For the best experience, open
https://m.punjabitribuneonline.com
on your mobile browser.
Advertisement

ਮਨੁੱਖੀ ਸੁਭਾਅ ਦੀਆਂ ਪਰਤਾਂ ਫਰੋਲਦੀਆਂ ਕਹਾਣੀਆਂ

11:18 AM Jul 16, 2023 IST
ਮਨੁੱਖੀ ਸੁਭਾਅ ਦੀਆਂ ਪਰਤਾਂ ਫਰੋਲਦੀਆਂ ਕਹਾਣੀਆਂ
Advertisement

ਡਾ. ਸੁਰਜੀਤ ਸਿੰਘ ਭਦੌੜ
ਪੁਸਤਕ ਰੀਵਿਊ
ਰਵਿੰਦਰ ਸਿੰਘ ਸੋਢੀ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ ‘ਹੁੰਗਾਰਾ ਕੌਣ ਭਰੇ’ (ਕੀਮਤ: 450 ਰੁਪਏ, ਐਵਿਸ ਪਬਲੀਕੇਸ਼ਨ, ਦਿੱਲੀ) ਆਵਾਸ ਪਰਵਾਸ, ਨਵੀਂ ਤੇ ਪੁਰਾਣੀ ਪੀੜ੍ਹੀ ਵਿਚਲੇ ਮਾਨਸਿਕ ਤੇ ਸਮਾਜਿਕ ਅੰਤਰ ਦੀ ਸਪੱਸ਼ਟ ਬਿਆਨੀ ਕਰਦਾ ਹੈ। ਆਪਣੇ ਸਮੇਤ ਸੰਪਾਦਕ ਨੇ ਸੱਤ ਕਹਾਣੀਕਾਰਾਂ ਦੀਆਂ 31 ਕਹਾਣੀਆਂ ਨੂੰ ਇਸ ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕੀਤਾ ਹੈ, ਪਰ ਪੁਸਤਕ ਵਿੱਚ ‘ਹੁੰਗਾਰਾ ਕੌਣ ਭਰੇ’ ਸਿਰਲੇਖ ਅਧੀਨ ਕੋਈ ਕਹਾਣੀ ਨਹੀਂ ਹੈ। ਇਸ ਦਾ ਕਾਰਨ ਸੰਪਾਦਕ ਆਪਣੇ ਗ਼ੈਰ-ਰਵਾਇਤੀ ਮੁੱਖ ਬੰਦ ਵਿੱਚ ਸਪੱਸ਼ਟ ਕਰਦਾ ਹੈ। ਉਹ ਲਿਖਦਾ ਹੈ: ‘‘ਮੇਰੇ ਜ਼ਿਹਨ ਵਿੱਚ ਲੇਖਕਾਂ ਦੀਆਂ ਪੁਸਤਕਾਂ ਨੂੰ ਯੋਗ ਹੁੰਗਾਰਾ ਨਾ ਮਿਲਣ ਦਾ ਮੁੱਦਾ ਚੱਕਰ ਲਾ ਰਿਹਾ ਸੀ, ਇਸੇ ਲਈ ਇਸ ਦਾ ਨਾਮਕਰਨ ‘ਹੁੰਗਾਰਾ ਕੌਣ ਭਰੇ’ ਕੀਤਾ ਹੈ।’’ ਸਹੀ ਹੁੰਗਾਰੇ ਦੀ ਆਸ ਮਾਨਸਿਕ ਤ੍ਰਿਪਤੀ ਲਈ ਕੁਦਰਤੀ ਭੁੱਖ ਹੈ। ਇਹ ਸੰਪਾਦਕ ਦੀ ਦੂਜੀ ਸੰਪਾਦਿਤ ਪੁਸਤਕ ਹੈ। ਕਹਾਣੀ ਸੰਗ੍ਰਹਿ ਵਿੱਚ ਹਰ ਰੰਗ ਦੀ ਕਹਾਣੀ ਸ਼ਾਮਿਲ ਕੀਤੀ ਗਈ ਹੈ। ਮਰਹੂਮ ਕਹਾਣੀਕਾਰ ਐੱਸ. ਸਾਕੀ ਦੀਆਂ ਕਹਾਣੀਆਂ ਪਰਵਾਸ ਬਾਰੇ ਬਾਖ਼ੂਬੀ ਵਰਣਨ ਕਰਦੀਆਂ ਹਨ। ਪੁਸਤਕ ਵਿੱਚ ਐੱਸ. ਸਾਕੀ ਦੀ ਕਹਾਣੀ ‘82 ਨੰਬਰ’ ਪਰਦੇਸ ਰਹਿੰਦੇ ਮਾਸਟਰ ਸੰਤੋਖ ਸਿੰਘ ਦੀ ਮਾਨਸਿਕ ਉਲਝਣ ਅਤੇ ਰਿਸ਼ਤਿਆਂ ਵਿੱਚ ਵਧ ਰਹੀ ਬੇਗਾਨਗੀ ਨੂੰ ਦਰਸਾਉਂਦੀ ਹੈ। ਸਾਕੀ ਦੀ ਕਹਾਣੀ ‘ਮੰਗਤੇ’ ਫ਼ਿਰਕੂ ਕੱਟੜਤਾ ਦੀ ਹੱਦ ਨੂੰ ਬਿਆਨ ਕਰਦੀ ਹੈ। ਇਸ ਵਿੱਚ ਪਿੰਡੋਂ ਹਰਿਦੁਆਰ ਮੰਗਣ ਲਈ ਮੰਗਤਾ ਬਣ ਕੇ ਗਿਆ ਆਫ਼ਤਾਬ ਪੱਕਾ ਨਮਾਜ਼ੀ ਮੁਸਲਮਾਨ ਹੋਣ ਕਰਕੇ ਮੰਗਣ ਵੇਲੇ ‘ਹੇ ਰਾਮ’ ਨਾ ਕਹਿਣ ਕਰਕੇ ਭੀਖ ਨਹੀਂ ਲੈ ਸਕਦਾ। ਉਸ ਦਾ ਦੋਸਤ ਦੂਸਰਾ ਮੰਗਤਾ ਕਸ਼ਮੀਰ ਉਸ ਦੀ ਸਮੱਸਿਆ ਦਾ ਹੱਲ ਕਰਦਾ ਸਲਾਹ ਦਿੰਦਾ ਹੈ ਕਿ ਇੱਕ ਵਾਰ ਉੱਚੀ ਅਵਾਜ਼ ਵਿੱਚ ‘ਹੇ ਰਾਮ’ ਕਹਿ ਕੇ ਮੂੰਹ ਵਿੱਚ ‘ਅੱਲ੍ਹਾ ਹੂ ਅਕਬਰ’ ਬੋਲ ਲਿਆ ਕਰ। ਇਸੇ ਤਰ੍ਹਾਂ ਐੱਸ. ਸਾਕੀ ਦੀਆਂ ਕਹਾਣੀਆਂ ‘ਸਨ ਹੈਲਪ ਮੀ’ ਅਤੇ ‘ਨੰਗੀਆਂ ਲੱਤਾਂ ਵਾਲਾ ਮੁੰਡਾ’ ਪੰਜਾਬ ਤੋਂ ਆਸਟਰੇਲੀਆ ਗਏ ਨੌਜਵਾਨ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਗ਼ਰੀਬ ਤੇ ਮਜਬੂਰ ਵਿਅਕਤੀ ਦੀ ਭੁੱਖ ਨਾਲੋਂ ਜਾਨਵਰਾਂ ਨੂੰ ਪਹਿਲ ਦੇਣ ਦੀ ਮਾਨਸਿਕਤਾ ਬਾਰੇ ਦੱਸਦੀ ਹੈ।
ਪ੍ਰਸਿੱਧ ਹਿੰਦੀ ਲੇਖਿਕਾ ਆਸ਼ਾ ਸਾਕੀ ਪੰਜਾਬੀ ਦੇ ਮਰਹੂਮ ਸਾਹਿਤਕਾਰ ਐੱਸ. ਸਾਕੀ ਦੀ ਧਰਮ ਪਤਨੀ ਹਨ। ਉਨ੍ਹਾਂ ਦੀਆਂ ਹਿੰਦੀ ਕਹਾਣੀਆਂ ਦਾ ਐੱਸ. ਸਾਕੀ ਨੇ ਅਨੁਵਾਦ ਕੀਤਾ। ਆਸ਼ਾ ਸਾਕੀ ਦੀਆਂ ਇਸ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਮਨੁੱਖੀ ਸੁਭਾਅ ਦੀਆਂ ਪਰਤਾਂ ਅਤੇ ਮਨੋ-ਵਿਗਿਆਨਕ ਪੱਖਾਂ ਦਾ ਚਿਤਰਣ ਪੇਸ਼ ਕਰਦੀਆਂ ਹਨ। ‘ਇੱਕ ਕਿਸੀ ਲੈ ਲਵਾਂ’ ਬੱਚਿਆਂ ਵਿੱਚ ਮੋਹ ਪਿਆਰ ਤੇ ਬੇਗਾਨਗੀ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਅਤੇ ‘ਕਛੂਏ’ ਬੇਜੋੜ ਸ਼ਾਦੀ ਨਾਲ ਪਤੀ ਪਤਨੀ ’ਚ ਮਾਨਸਿਕ ਦੂਰੀ ਅਤੇ ਉਸ ਨਾਲ ਬੱਚਿਆਂ ਵਿੱਚ ਮਨੋਰੋਗ ਦੇ ਵਾਧੇ ਦਾ ਵਰਣਨ ਹੈ। ਇਸੇ ਤਰ੍ਹਾਂ ਕਹਾਣੀਆਂ ‘ਸਿੱਧ ਪੁਰਸ਼’, ‘ਪੰਜ ਫੁੱਟ ਪੰਜ ਇੰਚ ਦਾ ਬੋਣਾ ਕੱਦ’ ਅਤੇ ‘ਦੀਵੇ ਦੀ ਲੋਅ’ ਆਮ ਲੋਕਾਂ ਦੀ ਅਖੌਤੀ ਸਾਧਾਂ ਪ੍ਰਤੀ ਅਥਾਹ ਸ਼ਰਧਾ ਅਤੇ ਪਰਿਵਾਰਾਂ ਵਿੱਚ ਬਨਿਾ ਸਮਝ ਬੋਲੇ ਗਏ ਸ਼ਬਦਾਂ ਅਤੇ ਵਾਰਤਾਲਾਪ ਨਾਲ ਪੈਂਦੇ ਵਿਗਾੜਾਂ ਨਾਲ ਅਕਸਰ ਹੁੰਦੀ ਸ਼ਰਮਿੰਦਗੀ ਨੂੰ ਬਿਆਨ ਕਰਦੀਆਂ ਹਨ।
ਪੁਸਤਕ ਵਿੱਚ ਸ਼ਾਮਿਲ ਜਸਬੀਰ ਸਿੰਘ ਆਹਲੂਵਾਲੀਆ ਦੀਆਂ ਕਹਾਣੀਆਂ ਉਨ੍ਹਾਂ ਦੇ ਪਰਵਾਸ ਦੀ ਜ਼ਿੰਦਗੀ ’ਚੋਂ ਨਿਕਲੇ ਪਾਤਰਾਂ ਦੇ ਆਧਾਰ ’ਤੇ ਲਿਖੀਆਂ ਕਹਾਣੀਆਂ ਹਨ। ‘ਇਹ ਕੇਹੀ ਅੱਗ’ ਲੇਖਕ ਦੀ ਸ਼ਾਹਕਾਰ ਕਹਾਣੀ ਜਾਪਦੀ ਹੈ। ਇਸ ਵਿੱਚ ਲੇਖਕ ਆਸਟਰੇਲੀਆ ਦੇ ਜੰਗਲਾਂ ਦੀ ਅੱਗ ਨੂੰ ਉਸ ਦੇ ਆਪਣੇ ਦੇਸ਼ ਵਿੱਚ ਫੈਲੀ ਨਫ਼ਰਤੀ ਅੱਗ ਨਾਲ ਮਿਲਾ ਕੇ ਦੇਖਦਾ ਹੈ। ਕਹਾਣੀ ‘ਕੈਫੇ ਵਾਲੀ ਜੈਸਿਕਾ’ ਵਿਦੇਸ਼ਾਂ ਵਿੱਚ ਵਸਣ ਲਈ ਸੰਘਰਸ਼ ਕਰਦੀਆਂ ਲੜਕੀਆਂ ਦੇ ਸ਼ੋਸ਼ਣ ਨੂੰ ਬਿਆਨ ਕਰਦੀ ਹੈ ਅਤੇ ‘ਕਿਰਨਾਂ ਵਾਲਾ ਸੂਰਜ’ ਇੱਕ ਬੱਚੀ ਦੇ ਆਪਣੇ ਪਿਤਾ ਨਾਲ ਜ਼ਬਰਦਸਤ ਮਾਨਸਿਕ ਬੰਧਨ ਨੂੰ ਪ੍ਰਦਰਸ਼ਿਤ ਕਰਦੀ ਹੈ।
ਪੁਸਤਕ ਵਿੱਚ ਸ਼ਾਮਿਲ ਚਰਨਜੀਤ ਸਿੰਘ ਮਨਿਹਾਸ ਦੀਆਂ ਕਹਾਣੀਆਂ ਵੀ ਵਾਪਰੀਆਂ ਘਟਨਾਵਾਂ ਦਾ ਸੁਹਿਰਦ ਵਿਸ਼ਲੇਸ਼ਣ ਹਨ। ‘ਕਿਉਂ ਮੇਰੇ ਨਾਲ ਹੀ ਕਿਉਂ’, ‘ਵਕਤ ਦੇ ਹਵਾਲੇ’, ‘ਲਾਸ਼ ਦੀ ਸ਼ਨਾਖਤ ਕਰਨੀ ਹੈ’ ਅਤੇ ‘ਪਤਾ ਨਹੀਂ ਕਿੱਥੇ ਜਾਵਾਂਗਾ’ ਕਹਾਣੀਆਂ ਦੇ ਪਾਤਰਾਂ ਵਿੱਚ ਪਾਠਕ ਆਪਣੀ ਜ਼ਿੰਦਗੀ ਦੇਖਦਾ ਹੈ ਕਿਉਂਕਿ ਇਹ ਪਾਤਰ ਆਸ-ਪਾਸ ਵਿਚਰਦੇ ਜਾਪਦੇ ਹਨ।
ਡਾ. ਕੰਵਲ ਸਿੱਧੂ ਪੇਸ਼ੇ ਵਜੋਂ ਮਾਨਸਿਕ ਰੋਗਾਂ ਦਾ ਡਾਕਟਰ ਹੈ ਅਤੇ ਪੁਸਤਕ ਵਿਚਲੀਆਂ ਕਹਾਣੀਆਂ ਵਿੱਚ ਕੰਵਲ ਨੇ ਆਪਣੇ ਦੇਸ਼ ਦੇ ਨਾਲ ਨਾਲ ਪਰਵਾਸੀ ਜੀਵਨ ਸ਼ੈਲੀ ਨੂੰ ਬਾਖ਼ੂਬੀ ਚਿਤਰਿਆ ਹੈ। ‘ਐਸਪਨ ਦੀਆਂ ਜੜ੍ਹਾਂ’ ਕਹਾਣੀ ਵਿਚ ਲੇਖਕ ਨੇ ਅਮਰੀਕੀ ਦਰੱਖਤ ਐਸਪਨ ਦੀਆਂ ਜੜ੍ਹਾਂ ਨੂੰ ਕਹਾਣੀ ਦੇ ਪਾਤਰਾਂ ਦੇ ਮਾਧਿਅਮ ਰਾਹੀਂ ਦ੍ਰਿਸ਼ਮਾਨ ਕੀਤਾ ਹੈ। ‘ਇੱਕ ਹੋਰ ਸੰਜੋਗ’, ‘ਮੈਂ ਚੁੱਪ ਰਹਿੰਦਾ ਹਾਂ’, ‘ਘਰ ਦੀਆਂ ਚਾਬੀਆਂ’ ਅਤੇ ‘ਮੁਕਾਬਲਾ’ ਕਹਾਣੀਆਂ ਸਸਪੇਂਸ, ਮਾਪਿਆਂ ਦੀ ਪਿਆਰ ਲਈ ਗ਼ੈਰ-ਰਜ਼ਾਮੰਦੀ, ਦੇਸ਼ ਦੀ ਵੰਡ ਦੀ ਦਰਦਨਾਕ ਤਸਵੀਰ ਅਤੇ ਪੰਜਾਬ ਦੇ ਕਾਲੇ ਦੌਰ ਦੀ ਤਰਜ਼ਮਾਨੀ ਕਰਦੀਆਂ ਹਨ।
ਕੈਨੇਡੀਅਨ ਪਰਵਾਸੀ ਭਾਰਤੀ ਸੰਨੀ ਧਾਲੀਵਾਲ ਉਰਫ਼ ਸਵਿੰਦਰ ਸਿੰਘ ਧਾਲੀਵਾਲ ਪਰਵਾਸੀ ਜੀਵਨ ਦਾ ਆਪਣੀਆਂ ਕਹਾਣੀਆਂ ਵਿੱਚ ਵਰਣਨ ਕਰਨ ਦੇ ਨਾਲ-ਨਾਲ ਦੂਹਰੇ ਸੱਭਿਆਚਾਰ ਨੂੰ ਪੇਸ਼ ਕਰ ਸਕਣ ਦੀ ਸੰਭਾਵਨਾ ਰੱਖਦਾ ਹੈ। ‘ਆਈ ਐਮ ਸਾਰੀ ਮਾਮ’, ‘ਪਿਆਰ ਦਾ ਇਜ਼ਹਾਰ’ ਅਤੇ ‘ਰਤਨਾ ਨੰਬਰਦਾਰ’ ਕਹਾਣੀਆਂ ਦੇ ਧਰਾਤਲ ਚਾਹੇ ਕੈਨੇਡਾ ਨਾਲ ਜੁੜੇ ਦਿਖਾਈ ਦਿੰਦੇ ਹਨ, ਪਰ ਦੇਸ਼ ਤੋਂ ਵਿਦੇਸ਼ ਜਾ ਕੇ ਵੀ ਜਾਤ-ਪਾਤ ਦੀ ਸੌੜੀ ਸੋਚ ਦੀਆਂ ਵਲਗਣਾਂ ’ਚ ਪਾਤਰਾਂ ਦਾ ਘਿਰੇ ਦਿਸਣਾ ਸ਼ਰਮਨਾਕ ਜਾਪਦਾ ਹੈ।
ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦੀਆਂ ਆਪਣੀਆਂ ਚਾਰ ਕਹਾਣੀਆਂ ‘ਹਾਏ ਵਿਚਾਰੇ ਬਾਬਾ ਜੀ’, ‘ਤੂੰ ਆਪਣੇ ਵੱਲ ਵੇਖ’, ‘ਉਹ ਕਿਉਂ ਆਈ ਸੀ’ ਅਤੇ ‘ਮੁਰਦਾ ਖਰਾਬ ਨਾ ਕਰੋ’ ਵੀ ਪੁਸਤਕ ਵਿੱਚ ਸ਼ਾਮਿਲ ਹਨ। ਰਵਿੰਦਰ ਸਿੰਘ ਸੋਢੀ ਨੇ ਆਪਣੀਆਂ ਕਹਾਣੀਆਂ ਵਿੱਚ ਮਨੁੱਖ ਦੀਆਂ ਕਮਜ਼ੋਰ ਰੁਚੀਆਂ ਭਾਵ ਪਰਾਏ ਮਰਦ ਜਾਂ ਔਰਤ ਪ੍ਰਤੀ ਆਕਰਸ਼ਿਤ ਹੋਣ ਆਦਿ ਕਾਰਨ ਪਰਿਵਾਰਕ ਰਿਸ਼ਤਿਆਂ ਦਾ ਖ਼ਤਮ ਹੋਣਾ, ਅਖੌਤੀ ਬਾਬਿਆਂ ਦੇ ਜਾਲ ਵਿੱਚ ਉਲਝੇ ਲੋਕਾਂ ਦਾ ਬਾਬਿਆਂ ਦੇ ਚਮਚਿਆਂ ਦੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਨਾ ਆਦਿ ਵਿਸ਼ਿਆਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਸੰਪਰਕ: 98884-88060

Advertisement

Advertisement
Advertisement
Tags :
Author Image

sukhwinder singh

View all posts

Advertisement