ਸਿਵਲ ਹਸਪਤਾਲ ’ਚੋਂ ਚੋਰੀ ਹੋਇਆ ਬੱਚਾ ਬਰਾਮਦ
ਪਾਲ ਸਿੰਘ ਨੌਲੀ
ਜਲੰਧਰ, 22 ਅਗਸਤ
ਕਮਿਸ਼ਨਰੇਟ ਪੁਲੀਸ ਨੇ ਸਿਵਲ ਹਸਪਤਾਲ ਵਿਚੋਂ ਚੋਰੀ ਹੋਇਆ ਨਵਜਾਤ ਬੱਚਾ (ਲੜਕਾ) 48 ਘੰਟਿਆਂ ਵਿਚ ਬਰਾਮਦ ਕਰ ਲਿਆ ਹੈ। ਬੱਚਾ ਚੋਰੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬੱਚਾ ਚਾਰ ਲੱਖ ਰੁਪਏ ਵਿਚ ਵੇਚਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜਿਹੜੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੀ ਪਛਾਣ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਗੋਪੀ ਵਾਸੀ ਮਹੇੜੂ, ਗੁਰਪ੍ਰੀਤ ਸਿੰਘ ਪੀਤਾ, ਰਣਜੀਤ ਸਿੰਘ ਰਾਣਾ ਤੇ ਦਵਿੰਦਰ ਕੌਰ ਵਾਸੀ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਸਿਵਲ ਹਸਪਤਾਲ ਦੀ ਸਫ਼ਾਈ ਕਰਮਚਾਰੀ ਕਿਰਨ ਵਾਸੀ ਲੰਮਾ ਪਿੰਡ ਵਜੋਂ ਹੋਈ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਬੱਚਾ ਚਾਰ ਲੱਖ ਰੁਪਏ ਵਿਚ ਵੇਚਣਾ ਸੀ ਅਤੇ ਚਾਰਾਂ ਮੁਲਜ਼ਮਾਂ ਨੇ ਬਰਾਬਾਰ ਪੈਸੇ ਵੰਡਣੇ ਸਨ। ਸਫ਼ਾਈ ਸੇਵਿਕਾ ਕਿਰਨ ਸਿਵਲ ਹਸਪਤਾਲ ਵਿਚ ਪਿਛਲੇ 7 ਸਾਲਾਂ ਤੋਂ ਕੰਮ ਕਰਦੀ ਹੈ। ਉਸ ਨੇ 20 ਅਗਸਤ ਨੂੰ ਦੁਪਹਿਰੇ 12.40 ਵਜੇ ਬੱਚਾ ਚੁਕਾ ਕੇ ਹਸਪਤਾਲ ਦੀਆਂ ਪੌੜੀਆਂ ਵਿਚ ਗੁਰਪ੍ਰੀਤ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਪੀਤਾ ਨੂੰ ਦੇ ਦਿੱਤਾ, ਜੋ ਬੱਚੇ ਨੂੰ ਲੈ ਕੇ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ। ਕਿਰਨ ਬੱਚੇ ਨੂੰ ਫੜਾ ਕੇ ਮੁੜ ਜੱਚਾ-ਬੱਚਾ ਵਾਰਡ ਵਿਚ ਪੀੜਤ ਪਰਿਵਾਰ ਕੋਲ ਆ ਗਈ। ਮਗਰੋਂ ਦੋਵਾਂ ਮੁਲਜ਼ਮਾਂ ਨੇ ਗਾਂਧਰਾ-ਪੰਡੋਰੀ ਰੋਡ ’ਤੇ ਨਵਜੰਮੇ ਬੱਚੇ ਨੂੰ ਦਵਿੰਦਰ ਕੌਰ ਅਤੇ ਰਣਜੀਤ ਰਾਣਾ ਦੇ ਹਵਾਲੇ ਕੀਤਾ।
ਸ੍ਰੀ ਭੁੱਲਰ ਨੇ ਦੱਸਿਆ ਕਿ ਏਡੀਸੀਪੀ-1 ਵਤਸਲਾ ਗੁਪਤਾ, ਏਸੀਪੀ ਹਰਸਿਮਰਤ ਸਿੰਘ ਤੇ ਸੀਆਈਏ ਦੇ ਇੰਚਾਰਜ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਨਵਜਾਤ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਤੇ ਮੁਲਜ਼ਮਾਂ ਵੱਲੋਂ ਬੱਚਾ ਚੋਰੀ ਕਰਨ ਲਈ ਵਰਤੀ ਗਈ ਬੋਲੈਰੋ ਗੱਡੀ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਗਈ ਦਵਿੰਦਰ ਕੌਰ ਨੇ ਹੀ ਉਸ ਪਰਿਵਾਰ ਨਾਲ ਬੱਚੇ ਦਾ ਸੌਦਾ ਤੈਅ ਕਰਨਾ ਸੀ, ਜਿਨ੍ਹਾਂ ਦੇ ਕੋਈ ਬੱਚਾ ਨਹੀਂ ਸੀ ਹੁੰਦਾ।
ਬੱਚੇ ਨੂੰ ਮਾਂ ਹਵਾਲੇ ਕੀਤਾ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਬੱਚਾ ਵੇਚਣ ਵਾਲੇ ਗਰੋਹ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਉਸ ਨੂੰ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।