ਅੰਕੜਾ ਵਿਗਿਆਨੀ ਪ੍ਰਸ਼ਾਂਤ ਚੰਦਰ ਮਹਾਲਨੋਬਿਸ
ਮੰਨਤ ਮੰਡ
ਅੰਕੜਾ ਵਿਗਿਆਨ ਜਾਂ ਸਟੈਟਿਸਟਿਕਸ ਗਣਿਤ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਦੀ ਮਦਦ ਨਾਲ ਕਿਸੇ ਚੀਜ਼, ਸਮੂਹ ਨਾਲ ਜੁੜੇ ਹੋਏ ਅੰਕੜੇ ਇਕੱਠੇ ਕਰ ਕੇ ਸਰਵੇਖਣ ਕੀਤਾ ਜਾਂਦਾ ਹੈ। ਚਾਹੇ ਮੁੱਦਾ ਦੇਸ਼ ਦੇ ਉਦਯੋਗਿਕ ਢਾਂਚੇ ਦਾ ਹੋਵੇ, ਭਾਵੇਂ ਆਰਥਿਕ ਢਾਂਚੇ ਨੂੰ ਸਮਝਣ ਦਾ, ਅੰਕੜਿਆਂ ਦੀ ਜਾਣਕਾਰੀ ਤੋਂ ਬਿਨਾ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਸੰਭਵ ਨਹੀਂ। ਜਨਗਣਨਾ, ਰਾਜਨੀਤਕ ਚੋਣਾਂ ਦੇ ਨਤੀਜੇ, ਗ਼ਰੀਬੀ ਰੇਖਾ ਦੀ ਦਰ ਦਾ ਮਾਪਦੰਡ- ਕੁਝ ਵੀ ਅੰਕੜਿਆਂ ਤੋਂ ਬਿਨਾ ਸਮਝਿਆ ਨਹੀਂ ਜਾ ਸਕਦਾ। ਮੌਸਮ ਅਨੁਸਾਰ ਫ਼ਸਲ ਦੀ ਬਿਜਾਈ ਦੇ ਅਨੁਮਾਨ ਤੋਂ ਲੈ ਕੇ ਘਰੇਲੂ ਖਰਚੇ ਦਾ ਮਾਸਿਕ ਹਿਸਾਬ ਲਾਉਣ ਤਕ ਹਰ ਆਮ ਇਨਸਾਨ ਰੋਜ਼ਾਨਾ ਸਟੈਟਿਸਟਿਕਸ ਨੂੰ ਸਹਿਜ ਸੁਭਾਅ ਹੀ ਅਨੇਕਾਂ ਵਾਰ ਵਰਤਦਾ ਹੈ। ਅਜਿਹੇ ਸਿਧਾਂਤ ਸਾਡੇ ਦੇਸ਼ ਦੇ ਮਹਾਨ ਖੋਜੀ ਪੀ.ਸੀ. ਮਹਾਲਨੋਬਿਸ ਨੇ ਸਮਝਾਏ।
ਭਾਰਤੀ ਅੰਕੜਿਆਂ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪ੍ਰਸ਼ਾਤ ਚੰਦਰ ਮਹਾਲਨੋਬਿਸ ਦਾ ਜਨਮ 29 ਜੂਨ 1893 ਨੂੰ ਕਲਕੱਤਾ (ਹੁਣ ਕੋਲਕਾਤਾ, ਪੱਛਮੀ ਬੰਗਾਲ) ਦੇ ਬ੍ਰਾਹਮਣ ਪਰਿਵਾਰ ‘ਚ ਹੋਇਆ। ਉਸ ਦੇ ਦਾਦਾ, ਗੁਰੂਚਰਨ ਨੇ ਰਾਜਾ ਰਾਮ ਮੋਹਨ ਰਾਏ ਅਤੇ ਰਾਬਿੰਦਰਨਾਥ ਟੈਗੋਰ ਨਾਲ ‘ਬ੍ਰਹਮੋ ਸਮਾਜ ਲਹਿਰ’ ਦਾ ਹਿੱਸਾ ਬਣ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਕਈ ਸੰਘਰਸ਼ਾਂ ਵਿੱਚ ਭਾਗ ਲਿਆ। ਪਰਿਵਾਰ ਵਿੱਚ ਸੂਝਵਾਨ ਜੀਆਂ ਦੀ ਮੌਜੂਦਗੀ ਤੇ ਗਿਆਨ ਦਾ ਮਾਹੌਲ ਹੋਣ ਕਰਕੇ ਮਹਾਲਨੋਬਿਸ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਕ ਸੀ।
ਮਹਾਲਨੋਬਿਸ ਨੇ ਸਕੂਲੀ ਪੜ੍ਹਾਈ ਬ੍ਰਹਮੋ ਬੌਇਜ਼ ਸਕੂਲ ਕਲਕੱਤਾ ਤੋਂ 1908 ਵਿੱਚ ਪੂਰੀ ਕੀਤੀ। 1912 ਵਿੱਚ ਭੌਤਿਕ ਵਿਗਿਆਨ ਆਨਰਜ਼ ਵਿਸ਼ੇ ਨਾਲ ਬੈਚਲਰ ਆਫ ਸਾਇੰਸ ਦੀ ਡਿਗਰੀ ਹਾਸਲ ਕੀਤੀ। ਉੱਥੇ ਜਗਦੀਸ਼ ਚੰਦਰ ਬੋਸ ਅਤੇ ਪ੍ਰਫੁੱਲ ਚੰਦਰ ਰੇਅ ਵਰਗੇ ਪ੍ਰਸਿੱਧ ਵਿਗਿਆਨੀ ਉਸ ਦੇ ਅਧਿਆਪਕ ਸਨ। ਪ੍ਰੈਜ਼ੀਡੈਂਸੀ ਕਾਲਜ ਦੇ ਮੇਘਨਾਥ ਸਾਹਾ ਤੇ ਸੁਭਾਸ਼ ਚੰਦਰ ਬੋਸ ਵਰਗੇ ਵਿਦਵਾਨ ਉਸ ਦੇ ਜੂਨੀਅਰ ਸਨ। ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ 1913 ‘ਚ ਮਹਾਲਨੋਬਿਸ ਉਚੇਰੀ ਵਿਦਿਆ ਲਈ ਯੂਨੀਵਰਸਿਟੀ ਆਫ ਲੰਦਨ ਦਾ ਮਨ ਬਣਾ ਕੇ ਕੈਂਬਰਿਜ ਚਲਾ ਗਿਆ, ਪਰ ਦੇਰੀ ਹੋ ਜਾਣ ਕਾਰਨ ਦਾਖ਼ਲਾ ਨਾ ਹੋ ਸਕਿਆ। ਇੱਕ ਦੋਸਤ ਦੀ ਸਲਾਹ ਮੰਨ ਕੇ ਉਸ ਨੇ ਕਿੰਗਜ਼ ਕਾਲਜ ਕੈਂਬਰਿਜ ਵਿੱਚ ਆਪਣਾ ਖੋਜ ਕਾਰਜ ਸ਼ੁਰੂ ਕਰ ਦਿੱਤਾ। ਇਸ ਵਕਤ ਦੌਰਾਨ ਉਸ ਦੀ ਮੁਲਾਕਾਤ ਪ੍ਰਸਿੱਧ ਗਣਿਤ ਵਿਗਿਆਨੀ ਸ੍ਰੀਨਿਵਾਸ ਰਾਮਾਨੁਜਨ ਨਾਲ ਵੀ ਹੋਈ। ਇਸ ਮੁਲਾਕਾਤ ਦਾ ਵੇਰਵਾ ਰੌਬਰਟ ਕੈਨੀਗਲ ਦੀ ਕਿਤਾਬ ‘ਦਿ ਮੈਨ ਹੂ ਨਿਊ ਇਨਫਿਨਿਟੀ’ ਜੋ ਕਿ ਰਾਮਾਨੁਜਨ ਦੇ ਜੀਵਨ ਉੱਤੇ ਆਧਾਰਿਤ ਹੈ, ਵਿੱਚ ਵਿਸਥਾਰ ਨਾਲ ਮੌਜੂਦ ਹੈ।
ਖੋਜ ਦੇ ਕੰਮ ‘ਚ ਥੋੜ੍ਹਾ ਵਕਫ਼ਾ ਪਾ ਕੇ ਮਹਾਲਨੋਬਿਸ ਭਾਰਤ ਪਰਤ ਆਇਆ ਅਤੇ ਆ ਕੇ ਪ੍ਰੈਜ਼ੀਡੈਂਸੀ ਕਾਲਜ ਦੇ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਵੀ ਪੜ੍ਹਾਇਆ। ਇੰਗਲੈਂਡ ਤੋਂ ਪਰਤਣ ਮਗਰੋਂ ਮਹਾਲਨੋਬਿਸ ਦੀ ਨਜ਼ਰ ਇੱਕ ਖੋਜ ਰਸਾਲੇ ‘ਬਾਇਉਮੈਟਰਿਕਾ’ ‘ਤੇ ਪਈ ਜਿਸ ਤੋਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਦੀ ਰੁਚੀ ਭੌਤਿਕ ਵਿਗਿਆਨ ਨਾਲੋਂ ਜ਼ਿਆਦਾ ਸਟੈਟਿਸਟਿਕਸ ਵੱਲ ਹੋ ਗਈ। ਬਾਇਉਮੈਟਰਿਕਾ ਦੇ ਸਾਰੇ ਮੌਜੂਦਾ ਅੰਕਾਂ ਦਾ ਅਧਿਐਨ ਕਰਨ ਤੋਂ ਬਾਅਦ ਉਸ ਨੇ ਮਾਨਵ ਵਿਗਿਆਨ ਤੇ ਮੌਸਮ ਵਿਗਿਆਨ ‘ਚ ਅੰਕੜਿਆਂ ਦੀ ਮਹੱਤਤਾ ਉੱਤੇ ਖੋਜ ਦਾ ਕੰਮ ਕੀਤਾ। 1945 ‘ਚ ਮਹਾਲਨੋਬਿਸ ਨੂੰ ਰੌਇਲ ਸੁਸਾਇਟੀ ਲੰਡਨ ਦਾ ਫੈਲੋ ਚੁਣਿਆ ਗਿਆ।
238 ਰੁਪਏ ਦੇ ਫੰਡ ਨਾਲ ਉਸ ਨੇ 1932 ਵਿੱਚ ਪ੍ਰੈਜ਼ੀਡੈਂਸੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਅੰਦਰ ਹੀ ਸਟੈਟਿਸਟਿਕਸ ਵਿਭਾਗ ਦੀ ਨੀਂਹ ਰੱਖੀ ਜੋ ਕਿ ਬਾਅਦ ਵਿੱਚ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ (ਆਈ.ਐੱਸ.ਆਈ.) ਦੇ ਨਾਮ ਨਾਲ ਜਾਣਿਆ ਜਾਣ ਲੱਗਾ। 1933 ‘ਚ ਆਈ.ਐੱਸ.ਆਈ ਨੇ ਆਪਣਾ ਪਹਿਲਾ ਖੋਜ ਰਸਾਲਾ ‘ਸੰਖਿਆ’ ਜਾਰੀ ਕੀਤਾ।
ਮਹਾਲਨੋਬਿਸ ਨੇ ਅੰਕੜਿਆਂ ਨਾਲ ਸਬੰਧਿਤ ਅਨੇਕਾਂ ਖੋਜਾਂ ਕੀਤੀਆਂ। ਇਨ੍ਹਾਂ ਵਿੱਚੋਂ ਉਸ ਦੀ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਖੋਜ ‘ਮਹਾਲਨੋਬਿਸ ਡਿਸਟੈਂਸ’ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਫਾਰਮੂਲਾ ਹੈ ਜਿਸ ਦੀ ਵਰਤੋਂ ਜਨਸੰਖਿਆ ਅਧਿਐਨ ਲਈ ਕੀਤੀ ਜਾਂਦੀ ਹੈ। ਉਸ ਨੇ ਅੰਕੜਿਆਂ ਨਾਲ ਸਬੰਧਿਤ ਆਪਣੀਆਂ ਖੋਜਾਂ ਨੂੰ ਦੇਸ਼ ਦੇ ਵਿਕਾਸ ਨਾਲ ਜੋੜਦਿਆਂ ਸਮਝਾਇਆ ਕਿ ਸੈਂਪਲ ਸਰਵੇਖਣ ਵਰਗੇ ਸਿਧਾਂਤ ਦਾ ਪ੍ਰਯੋਗ ਅਵਾਮ ਦੀ ਤਰੱਕੀ ਲਈ ਕੀਤਾ ਜਾ ਸਕਦਾ ਹੈ। 1937-1944 ਦੌਰਾਨ ਉਸ ਨੇ ਆਪਣੀ ਦੇਖ-ਰੇਖ ਵਿੱਚ ਕਈ ਸਰਵੇਖਣ ਕਰਵਾਏ ਜਿਨ੍ਹਾਂ ਵਿੱਚ ਦੇਸ਼ ਦੇ ਖਪਤਕਾਰਾਂ ਦੀ ਲਾਗਤ ਸਬੰਧੀ, ਨਾਗਰਿਕਾਂ ਦੇ ਚਾਹ ਪੀਣ ਦੀਆਂ ਆਦਤਾਂ ਸਬੰਧੀ ਕਈ ਰਿਪੋਰਟਾਂ ਤਿਆਰ ਕੀਤੀਆਂ ਗਈਆਂ।
ਮਹਾਲਨੋਬਿਸ ਨੇ ਦੂਜੀ ਪੰਜ ਸਾਲਾ ਯੋਜਨਾ (1956-1961) ਦੀ ਰੂਪ ਰੇਖਾ ਤਿਆਰ ਕੀਤੀ ਜਿਸ ਨੂੰ ਬਾਅਦ ਵਿੱਚ ਨਹਿਰੂ-ਮਹਾਲਨੋਬਿਸ ਪਲੈਨ ਦਾ ਨਾਮ ਦਿੱਤਾ ਗਿਆ। ਇਸ ਪੰਜ ਸਾਲਾ ਯੋਜਨਾ ਦਾ ਮੁੱਖ ਮਕਸਦ ਲੋਹੇ ਤੇ ਸਟੀਲ ਦੀਆਂ ਵੱਡੀਆਂ ਫੈਕਟਰੀਆਂ ਸਥਾਪਤ ਕਰ ਕੇ ਮੁਲਕ ਨੂੰ ਆਤਮ-ਨਿਰਭਰ ਬਣਾਉਣਾ ਸੀ। ਉਸ ਦਾ ਇਹ ਮਾਡਲ ਭਾਰਤੀ ਆਰਥਿਕ ਢਾਂਚੇ ਨੂੰ ਪੈਰਾਂ ਸਿਰ ਕਰਨ ਵਿੱਚ ਬੜਾ ਮਦਦਗਾਰ ਸਾਬਿਤ ਹੋਇਆ।
ਮਹਾਲਨੋਬਿਸ ਦੀ ਅਗਵਾਈ ਵਿੱਚ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ (ਐੱਨਐੱਸਐੱਸਓ) ਅਤੇ ਸੈਂਟਰਲ ਸਟੈਟਿਸਟੀਕਲ ਆਫਿਸ (ਸੀਐੱਸਓ) ਦਾ ਨਿਰਮਾਣ ਕੀਤਾ ਗਿਆ। ਉਸ ਦੀ ਦੇਖ-ਰੇਖ ਵਿੱਚ ਹੀ ਭਾਰਤੀ ਯੋਜਨਾ ਕਮਿਸ਼ਨ (ਪਲੈਨਿੰਗ ਕਮਿਸ਼ਨ ਆਫ ਇੰਡੀਆ) ਦਾ ਗਠਨ ਕੀਤਾ ਗਿਆ। 1968 ਵਿੱਚ ਮਹਾਲਨੋਬਿਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਅੱਜ ਵੀ ਉਸ ਦੇ ਬਣਾਏ ਸਿਧਾਂਤਾਂ ਨੂੰ ਵਿਸ਼ਵ ਬੈਂਕ ਅਤੇ ਯੂਨਾਈਟਡ ਨੇਸ਼ਨਜ਼ ਵਰਤ ਰਹੇ ਹਨ। ਨੋਬੇਲ ਪੁਰਸਕਾਰ ਜੇਤੂ ਐਨਰਾਸ ਡਿਆਟਨ ਅਤੇ ਉਸ ਦੀ ਸਹਿ-ਲੇਖਿਕਾ ਵਾਲੇਰੀ ਕੋਜ਼ਲ 2005 ਵਿੱਚ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: ‘ਅੰਕੜਿਆਂ ਦੇ ਖੇਤਰ ਵਿੱਚ ਮਹਾਲਨੋਬਿਸ ਤੇ ਭਾਰਤ ਨੇ ਅਗਵਾਈ ਕੀਤੀ ਤੇ ਬਾਕੀ ਦੁਨੀਆਂ ਨੇ ਇਨ੍ਹਾਂ ਦਾ ਅਨੁਸਰਣ ਹੀ ਕੀਤਾ ਹੈ। ਇਨ੍ਹਾਂ ਦੀ ਬਦੌਲਤ ਹੀ ਅੱਜ ਸਾਰੇ ਦੇਸ਼ਾਂ ‘ਚ ਆਮਦਨ ਅਤੇ ਖਰਚ ਦਾ ਸਰਵੇਖਣ ਕੀਤਾ ਜਾ ਰਿਹਾ ਹੈ।’
ਆਪਣੀ ਜਨਮ ਮਿਤੀ ਤੋਂ ਠੀਕ ਇੱਕ ਦਿਨ ਪਹਿਲਾਂ 28 ਜੂਨ 1972 ਨੂੰ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਵੇਲੇ ਉਹ ਆਈ.ਐੱਸ.ਆਈ. ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਭਾਰਤ ਸਰਕਾਰ ਦੀ ਕੈਬਨਿਟ ਲਈ ਅੰਕੜਿਆਂ ਸਬੰਧੀ ਖ਼ਾਸ ਸਲਾਹਕਾਰ ਸੀ। ਉਸ ਦੀ ਅੰਕੜਿਆਂ ਸਬੰਧੀ ਕਾਰਗੁਜ਼ਾਰੀ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸ ਦੇ ਜਨਮ ਦਿਨ 29 ਜੂਨ ਨੂੰ ‘ਨੈਸ਼ਨਲ ਸਟੈਟਿਸਟਿਕਸ ਡੇਅ’ ਐਲਾਨਿਆ ਹੈ।
ਆਓ, ਪੀ.ਸੀ. ਮਹਾਲਨੋਬਿਸ ਜਿਹੇ ਉੱਦਮੀਆਂ ਦੀ ਘਾਲਣਾ ਅੱਗੇ ਸਿਰ ਝੁਕਾਈਏ, ਮਾਣ ਕਰੀਏ ਤੇ ਆਪਣੇ ਵਿਰਸੇ ਤੋਂ ਸੇਧ ਲਈਏ। ਅੱਜ ਸਾਡੀ ਜਵਾਨੀ ਨੂੰ ਅਜਿਹੀਆਂ ਬਹੁਪੱਖੀ ਸ਼ਖ਼ਸੀਅਤਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਇਹੀ ਸਾਡੇ ਅਸਲੀ ਲੋਕ ਨਾਇਕ ਹਨ।
* ਖੋਜ ਵਿਦਿਆਰਥੀ, ਮੈਥੇਮੈਟਿਕਸ ਵਿਭਾਗ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ।
ਸੰਪਰਕ: 94653-83337