ਰਾਜ ਪੱਧਰੀ ਕ੍ਰਿਕਟ ਮੁਕਾਬਲੇ: ਮੇਜ਼ਬਾਨ ਮੁਹਾਲੀ ਵੱਲੋਂ ਜੇਤੂ ਸ਼ੁਰੂਆਤ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 23 ਅਕਤੂਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਕਰਵਾਏ ਜਾ ਰਹੇ ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੇ ਦੂਜੇ ਦਿਨ ਮੇਜ਼ਬਾਨ ਮੁਹਾਲੀ ਜ਼ਿਲ੍ਹੇ ਦੀ ਟੀਮ ਨੇ ਜੇਤੂ ਸ਼ੁਰੂਆਤ ਕੀਤੀ। ਅੱਜ ਦਾ ਪਹਿਲਾ ਮੈਚ ਮੇਜ਼ਬਾਨ ਮੁਹਾਲੀ ਤੇ ਮਾਲੇਰਕੋਟਲਾ ਦੀਆਂ ਟੀਮਾਂ ਵਿਚਾਲੇ ਹੋਇਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ’ਤੇ 167 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਮਾਲੇਰਕੋਟਲਾ ਦੀ ਟੀਮ 137 ਦੌੜਾਂ ਹੀ ਬਣਾ ਸਕੀ। ਮੇਜ਼ਬਾਨ ਟੀਮ ਨੇ ਇਹ ਮੈਚ 28 ਦੌੜਾਂ ਦੇ ਅੰਤਰ ਨਾਲ ਜਿੱਤ ਕੇ ਅਗਲੇ ਗੇੜ ਵਿੱਚ ਆਪਣੀ ਥਾਂ ਪੱਕੀ ਕੀਤੀ। ਦੂਜਾ ਮੈਚ ਹੁਸ਼ਿਆਰਪੁਰ ਤੇ ਪਠਾਨਕੋਟ ਦੀਆਂ ਟੀਮਾਂ ਵਿਚਾਲੇ ਹੋਇਆ ਜਿਸ ਵਿੱਚ ਹੁਸ਼ਿਆਰਪੁਰ ਨੇ ਜਿੱਤ ਦਰਜ ਕੀਤੀ। ਫਤਹਿਗੜ੍ਹ ਸਾਹਿਬ ਤੇ ਬਰਨਾਲਾ ਵਿਚਾਲੇ ਖੇਡੇ ਗਏ ਇੱਕ ਹੋਰ ਮੈਚ ਵਿੱਚ ਬਰਨਾਲਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਸੰਗਰੂਰ ਨੇ ਮੋਗਾ ਨੂੰ, ਗੁਰਦਾਸਪੁਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਅਤੇ ਮਾਲੇਰਕੋਟਲਾ ਨੇ ਰੂਪਨਗਰ ਦੀ ਟੀਮ ਨੂੰ ਹਰਾਇਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ 17 ਸਾਲ ਵਰਗ ਦੇ ਇਸ ਰਾਜ ਪੱਧਰੀ ਮੁਕਾਬਲੇ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।