ਸਰਲ ਭਾਸ਼ਾ ’ਚ ਲਿਖੀਆਂ ਕਹਾਣੀਆਂ
ਸੁਖਮਿੰਦਰ ਸਿੰਘ ਸੇਖੋਂ
ਪੁਸਤਕ ਪੜਚੋਲ
ਪ੍ਰੋਢ ਕਹਾਣੀਕਾਰ ਜਸਬੀਰ ਸਿੰਘ ਆਹਲੂਵਾਲੀਆ ਆਪਣੀਆਂ 16 ਕਹਾਣੀਆਂ ਦੀ ਪੁਸਤਕ ‘ਦੋ ਕੱਪ ਚਾਹ’ (ਕੀਮਤ: 200 ਰੁਪਏ; ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ) ਲੈ ਕੇ ਹਾਜ਼ਰ ਹੋਇਆ ਹੈ। ਪੁਸਤਕ ਦੀ ਸਿਰਲੇਖ ਕਹਾਣੀ ਪਹਿਲੇ ਨੰਬਰ ’ਤੇ ਸ਼ਾਮਿਲ ਕੀਤੀ ਗਈ ਹੈ। ਮੁੱਖ ਪਾਤਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਪਰ ਉਸ ਦੀ ਯਾਦ ਹਮੇਸ਼ਾ ਉਸ ਨੂੰ ਸਤਾਉਂਦੀ ਰਹਿੰਦੀ ਹੈ। ਜਿਉਂ ਹੀ ਆਪਣੇ ਬੈੱਡਰੂਮ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਨੂੰ ਆਪਣਾ ਬਿਸਤਰਾ ਖਾਲੀ ਨਜ਼ਰ ਆਉਂਦਾ ਹੈ। ਉਸ ਦੇ ਅੰਦਰੋਂ ਹੀ ਆਪਣੇ ਪਤੀ ਦੀ ਆਵਾਜ਼ ਆਈ, ਇਹ ਕੀ ਪਾਗਲਪਣ ਹੈ? ਮੈਂ ਤਾਂ ਤੈਨੂੰ ਹਮੇਸ਼ਾ ਛੱਡ ਕੇ ਜਾ ਚੁੱਕਾ ਹਾਂ। ਫਿਰ ਇਹ ਦੋ ਕੱਪ ਚਾਹ ਕਿਸ ਲਈ? ਇਉਂ ਕਹਾਣੀ ਆਪਣੇ ਸਿਰਲੇਖ ਦਾ ਮੰਤਵ ਵੀ ਦਰਸਾ ਜਾਂਦੀ ਹੈ। ਕਹਾਣੀ ਪਾਠਕਾਂ ਨਾਲ ਭਾਵਨਾਤਮਕ ਸਾਂਝ ਪਾਉਣ ਦੇ ਆਹਰ ਵਿੱਚ ਰਹਿੰਦੀ ਹੈ। ਕਹਾਣੀ ‘ਕਾਰਜ ਆਏ ਰਾਸ’ ਵੀ ਰਿਸ਼ਤਿਆਂ ਦੇ ਸੰਜੋਗ ਨਾਲ ਸਬੰਧਿਤ ਹੈ। ਮੁੰਡੇ ਕੁੜੀ ਦਾ ਰਿਸ਼ਤਾ ਪੱਕਾ ਹੋਣ ’ਤੇ ਸਾਰੇ ਜਣੇ ਬਹੁਤ ਖ਼ੁਸ਼ ਹੋ ਉੱਠਦੇ ਹਨ, ਭਾਵ ਕਾਰਜ ਆਇਆ ਰਾਸ। ਸ਼ੁਭ ਕਾਰਜ ਸੰਪੰਨ ਹੁੰਦਾ ਹੈ।
ਕਹਾਣੀ ‘ਕੁਦਰਤਿ ਦੇ ਸਭ ਬੰਦੇ’ ਵੀ ਆਪਣੇ ਸਿਰਲੇਖ ਨਾਲ ਹੀ ਇਕਮਿਕ ਰਹਿੰਦੀ ਹੈ। ਕਹਾਣੀ ਦਾ ਇੱਕ ਸੰਵਾਦ ਹੀ ਇਸ ਕਹਾਣੀ ਦਾ ਵਿਸ਼ਾ ਦਰਸਾ ਜਾਂਦਾ ਹੈ, ਰੱਬ ਦਾ ਅਸਲੀ ਘਰ ਤਾਂ ਇਹ ਹੈ ਜਿੱਥੇ ਮਨੁੱਖਤਾ ਲਈ ਬੱਸ ਪਿਆਰ ਹੀ ਪਿਆਰ ਵੱਸਦਾ ਹੈ। ਉਮੀਦ ਹੈ ਕਿ ਇਸ ਪੁਸਤਕ ਦੀਆਂ ਦੂਸਰੀਆਂ ਕਹਾਣੀਆਂ ਵੀ ਪਾਠਕ ਨੂੰ ਨਾਲ ਲੈ ਕੇ ਤੁਰਨਗੀਆਂ ਤੇ ਉਹ ਇੱਕ ਇੱਕ ਕਰ ਕੇ ਪੜ੍ਹਦਾ ਜਾਵੇਗਾ। ਇਹ ਪਾਠਕ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਦੀ ਕਹਾਣੀ ਪੜ੍ਹਨੀ ਚਾਹੇਗਾ? ਸਾਰੀਆਂ ਹੀ ਕਹਾਣੀਆਂ ਸਰਲ ਭਾਸ਼ਾ ਵਿੱਚ ਹਨ, ਕੋਈ ਦਿੱਕਤ ਜਾਂ ਔਕੜ ਨਹੀ ਆਉਂਦੀ। ਕਹਾਣੀਆਂ ਦੇ ਸਿਰਲੇਖ ਵੀ ਕਹਾਣੀਆਂ ਦੇ ਵਿਸ਼ੇ ਅਨੁਸਾਰ ਹੀ ਸੋਚ ਕੇ ਰੱਖ ਗਏ ਹਨ। ਮਸਲਨ ਹਵਾਈ ਫਾਇਰ, ਇਮਾਨ, ਇਸ਼ਾਰਾ, ਰਿਸਦੇ ਜ਼ਖਮ, ਬੰਦ ਡੱਬਾ ਆਦਿ। ਕਿਸੇ ਵੀ ਕਹਾਣੀ ਵਿੱਚ ਸੰਘਣਾਪਣ ਤੇ ਕੋਈ ਵਧੇਰੇ ਗੁੰਝਲ ਨਹੀਂ, ਪਾਠਕ ਸਹਿਜ ਨਾਲ ਪੜ੍ਹਦਾ ਜਾਵੇਗਾ। ਬੇਸ਼ੱਕ ਅਜੋਕੀ ਕਹਾਣੀ ਇਸ ਤੋਂ ਵੱਖਰੇ ਧਰਾਤਲ ’ਤੇ ਖੜ੍ਹੀ ਨਜ਼ਰ ਆਉਂਦੀ ਹੈ, ਪਰ ਅਜਿਹੀਆਂ ਕਹਾਣੀਆਂ ਪਹਿਲੋਂ ਵੀ ਲਿਖੀਆਂ ਗਈਆਂ ਹਨ ਤੇ ਸਮਕਾਲ ਤੋਂ ਅਭਿੱਜ ਬਹੁਤ ਸਾਰੇ ਕਹਾਣੀਕਾਰ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਣ ਵੱਲ ਵੀ ਰੁਚਿਤ ਹਨ ਜਨਿ੍ਹਾਂ ਦਾ ਆਪਣਾ ਇੱਕ ਅਲੱਗ ਪਾਠਕ ਵਰਗ ਹੈ।
ਸਮੁੱਚੇ ਰੂਪ ਵਿੱਚ ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਜਸਬੀਰ ਸਿੰਘ ਆਹਲੂਵਾਲੀਆ ਨੇ ਪੂਰੀ ਲਗਨ ’ਤੇ ਇਮਾਨਦਾਰੀ ਨਾਲ ਇਨ੍ਹਾਂ ਕਹਾਣੀਆਂ ਦੀ ਰਚਨਾ ਹੀ ਨਹੀਂ ਕੀਤੀ ਸਗੋਂ ਇਕੱਠੀਆਂ ਕਰ ਕੇ ਪੁਸਤਕ ਰੂਪ ਵਿੱਚ ਛਾਪਿਆ ਵੀ ਹੈ। ਉਨ੍ਹਾਂ ਦੇ ਪੁਰਾਣੇ ਮਿੱਤਰ ਸਾਹਿਤਕਾਰ ਕੁਲਬੀਰ ਸਿੰਘ ਸੂਰੀ ਨੇ ਸਿਰਫ਼ ਇਹ ਕਿਤਾਬ ਹੀ ਨਹੀਂ ਛਾਪੀ ਸਗੋਂ ਆਪਣੇ ਵੱਲੋਂ ਸਾਹਿਤਕ ਪੱਧਰ ’ਤੇ ਵਿਚਰਦਿਆਂ ਭੂਮਿਕਾ ਦਾ ਅਹਿਮ ਯੋਗਦਾਨ ਵੀ ਪਾਇਆ ਹੈ। ਉਮੀਦ ਹੈ ਕਿ ਭਵਿੱਖ ਵਿੱਚ ਕਹਾਣੀਕਾਰ ਹੋਰ ਨਿੱਠ ਕੇ ਬਿਹਤਰ ਕਹਾਣੀਆਂ ਦੀ ਸਿਰਜਣਾ ਕਰੇਗਾ।
ਸੰਪਰਕ: 98145-07693