ਡੈਮੋਕ੍ਰੈਟਿਕ ਮਨਰੇਗਾ ਫਰੰਟ ਦਾ ਸੂਬਾਈ ਡੈਲੀਗੇਟ ਇਜਲਾਸ
ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਜੂਨ
ਇੱਥੋਂ ਨੇੜੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿੱਚ ਡੈਮੋਕ੍ਰੈਟਿਕ ਮਨਰੇਗਾ ਫਰੰਟ ( ਡੀਐੱਮਐੱਫ) ਦਾ ਪਲੇਠਾ ਸੂਬਾ ਡੈਲੀਗੇਟ ਇਜਲਾਸ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਘਾਸੀਵਾਲ, ਕੁਲਵਿੰਦਰ ਕੌਰ ਰਾਮਗੜ੍ਹ, ਪਾਲ ਸਿੰਘ ਮੋਰਾਂਵਾਲੀ, ਸੁਰਿੰਦਰ ਕੌਰ ਸਿੰਦੜਾਂ ਅਤੇ ਬਿਕਰਮਜੀਤ ਸਿੰਘ ਫੱਤਾਮਾਲੂਕਾ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਵਿੱਚ 7 ਜ਼ਿਲ੍ਹਿਆਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਇਜਲਾਸ ਦੌਰਾਨ ਮਨਰੇਗਾ ਸਕੀਮ ਨੂੰ ਅਜੋਕੇ ਸਮੇਂ ਵਿੱਚ ਹਰ ਵਿਅਕਤੀ, ਸ਼ਹਿਰ ਅਤੇ ਦੇਸ਼ ਲਈ ਅਤਿ ਜ਼ਰੂਰੀ ਸਕੀਮ ਮੰਨਦੇ ਹੋਏ ਇਸ ਦੇ ਵਾਤਾਵਰਨ,ਮਨੁੱਖੀ ਜੀਵਨ,ਪੇਂਡੂ ਅਰਥਚਾਰੇ ਅਤੇ ਸ਼ਹਿਰੀ ਜੀਵਨ ਉਪਰ ਪ੍ਰਭਾਵਾਂ ‘ਤੇ ਨਿੱਠ ਕੇ ਵਿਚਾਰ ਚਰਚਾ ਹੋਈ। ਇਜਲਾਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਅਜੀਬ ਗੱਲ ਹੈ ਕਿ ਕਾਨੂੰਨ ਦਾ ਰਾਜ ਲਾਗੂ ਕਰਨਾ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਪਰ ਮਨਰੇਗਾ ਦੇ ਮਾਮਲੇ ਵਿੱਚ ਕਾਨੂੰਨ ਲਾਗੂ ਕਰਵਾਉਣ ਲਈ ਹੀ ਜੱਦੋਜਹਿਦ ਕਰਨੀ ਪੈ ਰਹੀ ਹੈ। ਇਸੇ ਲੋੜ ਵਿਚੋਂ ਡੈਮੋਕ੍ਰੇਟਿਕ ਮਨਰੇਗਾ ਫਰੰਟ ਦਾ ਗਠਨ ਹੋਇਆ। ਅਖੀਰ ਵਿੱਚ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਵਿੱਚ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ ਸਣੇ 27 ਮੈਂਬਰੀ ਕਮੇਟੀ ਦੀ ਚੋਣ ਹੋਈ। ਇਸ ਮੌਕੇ ਜਨਰਲ ਸਕੱਤਰ ਹਰਦੀਪ ਕੌਰ ਪਾਲੀਆ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਉਭਿਆ, ਮੀਤ ਪ੍ਰਧਾਨ ਰਾਜ ਕੌਰ ਥੂਹੀ, ਜਸਵੀਰ ਕੌਰ ਮੂਲਾਬੱਧਾ, ਡਿਪਟੀ ਜਨਰਲ ਸਕੱਤਰ ਸੁਰਿੰਦਰ ਕੌਰ ਸਿੰਧੜਾਂ, ਸਕੱਤਰ ਕਿ੍ਸ਼ਨ ਲੁਬਾਣਾ, ਪੈ੍ਸ ਸਕੱਤਰ ਬਲਜੀਤ ਸਿੰਘ ਚੌਂਦਾ,ਸਹਾਇਕ ਸਕੱਤਰ ਸੁਖਵਿੰਦਰ ਸਿੰਘ ਸਕਰੌਦੀ, ਜਗਮੇਲ ਸਿੰਘ ਝੰਡਾ ਕਲਾਂ ਅਤੇ ਖਜ਼ਾਨਚੀ ਨਿਰਮਲਾ ਕੌਰ ਧਰਮਗੜ੍ਹ ਨੂੰ ਚੁਣਿਆ ਗਿਆ।