂ ਵਾਹੀ,’’ ਏਨਾ ਕਹਿ ਬੇਬੇ ਬੂਹਿਓਂ ਬਾਹਰ ਨਿਕਲ ਗਈ। ਮੀਤੋ ਨੇ ਦੋ ਮੁੱਕੀਆਂ ਪੂਰੇ ਜ਼ੋਰ ਨਾਲ ਆਪਣੇ ਢਿੱਡ ’ਚ ਮਾਰੀਆਂ ਤੇ ਨਾਲ ਦੇ ਜੰਮੇ ਨੂੰ ਕੋਸਦੀ ਅੰਦਰ ਵੜ ਲੰਮੀ ਪੈ ਗਈ।
ਇੱਕ ਵੀਰ ਉਹ ਸੀ ਜਿਹੜਾ ਰੱਬ ਕੋਲ ਚਲਾ ਗਿਆ ਤੇ ਆ ਹੀ ਨਹੀਂ ਸਕਦਾ, ਇੱਕ ਵੀਰ ਉਹ ਹੈ ਜਿਸ ਨੂੰ ਘਰ ਦੀਆਂ ਉਲਝਣਾਂ ਤੇ ਕੰਮਕਾਰ ਕਰਕੇ ਮੀਤੋ ਸ਼ਾਇਦ ਯਾਦ ਨਹੀਂ ਰਹੀ ਹੋਣੀ। ‘ਚੱਲ ਓਹ ਜਾਣੇ, ਕੀ ਹੋ ਜਾਊ ਇਸ ਸੰਧਾਰੇ ਨਾਲ! ਨਾਲੇ ਬੇਬੇ ਦਾ ਕੀ ਹੈ ਇਹ ਤਾਂ ਉੱਤੋਂ-ਉੱਤੋਂ ਬੋਲਦੀ ਹੈ, ਮੇਰਾ ਤਾਂ ਮੁੜ੍ਹਕਾ ਨਹੀਂ ਸਹਿੰਦੀ।’ ਬਸ ਸੱਚ ਨੂੰ ਝੂਠ ਮੰਨ ਰੋਟੀ ਦਾ ਆਹਰ ਕਰਦੀ ਮੀਤੋ ਅੰਦਰੋਂ ਵਾਰ-ਵਾਰ ਬੂਹੇ ਵੱਲ ਦੇਖ ਰਹੀ ਸੀ। ਉਸ ਨੂੰ ਭੁਲੇਖਾ ਪੈਂਦਾ ਰਿਹਾ ਕਿ ਵੀਰ ਸਿਰ ਉੱਤੇ ਪੀਪਾ ਰੱਖੀ ਸੰਧਾਰਾ ਦੇਣ ਆ ਰਿਹਾ ਹੈ। ਚਾਚੀ ਬਚਨੀ ਨੂੰ ਆਉਂਦੀ ਦੇਖ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਮੀਤੋ ਅੱਖ ’ਚ ਕਣ ਪੈਣ ਦਾ ਬਹਾਨਾ ਲਗਾ ਰੱਜ ਕੇ ਰੋਈ ਤਾਂ ਦਿਲ ਹੌਲ਼ਾ ਹੋ ਗਿਆ, ਪਰ ਮਲਮਲ ਦੀ ਚੁੰਨੀ ਵਿੱਚੋਂ ਹੁਣ ਵੀ ਵਾਰ-ਵਾਰ ਬੂਹੇ ਵੱਲ ਵੇਖ ਰਹੀ ਸੀ।
ਸੰਪਰਕ: 97691-86791
* * *
ਟੂਣੇ ਵਾਲੇ ਸੱਪ
ਅਮਰਜੀਤ ਸਿੰਘ ਫ਼ੌਜੀ
ਮੇਰੇ ਦੋਸਤ ਸ਼ਮਸ਼ੇਰ ਮੱਲ੍ਹੀ ਤੇ ਰੁਲ਼ਦੂ ਸ਼ਰਮਾ ਦੋਹਾਂ ਦੀ ਵੀ ਗੂੜ੍ਹੀ ਦੋਸਤੀ ਸੀ। ਉਹ ਸਨ ਵੀ ਇੱਕੋ ਪਿੰਡ ਦੇ। ਮੱਲ੍ਹੀ ਪੂਰਾ ਤਰਕਵਾਦੀ ਸੀ ਅਤੇ ਅੰਧ-ਵਿਸ਼ਵਾਸ ਦੇ ਬਖੀਏ ਉਧੇੜਦਾ ਰਹਿੰਦਾ ਸੀ। ਦੂਜੇ ਪਾਸੇ ਰੁਲਦੂ ਟੂਣੇ ਟਾਮਣ, ਧਾਗੇ ਤਵੀਤ ਅਤੇ ਹੋਰ ਅੰਧ-ਵਿਸ਼ਵਾਸੀ ਹਰਕਤਾਂ ’ਤੇ ਵਿਸ਼ਵਾਸ ਕਰਦਾ ਸੀ। ਇਸ ਵਿਸ਼ੇ ’ਤੇ ਦੋਹਾਂ ਵਿੱਚ ਬਹਿਸ ਵੀ ਹੁੰਦੀ ਰਹਿੰਦੀ ਸੀ।
ਇੱਕ ਦਿਨ ਕੀ ਹੋਇਆ ਕਿ ਜੁਲਾਈ ਦਾ ਮਹੀਨਾ ਹੋਣ ਕਰਕੇ ਗਰਮੀ ਬਹੁਤ ਜ਼ਿਆਦਾ ਸੀ। ਅੰਬਰੋਂ ਅੱਗ ਵਰ੍ਹ ਰਹੀ ਸੀ। ਹਵਾ ਬਿਲਕੁਲ ਬੰਦ ਸੀ। ਰੁੱਖਾਂ ਦਾ ਪੱਤਾ ਵੀ ਨਹੀਂ ਹਿੱਲਦਾ ਸੀ। ਦੋਵੇਂ ਦੋਸਤ ਗਰਮੀ ਦੇ ਸਤਾਏ ਹੋਏ ਨਹਿਰ ’ਤੇ ਨਹਾਉਣ ਚਲੇ ਗਏ ਅਤੇ ਕੱਪੜੇ ਲਾਹ ਕੇ ਪਾਣੀ ਵਿੱਚ ਵੜ ਗਏ। ਜਦੋਂ ਉਨ੍ਹਾਂ ਨੂੰ ਠੰਢੇ ਪਾਣੀ ਵਿੱਚ ਨਹਾਉਣ ਸਦਕਾ ਸੁਰਤ ਜਿਹੀ ਆਈ ਤਾਂ ਇੰਨੇ ਨੂੰ ਨਹਿਰ ਵਿੱਚ ਇੱਕ ਵੱਡਾ ਲਿਫ਼ਾਫ਼ਾ ਤੈਰਦਾ ਦਿਸਿਆ। ਮੱਲ੍ਹੀ ਨੇ ਉਹ ਲਿਫ਼ਾਫ਼ਾ ਫੜ ਲਿਆ। ਜਦੋਂ ਇਸ ਨੂੰ ਖੋਲ੍ਹਿਆ ਤਾਂ ਵਿੱਚੋਂ ਅੱਡ ਅੱਡ ਲਿਫ਼ਾਫ਼ਿਆਂ ਵਿੱਚ ਬੰਨ੍ਹੇ ਹੋਏ ਦੋ ਲਲੇਰ ਨਿਕਲੇ। ਇੱਕ ਲਲੇਰ ਤਾਂ ਮੱਲ੍ਹੀ ਨੇ ਉੱਥੇ ਹੀ ਭੰਨ ਲਿਆ ਅਤੇ ਖਾਣ ਲੱਗਿਆ। ਜਦੋਂ ਉਸ ਨੇ ਰੁਲਦੂ ਨੂੰ ਖਾਣ ਲਈ ਕਿਹਾ ਤਾਂ ਉਹ ਨਾਂਹ ਨੁੱਕਰ ਜਿਹੀ ਕਰਨ ਮਗਰੋਂ ਖਾਣ ਲਈ ਮੰਨ ਗਿਆ। ਦਰਅਸਲ, ਮੱਲ੍ਹੀ ਨੇ ਤਰਕ ਨਾਲ ਸਮਝਾਇਆ ਸੀ ਕਿ ਮੈਂ ਵੀ ਤੇਰੇ ਸਾਹਮਣੇ ਹੀ ਖਾਧਾ ਹੈ ਮੈਨੂੰ ਤਾਂ ਕੁਝ ਨਹੀਂ ਹੋਇਆ। ਇਸ ਕਰਕੇ ਰੁਲਦੂ ਵੀ ਡਰਦਾ ਡਰਦਾ ਜਿਹਾ ਖਾ ਗਿਆ ਅਤੇ ਦੂਜਾ ਲਿਫ਼ਾਫ਼ਾ ਉਸ ਨੇ ਘਰ ਲਿਜਾਣ ਲਈ ਰੱਖ ਲਿਆ। ਨਹਾਉਣ ਮਗਰੋਂ ਮੱਲ੍ਹੀ ਆਪਣੀ ਵਰਕਸ਼ਾਪ ਚਲਾ ਗਿਆ ਅਤੇ ਰੁਲਦੂ ਦੂਜੇ ਨਾਰੀਅਲ ਵਾਲਾ ਲਿਫ਼ਾਫ਼ਾ ਲੈ ਕੇ ਘਰ ਚਲਾ ਗਿਆ। ਘਰ ਜਾ ਕੇ ਜਿਉਂ ਹੀ ਉਸ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਵਿੱਚੋਂ ਇੱਕ ਵਧੀਆ ਲਲੇਰ ਅਤੇ ਚਾਂਦੀ ਦੇ ਦੋ ਸੱਪ ਨਿਕਲੇ ਤਾਂ ਉਹ ਡਰ ਗਿਆ। ਇੰਨੇ ਨੂੰ ਉਸ ਦੀ ਮਾਂ ਵੀ ਅਚਾਨਕ ਘਰ ਆ ਗਈ ਜੋ ਗੁਆਂਢੀਆਂ ਦੇ ਘਰ ਢਿੱਡ ਹੌਲ਼ਾ ਕਰਨ ਗਈ ਸੀ। ਉਸ ਨੇ ਕੌੜ ਅੱਖਾਂ ਨਾਲ ਰੁਲਦੂ ਵੱਲ ਦੇਖ ਕੇ ਪੁੱਛਿਆ, ‘‘ਇਹ ਕੀ ਹੈ ਅਤੇ ਕਿੱਥੋਂ ਲਿਆਇਐਂ?’’ ਰੁਲਦੂ ਨੇ ਸਾਰੀ ਕਹਾਣੀ ਦੱਸੀ ਤਾਂ ਉਸ ਦੀ ਮਾਂ ਨੇ ਲੀੜੇ ਧੋਣ ਵਾਲਾ ਥਾਪਾ ਚੁੱਕ ਕੇ ਦੋ ਤਿੰਨ ਵਾਰੀ ਉਸ ਦੇ ਮੌਰਾਂ ਵਿੱਚ ਛੱਡੀਆਂ ਤੇ ਕਹਿੰਦੀ, ‘‘ਇਨ੍ਹਾਂ ਨੂੰ ਜਿੱਥੋਂ ਲੈ ਕੇ ਆਇਐਂ ਉੱਥੇ ਹੀ ਸੁੱਟ ਕੇ ਆ। ਨਹੀਂ ਤਾਂ ਘਰੇ ਨਾ ਵੜੀਂ।’’ ਰੁਲਦੂ ਨੇ ਡਰਦੇ ਡਰਦੇ ਨੇ ਚਿਮਟੇ ਨਾਲ ਚੁੱਕ ਕੇ ਸੱਪ ਅਤੇ ਲਲੇਰ ਲਿਫ਼ਾਫ਼ੇ ਵਿੱਚ ਪਾਏ ਤੇ ਨਹਿਰ ਵੱਲ ਨੂੰ ਚੱਲ ਪਿਆ। ਉਹ ਡਰਦਾ ਨਹਿਰ ਤੱਕ ਵੀ ਨਾ ਗਿਆ ਤੇ ਰਾਹ ਵਿੱਚ ਹੀ ਝਾੜੀਆਂ ਵਿੱਚ ਲਿਫ਼ਾਫ਼ਾ ਸੁੱਟ ਕੇ ਮੁੜ ਆਇਆ।
ਉਹ ਸਿੱਧਾ ਮੱਲ੍ਹੀ ਕੋਲ ਜਾ ਕੇ ਕਹਿਣ ਲੱਗਾ, ‘‘ਯਾਰ, ਅੱਜ ਤਾਂ ਤੂੰ ਮੇਰੇ ਮੌਰ ਈ ਕੁਟਵਾ ਦਿੱਤੇ।’’ ਮੱਲ੍ਹੀ ਨੇ ਭਮੱਤਰੇ ਜਿਹੇ ਰੁਲਦੂ ਵੱਲ ਹੈਰਾਨੀ ਨਾਲ ਦੇਖਿਆ ਤੇ ਕਾਰਨ ਪੁੱਛਿਆ ਤਾਂ ਉਸ ਨੇ ਲਿਫ਼ਾਫ਼ਾ ਸੁੱਟਣ ਤੱਕ ਦੀ ਸਾਰੀ ਕਹਾਣੀ ਦੱਸੀ। ਮੱਲ੍ਹੀ ਕਹਿੰਦਾ, ‘‘ਚੱਲ ਮੇਰੇ ਨਾਲ, ਮੈਨੂੰ ਦੱਸ ਉਹ ਲਿਫ਼ਾਫ਼ਾ ਕਿੱਥੇ ਸੁੱਟਿਐ?’’
ਰੁਲਦੂ ਨੂੰ ਨਾਲ ਲੈ ਕੇ ਉਹ ਲਿਫ਼ਾਫ਼ਾ ਚੁੱਕ ਲਿਆਇਆ। ਮੱਲ੍ਹੀ ਨੇ ਆਉਣ ਸਾਰ ਚਾਂਦੀ ਦੇ ਸੱਪ ਤਾਂ ਗੱਲੇ ਵਿੱਚ ਸੁੱਟ ਲਏ ਤੇ ਲਲੇਰ ਭੰਨ ਕੇ ਖਾਣ ਲੱਗਿਆ। ਡਰਿਆ ਹੋਇਆ ਰੁਲਦੂ ਘਰੇ ਆ ਗਿਆ।
ਕਈ ਦਿਨਾਂ ਬਾਅਦ ਰੁਲਦੂ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸਦਿਆਂ ਕਿਹਾ ਕਿ ਮੱਲ੍ਹੀ ਸੱਪ ਵੀ ਚੁੱਕ ਲਿਆਇਆ ਤੇ ਲਲੇਰ ਵੀ ਖਾ ਗਿਆ, ਉਸ ਨੂੰ ਤਾਂ ਕੁਝ ਨਹੀਂ ਹੋਇਆ। ਉਸ ਦੀ ਮਾਂ ਸਿੱਧੀ ਮੱਲ੍ਹੀ ਦੇ ਘਰ ਜਾ ਪਹੁੰਚੀ ਤੇ ਦੂਰੋਂ ਈ ਬੋਲੀ, ‘‘ਵੇ ਮੱਲ੍ਹੀਆ! ਕਿੱਥੇ ਐਂ ਤੂੰ?’’ ਮੱਲ੍ਹੀ ਅੱਖਾਂ ਜਿਹੀਆਂ ਮਲਦਾ ਬਾਹਰ ਆਇਆ ਤੇ ਬੋਲਿਆ, ‘‘ਹਾਂ ਬੇਬੇ, ਕੀ ਹੋਇਆ!’’
ਰੁਲਦੂ ਦੀ ਮਾਂ ਕਹਿੰਦੀ, ‘‘ਲਿਆ ਸਾਡੇ ਸੱਪ।’’
ਉਹ ਖਚਰੀ ਜਿਹੀ ਹਾਸੀ ਹੱਸਦਾ ਬੋਲਿਆ, ‘‘ਬੇਬੇ, ਕਿਹੜੇ ਸੱਪ!’’ ਉਹ ਕਹਿੰਦੀ, ‘‘ਜਿਹੜੇ ਨਹਿਰ ’ਚੋਂ ਫੜੇ ਸੀ।’’ ਉਸ ਨੇ ਕਿਹਾ, ‘‘ਉਹ ਤਾਂ ਰੁਲਦੂ ਸੁੱਟ ਆਇਆ ਸੀ।’’ ਰੁਲਦੂ ਦੀ ਮਾਂ ਕਹਿੰਦੀ, ‘‘ਭਾਵੇਂ ਉਹ ਸੁੱਟ ਆਇਆ ਸੀ! ਸੀ ਤਾਂ ਸਾਡੇ ਈ ਨਾ। ਚੱਲ ਪੁੱਤ, ਤੂੰ ਇਉਂ ਕਰ ਅੱਧੇ ਅੱਧੇ ਵੰਡ ਲੈ ਤੇ ਇੱਕ ਸੱਪ ਸਾਨੂੰ ਦੇ ਦੇ।
ਮੈਂ ਰੁਲਦੂ ਦੀ ਬਹੂ ਵਾਸਤੇ ਸਕੰਦੀਆਂ ਬਣਵਾ ਦੂੰ।’’
ਮੱਲ੍ਹੀ ਨੇ ਇੱਕ ਸੱਪ ਰੁਲਦੂ ਦੀ ਮਾਂ ਨੂੰ ਫੜਾਉਂਦਿਆਂ ਹੱਸ ਕੇ ਕਿਹਾ, ‘‘ਬੇਬੇ, ਇਨ੍ਹਾਂ ’ਤੇ ਟੂਣਾ ਕੀਤਾ ਹੋਇਆ ਸੀ।’’
‘‘ਵੇ ਕਿਹੜਾ ਟੂਣਾ! ਐਵੇਂ ਲੋਕਾਂ ਨੂੰ ਡਰਾਉਂਦੇ ਐ ਇਹ ਟੂਣੇ ਟਾਮਣ ਤੇ ਧਾਗੇ ਤਵੀਤ ਕਰਨ ਵਾਲੇ ਅੰਧ-ਵਿਸ਼ਵਾਸੀ ਲੋਕ।’’ ਮੱਲ੍ਹੀ ਜਾਣਦਾ ਸੀ ਕਿ ਪਾਖੰਡੀ ਬਾਬੇ ਭੋਲ਼ੇ-ਭਾਲ਼ੇ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਦੇ ਹਨ। ਇਹੋ ਜਿਹੇ ਵਿਅਕਤੀਆਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੀਆਂ ਸਮਾਜ ਵਿਰੋਧੀ ਹਰਕਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਨ੍ਹਾਂ ਦੇ ਚੁੰਗਲ ਵਿੱਚ ਫਸਣ ਤੋਂ ਬਚਾਇਆ ਜਾ ਸਕੇ ਅਤੇ ਸਰਕਾਰ ਨੂੰ ਵੀ ਇਨ੍ਹਾਂ ਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਫਿਰ ਪਿਆਰ ਜਿਹੇ ਨਾਲ ਬੋਲੀ, ‘‘ਵੇ ਮੱਲ੍ਹੀਆ, ਜੇ ਸਾਡੇ ਹਿੱਸੇ ਦਾ ਲਲੇਰ ਵੀ ਪਿਐ ਤਾਂ ਉਹ ਵੀ ਫੜਾ ਦੇ ਮੈਂ ਰੁਲਦੂ ਨੂੰ ਖੀਰ ਬਣਾ ਦੇਊਂ।’’ ਮੱਲ੍ਹੀ ਖਿੜਖਿੜਾ ਕੇ ਹੱਸ ਪਿਆ ਤੇ ਕਹਿੰਦਾ, ‘‘ਦੀਨੇ ਪਿੰਡ ਵਾਲਾ ਫ਼ੌਜੀ ਆਇਆ ਸੀ ਲਲੇਰ ਤਾਂ ਉਹ ਛਕ ਗਿਆ, ਹੁਣ ਕਿੱਥੋਂ ਭਾਲਦੀ ਐਂ ਖੋਪਾ।’’
ਸੰਪਰਕ: 94174-04804