ਮੁਹਾਲੀ ਏਸੀ ਬੱਸ ਅੱਡੇ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮੁੜ ਸਥਾਪਤ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 15 ਅਕਤੂਬਰ
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਫੇਜ਼-6 ਦੀ ਮੁੱਖ ਐਂਟਰੀ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮੁੜ ਤੋਂ ਬੁੱਤ ਸਥਾਪਤ ਕੀਤਾ ਗਿਆ। ਕੁਝ ਦਿਨ ਪਹਿਲਾਂ ਅਚਾਨਕ ਬੁੱਤ ਡਿੱਗ ਕੇ ਨੁਕਸਾਨਿਆ ਗਿਆ ਸੀ। ਇਸ ਨੂੰ ਬਾਅਦ ਵਿੱਚ ਮੁਰੰਮਤ ਲਈ ਭੇਜਿਆ ਗਿਆ ਸੀ। ਅੱਜ ਇੱਥੇ ਬੱਸ ਅੱਡੇ ਬਾਹਰ ਦੁਬਾਰਾ ਬੁੱਤ ਸਥਾਪਿਤ ਕੀਤਾ ਗਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਗਾਇਬ ਹੋਣ ਦਾ ਮਾਮਲਾ ਮੀਡੀਆ ਵਿੱਚ ਚੁੱਕਿਆ ਸੀ। ਡੀਸੀ ਆਸ਼ਿਕਾ ਜੈਨ ਨੇ ਕਿਹਾ ਸੀ ਕਿ ਬੁੱਤ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ ਅਤੇ ਜਲਦੀ ਹੀ ਉਸੇ ਥਾਂ ’ਤੇ ਬਾਬਾ ਜੀ ਦਾ ਬੁੱਤ ਲਗਾਇਆ ਜਾਵੇਗਾ।
ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਬੁੱਤ ਦੁਬਾਰਾ ਲੱਗ ਗਿਆ ਹੈ ਅਤੇ ਕੰਮ ਮੁਕੰਮਲ ਹੋਣ ’ਤੇ ਇਸ ਨੂੰ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਕੰਪਨੀ ਪ੍ਰਬੰਧਕਾਂ ਨੂੰ ਫੌਰੀ ਬੁੱਤ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਨੇ ਬੱਸ ਅੱਡੇ ਨੂੰ ਵਧੀਆ ਢੰਗ ਨਾਲ ਚਾਲੂ ਕਰਨ ਅਤੇ ਕਬਜ਼ੇ ਵਿੱਚ ਲਈ ਗਈ ਸੜਕ ਦਾ ਅੱਧਾ ਹਿੱਸਾ ਚਾਲੂ ਕਰਵਾਉਣ ਲਈ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਉਨ੍ਹਾਂ ਨੂੰ ਆਸ ਹੈ ਕਿ ਛੇਤੀ ਹੀ ਬੱਸ ਅੱਡਾ ਪੂਰਨ ਰੂਪ ਵਿੱਚ ਚਾਲੂ ਹੋ ਜਾਵੇਗਾ ਅਤੇ ਆਵਾਜਾਈ ਲਈ ਸੜਕ ਵੀ ਖੁੱਲ੍ਹ ਜਾਵੇਗੀ।