For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ

07:49 AM Apr 05, 2024 IST
ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ
Advertisement

ਪਰਮਜੀਤ ਢੀਂਗਰਾ

ਇੱਕ ਪੁਸਤਕ - ਇੱਕ ਨਜ਼ਰ

ਪੰਜਾਬੀ ਕਹਾਣੀ ਰੂਪ, ਵਿਸ਼ੇ ਤੇ ਤਕਨੀਕ ਪੱਖੋਂ ਵੱਖਰਤਾ ਦੀ ਧਾਰਨੀ ਹੈ। ਲੰਮੀ ਸਾਹਿਤਕ ਯਾਤਰਾ ਵਿੱਚ ਇਸ ਨੇ ਕਈ ਰੂਪ ਬਦਲੇ ਹਨ। ਅੱਜ ਪੰਜਾਬੀ ਕਹਾਣੀ ਦੀ ਭਾਰਤੀ ਭਾਸ਼ਾਵਾਂ ਦੇ ਪਰਿਪੇਖ ਵਿੱਚ ਨਿਵੇਕਲੀ ਪਛਾਣ ਨਜ਼ਰ ਆਉਂਦੀ ਹੈ। ਇਹ ਵੱਖਰੀ ਪਛਾਣ ਕਾਇਮ ਕਰਨ ਵਾਲੇ ਲੇਖਕਾਂ ਵਿੱਚ ਤਲਵਿੰਦਰ ਦਾ ਵਿਸ਼ੇਸ਼ ਸਥਾਨ ਹੈ। ਔਰਤ-ਮਰਦ ਦੇ ਸਬੰਧਾਂ ਬਾਰੇ ਉਸ ਨੇ ਕਹਾਣੀ ਰਾਹੀਂ ਕਈ ਨਵੇਂ ਆਯਾਮ ਸਿਰਜੇ। ਹਰ ਲੇਖਕ ਆਪਣੇ ਅਨੁਭਵ ਵਿੱਚੋਂ ਸਿਰਜਣਾ ਨੂੰ ਤਲਾਸ਼ਦਾ ਹੈ। ਕਈ ਵਾਰ ਇਹ ਤਲਾਸ਼ ਨਵੇਂ ਦਿਸਹੱਦੇ ਸਿਰਜ ਦਿੰਦੀ ਹੈ। ਇਸ ਬਾਰੇ ਲੇਖਕ ਦਾ ਆਪਣਾ ਕਥਨ ਵਰਣਨਯੋਗ ਹੈ:
‘‘ਮੇਰਾ ਪ੍ਰੇਰਨਾ ਸਰੋਤ ਉਹ ਸਭ ਹੁੰਦਾ ਹੈ ਜੋ ਪਹਿਲਾਂ ਵੇਖਿਆ, ਪੜ੍ਹਿਆ ਜਾਂ ਸੁਣਿਆ ਹੁੰਦਾ ਹੈ। ਫਿਰ ਆਪਣੇ ਅਨੁਭਵ ਹੁੰਦੇ ਨੇ ਜਿਨ੍ਹਾਂ ਵਿੱਚੋਂ ਲੰਘ ਕੇ ਕੋਈ ਸੋਚੀ ਜਾਂ ਵੇਖੀ ਸੁਣੀ ਘਟਨਾ ਸਾਹਿਤਕ ਮੁਹਾਂਦਰਾ ਗ੍ਰਹਿਣ ਕਰਦੀ ਹੈ। ਕਈ ਵਾਰੀ ਲਿਖਦਿਆਂ ਅਸਲੋਂ ਨਵੇਂ ਜਾਂ ਭੁੱਲੇ ਵਿਸਰੇ ਵਾਕਿਆਤ ਚੇਤਿਆਂ ਵਿੱਚ ਆ ਲਹਿੰਦੇ ਨੇ ਤੇ ਸਹਿਜ ਸੁਭਾਅ ਰਚਨਾ ਦਾ ਹਿੱਸਾ ਬਣ ਜਾਂਦੇ ਨੇ। ਮੈਂ ਮਹਿਸੂਸ ਕੀਤਾ ਕਈ ਵਾਰੀ ਬਚਪਨ ਦੀਆਂ ਉਹ ਗੱਲਾਂ ਕਹਾਣੀ ਦਾ ਹਿੱਸਾ ਬਣ ਜਾਂਦੀਆਂ ਨੇ ਜਿਨ੍ਹਾਂ ਬਾਰੇ ਕੋਈ ਚਿੱਤ ਖਿਆਲ ਵੀ ਨਹੀਂ ਹੁੰਦਾ। ਮੈਨੂੰ ਲੱਗਦੈ ਕਿ ਜੇ ਸਥੂਲ ਰੂਪ ਵਿੱਚ ਮੈਂ ਇਹ ਕਹਿਣਾ ਚਾਹਾਂ ਕਿ ਫਲਾਣੀ ਗੱਲ ਲਿਖਣ ਵੇਲੇ ਪ੍ਰੇਰਦੀ ਹੈ ਜਾਂ ਢਿਮਕਾਣੀ ਗੱਲ ਤਾਂ ਸ਼ਾਇਦ ਗੱਲ ਬਣ ਨਾ ਸਕੇ। ਇਹ ਸੂਖ਼ਮ ਜਿਹਾ ਵਰਤਾਰਾ ਹੈ ਜਿਸ ਵਿੱਚੋਂ ਗੁਜ਼ਰ ਕੋਈ ਖ਼ਿਆਲ ਰਚਨਾਤਮਕ ਮਾਡਲ ਵਿੱਚ ਢਲ ਜਾਂਦਾ ਹੈ। ਇਹਦੇ ਵਿੱਚ ਕਾਫ਼ੀ ਦਖਲ ਸਾਡੀ ਹੁਨਰੀ ਤਬੀਅਤ ਦਾ ਵੀ ਹੈ।’’
ਇਸ ਤਰ੍ਹਾਂ ਸਪਸ਼ਟ ਹੈ ਕਿ ਲੇਖਕ ਆਪਣੇ ਅਨੁਭਵ ਨੂੰ ਕਸ਼ੀਦ ਕੇ ਰਚਨਾਤਮਕ ਮਾਡਲ ਦੀ ਸਿਰਜਣਾ ਕਰਦਾ ਹੈ। ਉਸ ਕੋਲ ਵਿਸ਼ੇਸ਼ ਗਲਪੀ ਭਾਸ਼ਾ, ਪਾਤਰ ਚਿਤਰਣ ਦਾ ਕਲਾ ਕੌਸ਼ਲ ਤੇ ਸਥਿਤੀਆਂ ਦੇ ਨਿਭਾਅ ਲਈ ਜੁਗਤਾਂ ਦਾ ਸੰਸਾਰ ਹੈ। ਹਥਲੀ ਕਿਤਾਬ ‘ਤਾਨੀਆ ਦੀ ਪ੍ਰੇਮ ਕਹਾਣੀ (ਤਲਵਿੰਦਰ ਸਿੰਘ ਦੀਆਂ 31 ਕਹਾਣੀਆਂ)’ (ਸੰਪਾਦਕ: ਡਾ. ਰਵੇਲ ਸਿੰਘ; ਕੀਮਤ: 750 ਰੁਪਏ; ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ) ਵਿੱਚ ਕੁਝ ਆਲੋਚਨਾਤਮਕ ਲੇਖਾਂ ਤੋਂ ਇਲਾਵਾ ਇਕੱਤੀ ਚੋਣਵੀਆਂ ਕਹਾਣੀਆਂ ਹਨ। ਉਸ ਦੀ ਕਹਾਣੀ ‘ਰਾਤ ਚਾਣਨੀ’ ਬਾਰੇ ਜੇ.ਬੀ. ਸੇਖੋਂ ਲਿਖਦਾ ਹੈ: ‘‘ਇਹ ਕਹਾਣੀ ਔਰਤ ਹੋਂਦ ਨੂੰ ਦਰਪੇਸ਼ ਰਵਾਇਤੀ ਸੁਆਲਾਂ ਦੇ ਨਾਲ ਨਾਲ ਔਰਤ ਦੀ ਹੋਂਦ ਅੱਗੇ ਮਰਦ ਵੱਲੋਂ ਘੜੀਆਂ ਨੈਤਿਕ ਮਿੱਥਾਂ ਤੇ ਔਰਤ ਦੀ ਨਿੱਜੀ ਸੁਤੰਤਰਤਾ ਦੇ ਤਣਾਅ ਦੀ ਕਹਾਣੀ ਹੈ। ਇਖਲਾਕ, ਇੱਜ਼ਤ, ਨੈਤਿਕਤਾ ਤੇ ਮਾਣ ਮਰਿਆਦਾ ਦੇ ਸਮੂਹ ਸੰਕਲਪ ਮਰਦਾਵੀਂ ਸੱਤਾ ਵੱਲੋਂ ਘੜੇ ਹੋਏ ਹਨ ਜਿਨ੍ਹਾਂ ਨੂੰ ਪਰਖਣ ਤੇ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਨਾਰੀ ਬਣਦੀ ਹੈ।’’ ਇਹ ਸੂਤਰ ਤਲਵਿੰਦਰ ਦੀਆਂ ਕਈ ਕਹਾਣੀਆਂ ’ਤੇ ਲਾਗੂ ਹੁੰਦਾ ਹੈ।
ਇਸੇ ਤਰ੍ਹਾਂ ਇਸ ਸੰਗ੍ਰਹਿ ਵਿੱਚ ਸ਼ਾਮਿਲ ‘ਵਾਰਸ’ ਕਹਾਣੀ ਵਿੱਚ ਨਿਘਰਦੇ ਮਾਨਵੀ ਰਿਸ਼ਤਿਆਂ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। ਇਸ ਕਹਾਣੀ ਵਿਚਲੇ ਕੱਥ ਦਾ ਜ਼ਿਕਰ ਕਰਦਿਆਂ ਮਿੰਨੀ ਸਲਵਾਨ ਦਾ ਕਥਨ ਹੈ: ‘‘ਇਹ ਕਹਾਣੀ ਸ਼ਹਿਰੀ ਉਪਭੋਗੀ ਸਮਾਜ ਸੱਭਿਆਚਾਰ ਆਧੀਨ ਮਾਨਵੀ ਰਿਸ਼ਤਿਆਂ ਦੇ ਨਿਘਾਰ ਦੀ ਬਾਖ਼ੂਬੀ ਤਸਵੀਰ ਚਿਤਰਦੀ ਹੈ। ਉੱਤਮ ਪੁਰਖੀ ਬਿਰਤਾਂਤ ਵਿੱਚ ਆਪਣੀ ਹੋਂਦ ਗ੍ਰਹਿਣ ਕਰਦੀ ਕਹਾਣੀ ਦਾ ਆਰੰਭ ਬਿਰਤਾਂਤਕਾਰ ਦੇ ਆਪਣੇ ਬਾਪੂ ਦੀ ਮੌਤ ਦੇ ਹਵਾਲੇ ਨਾਲ ਹੁੰਦਾ ਹੈ। ਬਾਪੂ ਦੇ ਮ੍ਰਿਤਕ ਸਰੀਰ ਕੋਲ ਬੈਠਾ ਉਹ ਬਹੁਤ ਸਹਿਮਿਆ ਹੋਇਆ ਹੈ-
‘ਬਾਪੂ ਦੇ ਮੰਜੇ ਕੋਲ ਬੈਠਾ ਜਿਵੇਂ ਮੂਲੋਂ ਹੀ ਟੁੱਟ ਗਿਆ ਸਾਂ ਮੈਂ। ਮੇਰੇ ਕੋਲ ਬੈਠੇ ਦੋ ਗੁਆਂਢੀ ਵੀ ਬੜੀ ਉਦਾਸੀ ’ਚ ਸਨ। ਮੇਰਾ ਮਨ ਦੁਖੀ ਵੀ ਸੀ ਤੇ ਬੇਚੈਨ ਵੀ। ਦਿਮਾਗ਼ ਕੋਈ ਸਪੱਸ਼ਟ ਨਿਰਣਾ ਲੈਣੋਂ ਅਸਮਰੱਥ ਸੀ। ਇਹ ਸਭ ਕੁਝ ਕਿਵੇਂ ਭੁਗਤੇਗਾ? ਇਹੀ ਸੁਆਲ ਵਾਰ ਵਾਰ ਮੇਰੇ ਅੰਦਰ ਉੱਠ ਰਿਹਾ ਸੀ।’’
ਤਲਵਿੰਦਰ ਦੀਆਂ ਕਹਾਣੀਆਂ ਦੀ ਜੇ ਤਕਨੀਕ ਪੱਖੋਂ ਗੱਲ ਕਰੀਏ ਤਾਂ ‘ਵਿਚਲੀ ਔਰਤ’ ਕਹਾਣੀ ਨੂੰ ਵਿਚਾਰਿਆ ਜਾ ਸਕਦਾ ਹੈ। ਕਹਾਣੀ ਦੇ ਸ਼ੁਰੂ ਵਿੱਚ ਹੀ ਕਈ ਸੁਆਲ ਖੜ੍ਹੇ ਕਰਕੇ ਲੇਖਕ ਅਗਲਾ ਸਾਰਾ ਬਿਰਤਾਂਤ ਸਿਰਜਦਾ ਹੈ। ਸਾਰੀ ਕਹਾਣੀ ਵਿਚਲੀਆਂ ਤਣਾਅਗ੍ਰਸਤ ਸਥਿਤੀਆਂ ਦਾ ਗਿਆਨ ਪਹਿਲੇ ਵਾਕ ਤੋਂ ਹੋ ਜਾਂਦਾ ਹੈ:
‘‘ਇਹ ਕੀ ਹੋ ਗਿਆ ਮੈਨੂੰ? ਮੈਥੋਂ ਗੁਰੂ ਮਹਾਰਾਜ ਦਾ ਬਖ਼ਸ਼ਿਸ਼ ਕੀਤਾ ਅੰਮ੍ਰਿਤ ਭੰਗ ਹੋ ਗਿਆ। ਜਿਸ ਧਰਮ ਨੂੰ ਮੈਂ ਏਨੇ ਸਬਰ ਤੇ ਮਨ ਨੂੰ ਮਾਰ ਕੇ ਨਿਭਾਉਂਦੀ ਆ ਰਹੀ ਸਾਂ, ਅਚਾਨਕ ਟੁੱਟ ਗਿਆ। ਮੇਰੀ ਸਾਰੀ ਕੀਤੀ ਕਤਰੀ ਖੂਹ ਪੈ ਗਈ। ਚੌਂਕੇ ’ਚ ਖਲੋਤੀ ਦਾ ਮੇਰਾ ਜੀਅ ਡੁੱਬਣ ਲੱਗਾ ਸੀ। ਸਿਰ ਨੂੰ ਅਜੀਬ ਜਿਹੀ ਘੁਮੇਰ ਚੜ੍ਹਣ ਲੱਗੀ। ਲੱਤਾਂ ਵਿੱਚ ਜਿਵੇਂ ਸਤਿਆ ਨਹੀਂ ਸੀ ਰਹੀ। ਫਿਰ ਵੀ ਸੰਭਲ ਕੇ ਮੈਂ ਅੰਦਰ ਸੁਫੇ ਵਿੱਚ ਪਏ ਬੇਬੇ ਜੀ ਦੇ ਪੁਰਾਣੇ ਨਵਾਰੀ ਪਲੰਘ ’ਤੇ ਜਾ ਢੱਠੀ।’’ ਇਸ ਮੁੱਢਲੀ ਸਥਿਤੀ ਵਿੱਚ ਸਮੁੱਚੀ ਕਹਾਣੀ ਦਾ ਬਿਰਤਾਂਤ ਸਮੋਇਆ ਨਜ਼ਰ ਆਉਂਦਾ ਹੈ।
ਇਸ ਸੰਗ੍ਰਹਿ ਦੇ ਟਾਈਟਲ ਦੀ ਕਹਾਣੀ ‘ਤਾਨੀਆ ਦੀ ਪ੍ਰੇਮ ਕਹਾਣੀ’ ਵੀ ਬੜੇ ਰਹੱਸਮਈ ਢੰਗ ਨਾਲ ਸ਼ੁਰੂ ਹੁੰਦੀ ਹੈ। ਇਹ ਤਕਨੀਕ ਤਲਵਿੰਦਰ ਦੀ ਜਾਣੀ ਪਛਾਣੀ ਜੁਗਤ ਹੈ। ਉਹ ਕੁਝ ਸੁਆਲ ਖੜ੍ਹੇ ਕਰਕੇ ਕਹਾਣੀ ਵਿਚਲੇ ਸਰੋਕਾਰਾਂ ਨੂੰ ਪਛਾਣ ਦੇ ਜਾਂਦਾ ਹੈ:
‘‘ਸਾਹਮਣੇ ਪਏ ਕੋਰੇ ਕਾਗਜ਼ ’ਤੇ ਨਜ਼ਰ ਟਿਕਾਈ ਬੈਠਿਆਂ ਤਾਨੀਆ ਦੀ ਸੁਰਤ ਗੁਆਚੀ ਰਹੀ, ਮਨ ਓਭੜ-ਖਾਬੜ ਰਾਹਾਂ ’ਤੇ ਭਟਕਦਾ ਰਿਹਾ, ਕੀ ਲਿਖੇ, ਗੱਲ ਕਿੱਥੋਂ ਸ਼ੁਰੂ ਕਰੇ, ਕਿੱਥੇ ਮੁਕਾਏ? ਸ਼ਬਦ ਉਹਦੀ ਪਕੜ ਵਿੱਚ ਨਹੀਂ ਸਨ ਆ ਰਹੇ। ਅਜੀਬ ਕਿਸਮ ਦੀ ਦੁਬਿਧਾ ਸੀ। ਦਵੇਸਰ ਦੀ ਚਿੱਠੀ ਸਾਹਮਣੇ ਪਈ ਸੀ। ਖ਼ੂਬਸੂਰਤ ਮੋਤੀਆਂ ਵਰਗੇ ਅੱਖਰ। ਸਹਿਜ ਤੇ ਸੰਜੀਦਾ ਵਿਚਾਰ। ਚਿੱਠੀ ਨਹੀਂ ਲੇਖ ਸੀ ਇੱਕ। ਪਰ ਜਿਨ੍ਹਾਂ ਅਹਿਸਾਸਾਂ ਨੂੰ ਤਲਾਸ਼ਦੀ ਪਈ ਸੀ ਤਾਨੀਆ, ਉਹ ਇਸ ਲੰਮੀ ਚੌੜੀ ਇਬਾਰਤ ਵਿੱਚ ਕਿੱਥੇ ਸਨ? ਦੂਜੇ ਪਾਸੇ...।’’
ਇਨ੍ਹਾਂ ਤੋਂ ਇਲਾਵਾ ਵੀ ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਹਾਣੀਆਂ ਵਿਚਾਰਨਯੋਗ ਹਨ ਜਿਨ੍ਹਾਂ ਵਿੱਚ ਪੈਂਡਾ, ਤਾੜੀ, ਮਲਬਾ, ਫਤੂਰ, ਲਾਸ਼, ਵਿਸ਼ ਕੰਨਿਆ, ਨਿੱਕੀ ਇੱਟ ਵਾਲੀ ਹਵੇਲੀ, ਅਮਰ ਕਥਾ, ਜਿਹਲਮ ਉਦਾਸ ਹੈ, ਨੀਲਾ ਪਾਣੀ, ਜ਼ਖਮ, ਖੁਸ਼ਬੋ, ਖਾਲੀ ਮਕਾਨ ਆਦਿ ਸ਼ਾਮਲ ਹਨ। ਇਸ ਸੰਗ੍ਰਹਿ ਦੇ ਸੰਪਾਦਕ ਰਵੇਲ ਸਿੰਘ ਦਾ ਕਥਨ ਹੈ:
ਇੱਕੀਵੀਂ ਸਦੀ ਵਿੱਚ ਜਿੱਥੇ ਕਹਾਣੀ ਦੇ ਵਿਸ਼ੇ ਵਸਤੂ ਜਾਂ ਸ਼ਿਲਪ ਨੂੰ ਲੈ ਕੇ ਮੁਹਾਂਦਰਾ ਬਦਲਿਆ ਹੈ ਉੱਥੇ ਆਲੋਚਨਾ ਵਿਧੀਆਂ ਵਿੱਚ ਵੀ ਖ਼ਾਸ ਤਬਦੀਲੀ ਵਾਪਰੀ ਹੈ। ਯਾਨੀ ਕਹਾਣੀ ਲਿਖਣ, ਆਲੋਚਨਾ ਤੇ ਅਧਿਐਨ ਵਿੱਚ ਵੀ ਵੱਡੀਆਂ ਤਬਦੀਲੀਆਂ ਵਾਪਰੀਆਂ ਹਨ। ਜਿੱਥੇ ਪਾਰਦਰਸ਼ਤਾ ਵਧੀ ਹੈ ਮਨੁੱਖੀ ਦਵੰਦਾਂ ਨੇ ਓਥੇ ਜੀਵਨ ਨੂੰ ਹੋਰ ਵੀ ਜਟਿਲ ਬਣਾਇਆ ਹੈ। ਯਥਾਰਥ ਤੇ ਗਲਪ ਦੇ ਮਾਇਨੇ ਵੀ ਬਦਲ ਗਏ ਹਨ ਤੇ ਉਨ੍ਹਾਂ ਵਿੱਚ ਮਨੋਵਿਗਿਆਨ ਦਾ ਦਖਲ ਬਹੁਤ ਵਧਿਆ ਹੈ ਤੇ ਮੈਂ ਇਨ੍ਹਾਂ ਕਹਾਣੀਆਂ ਦੀ ਚੋਣ ਵਿੱਚ ਉਸ ਦੇ ਆਦਰਸ਼ਵਾਦ, ਪ੍ਰਗਤੀਸ਼ੀਲ, ਨਾਰੀਵਾਦੀ ਦ੍ਰਿਸ਼ਟੀਕੋਣ ਨੂੰ ਆਧਾਰ ਬਣਾਇਆ ਹੀ ਹੈ ਸਗੋਂ ਨਾਲ ਹੀ ਵਿਸ਼ਵੀ ਸਮਾਜਾਂ ਤੇ ਸੱਭਿਆਚਾਰਾਂ ਦੇ ਮਨੁੱਖੀ ਸਬੰਧਾਂ ਤੇ ਰਿਸ਼ਤਿਆਂ ਨੂੰ ਲੈ ਕੇ ਉਸ ਦੀਆਂ ਬੋਲਡ ਤੇ ਬੇਬਾਕ ਕਹਾਣੀਆਂ ਨੂੰ ਵੀ ਇਸ ਪੁਸਤਕ ਦਾ ਹਿੱਸਾ ਬਣਾਇਆ ਹੈ।’’ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਤਲਵਿੰਦਰ ਦੀਆਂ ਇਹ ਕਹਾਣੀਆਂ ਉਸ ਦੇ ਰਚਨਾ ਵਿਵੇਕ ਦੇ ਵੱਖੋ ਵੱਖਰੇ ਪੱਖਾਂ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਉਸ ਦੀ ਸਿਰਜਣਾ ਦੇ ਕਈ ਪਹਿਲੂ ਉਜਾਗਰ ਹੁੰਦੇ ਹਨ।

Advertisement

ਸੰਪਰਕ: 94173-58120

Advertisement

Advertisement
Author Image

sukhwinder singh

View all posts

Advertisement