ਵਿੱਤੀ ਸਰਮਾਏ ਨਾਲ ਚੜ੍ਹਦੇ ਡਿੱਗਦੇ ਸਟਾਰਟਅੱਪ
ਔਨਿੰਦਿਓ ਚੱਕਰਵਰਤੀ
ਕੁਝ ਦਿਨ ਪਹਿਲਾਂ ਟਵਿੱਟਰ ’ਤੇ ਇਕ ਟੈੱਕ ਭਰਾ ਨੇ ਸ਼ੇਖੀ ਮਾਰੀ ਕਿ ਉਸ ਨੇ ਆਪਣਾ 80 ਫ਼ੀਸਦੀ ਸਟਾਫ ਹਟਾ ਕੇ ਉਸ ਦੀ ਥਾਂ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ- ਮਸਨੂਈ ਬੁੱਧੀ) ਚੈਟਬੌਟ ਲਿਆਂਦਾ ਹੈ। ਬਰਤਰਫ਼ ਕੀਤੇ ਗਏ ਸਟਾਫ ਪ੍ਰਤੀ ਅਜਿਹੇ ਅਣਮਨੁੱਖੀ, ਕਠੋਰ ਅਤੇ ਅਪਮਾਨਜਨਕ ਰਵੱਈਏ ਦੀ ਨੁਕਤਾਚੀਨੀ ਹੋਣੀ ਹੀ ਸੀ। ਮੈਨੂੰ ਯਕੀਨ ਹੈ ਕਿ ਉਸ ਸ਼ਖ਼ਸ ਨੂੰ ਵੀ ਲੋਕਾਂ ਦੇ ਇਹੋ ਜਿਹੇ ਰੱਦੇਅਮਲ ਦੀ ਉਮੀਦ ਹੋਵੇਗੀ। ਇਹ ਵੀ ਸੰਭਵ ਹੈ ਕਿ ਉਹ ਆਪਣੇ ਆਪ ਨੂੰ ਐਲਨ ਮਸਕ ਦੀ ਤਰ੍ਹਾਂ ਗਲਵੱਢ, ਬੇਕਿਰਕ, ਤਾਕਤਵਰ ਉੱਦਮੀ ਵਜੋਂ ਦਿਖਾਉਣਾ ਚਾਹੁੰਦਾ ਹੋਵੇ। ਯਾਦ ਕਰੋ ਕਿ ਮਸਕ ਨੇ ਟਵਿੱਟਰ ਖਰੀਦਣ ਤੋਂ ਬਾਅਦ ਕਿਵੇਂ ਇਸ ਦੇ 80 ਫ਼ੀਸਦੀ ਸਟਾਫ ਨੂੰ ਬਰਤਰਫ਼ ਕਰਨ ਦਾ ਐਲਾਨ ਕੀਤਾ ਸੀ।
ਸਟਾਰਟਅੱਪ ਸਪੇਸ ਇਸ ਕਿਸਮ ਦੇ ਅੱਖੜ ਵਿਹਾਰ ਲਈ ਬਦਨਾਮ ਹੈ। ਬੌਸਾਂ ਤੋਂ ਕਠੋਰ ਚਿੱਤ ਹੋਣ, ਮੁਲਾਜ਼ਮਾਂ ਤੋਂ ਲੰਮਾ ਸਮਾਂ ਕੰਮ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ ਅਤੇ ਜਿਹੜੇ ਮੁਲਾਜ਼ਮ ਪਰਿਵਾਰ ਲਈ ਸਮੇਂ ਦੀ ਮੰਗ ਕਰਦੇ ਹਨ, ਉਨ੍ਹਾਂ ਦਾ ਮੌਜੂ ਬੰਨ੍ਹਿਆ ਜਾਂਦਾ ਹੈ। ਦਰਅਸਲ, ਜੇ ਤੁਸੀਂ ਸਟਾਰਟਅੱਪ ਮੁਲਾਜ਼ਮ ਹੋ ਤਾਂ ਤੁਹਾਡੇ ਸਮੇਂ ਦਾ ਮਾਲਕ ਤੁਹਾਡਾ ਬੌਸ ਭਾਵ ਸਟਾਰਟਅੱਪ ਦਾ ਬਾਨੀ ਹੁੰਦਾ ਹੈ। ਬਦਲੇ ਵਿਚ ਮੁਲਾਜ਼ਮਾਂ ਨੂੰ ਈਐੱਸਓਪੀਜ਼ (ਸ਼ੇਅਰ ਮਾਲਕੀ ਯੋਜਨਾ) ਨਾਲ ਨਿਵਾਜ਼ਿਆ ਜਾਂਦਾ ਹੈ ਜਿਸ ਤਹਿਤ ਉਸ ਦੇ ਬਹੁਤ ਜ਼ਿਆਦਾ ਧਨੀ ਬਣ ਜਾਣ ਦਾ ਅਹਿਦ ਛੁਪਿਆ ਹੁੰਦਾ ਹੈ।
ਇਹ ਸਭ ਕੁਝ ਕਿਰਤ ਸੱਭਿਆਚਾਰ ਸਮੇਂ ਦੀ ਇਕ ਖ਼ਾਸ ਸੂਝ ਤੋਂ ਆਉਂਦਾ ਹੈ। ਸਨਅਤੀ ਕ੍ਰਾਂਤੀ ਦੀ ਰਫ਼ਤਾਰ ਧੀਮੀ ਹੈ। ਇਹ ਕਾਰੋਬਾਰ ਸ਼ੁਰੂ ਕਰਨ, ਫੈਕਟਰੀ ਖੜ੍ਹੀ ਕਰਨ, ਉਤਪਾਦ ਬਣਾਉਣ ਤੇ ਉਨ੍ਹਾਂ ਨੂੰ ਮੰਡੀ ਵਿਚ ਪਹੁੰਚਾਉਣ ਅਤੇ ਫਿਰ ਨਿਵੇਸ਼ ’ਤੇ ਮੁਨਾਫ਼ਾ ਕਮਾਉਣ ਵਿਚ ਕਾਫ਼ੀ ਸਮਾਂ ਲੈਂਦੀ ਹੈ। ਸਟਾਰਟਅੱਪ ਸਪੇਸ ਵਿਚ ਬਹੁਤ ਜ਼ਿਆਦਾ ਕਾਹਲ ਹੁੰਦੀ ਹੈ। ਜਿੱਥੇ ਸਨਅਤੀ ਪੂੰਜੀ ਪਹਿਲਾਂ ਉਤਪਾਦਾਂ ਦਾ ਛੋਟਾ ਭੰਡਾਰ ਵੇਚਦੀ ਹੈ ਅਤੇ ਫਿਰ ਹੌਲੀ ਹੌਲੀ ਮੰਗ ਵਧਣ ’ਤੇ ਉਤਪਾਦਨ ਵਿਚ ਵਾਧਾ ਕਰਦੀ ਹੈ, ਉੱਥੇ ਸਟਾਰਟਅੱਪਸ ਸਿਰਫ਼ ਤੇ ਸਿਰਫ਼ ਗਾਹਕ ਬਣਾਉਣ ਲਈ ਹਮੇਸ਼ਾਂ ਭਾਰੀ ਭਰਕਮ ਰਿਆਇਤਾਂ ’ਤੇ ਜਾਂ ਲਗਭਗ ਮੁਫ਼ਤ ਸੇਵਾਵਾਂ ਵੇਚਦੀ ਹੈ। ਬਹੁਤ ਹੀ ਘੱਟ ਟੈੱਕ ਸਟਾਰਟਅੱਪਸ ਮੁਨਾਫ਼ਾ ਕਮਾਉਂਦੇ ਹਨ ਅਤੇ ਜਿਹੜੇ ਕਮਾਉਂਦੇ ਵੀ ਹਨ, ਉਹ ਬਹੁਤ ਥੋੜ੍ਹਾ ਹੁੰਦਾ ਹੈ।
ਉਹ ਅਜਿਹਾ ਕਿਉਂ ਕਰਦੇ ਹਨ? ਇਸ ਸਵਾਲ ਨੂੰ ਸਮਝਣ ਲਈ ਸਾਨੂੰ ਟੈੱਕ ਜਗਤ ਦੇ ਬਾਹਰਵਾਰ ਵਿਕਸਤ ਦੁਨੀਆ ਦੇ ਪਰਿਵਾਰਕ ਬੱਚਤਾਂ ਦੇ ਖੇਤਰ ’ਤੇ ਨਿਗਾਹ ਮਾਰਨੀ ਪਵੇਗੀ। ਮਿਸਾਲ ਦੇ ਤੌਰ ’ਤੇ ਅਮਰੀਕਾ ਦੀ ਹੀ ਗੱਲ ਕਰ ਲਓ। 1980ਵਿਆਂ ਵਿਚ ਰੋਨਾਲਡ ਰੀਗਨ ਵੱਲੋਂ ਨਵ-ਉਦਾਰਵਾਦੀ ਸੁਧਾਰਾਂ ਦਾ ਅਮਲ ਸ਼ੁਰੂ ਕਰਨ ਤੋਂ ਬਾਅਦ ਚੋਟੀ ਦੇ ਦਸ ਫ਼ੀਸਦੀ ਅਮਰੀਕੀਆਂ ਨੇ ਆਰਥਿਕ ਤਰੱਕੀ ਦੇ ਸਾਰੇ ਲਾਭ ਹਥਿਆ ਲਏ। ਉਨ੍ਹਾਂ ਦੀ ਸੰਪਦਾ ਮਹਿੰਗਾਈ ਨਾਲ ਮਿਲਾਣ ਕਰਨ ’ਤੇ ਹਕੀਕੀ ਮਾਅਨਿਆਂ ਵਿਚ ਤਿੰਨ ਗੁਣਾ ਵਧ ਗਈ ਜਦੋਂਕਿ ਸਭ ਤੋਂ ਵੱਧ ਗ਼ਰੀਬ ਹੇਠਲੇ 50 ਫ਼ੀਸਦੀ ਲੋਕਾਂ ਦੀ ਸੰਪਦਾ ਵਿਚ ਮਸਾਂ ਇਕ ਚੌਥਾਈ ਵਾਧਾ ਹੋਇਆ। ਪਿਛਲੇ ਚਾਰ ਦਹਾਕਿਆਂ ਦੌਰਾਨ ਚੋਟੀ ਦੇ ਦਸ ਫ਼ੀਸਦੀ ਅਮਰੀਕੀਆਂ ਨੇ ਅਥਾਹ ਅਸਾਸੇ ਇਕੱਤਰ ਕਰ ਲਏ ਹਨ। ਨਾਲ ਹੀ ਇਨ੍ਹਾਂ ਅਸਾਸਿਆਂ ਦੇ ਵੱਡੇ ਹਿੱਸੇ ਦੀ ਸਰਮਾਇਆਕਾਰੀ ਕਰ ਦਿੱਤੀ ਗਈ ਹੈ ਜਿਸ ਕਰਕੇ ਇਸ ’ਤੇ ਬਿਹਤਰ ਮੁਨਾਫ਼ਾ ਵੀ ਆ ਰਿਹਾ ਹੈ। ਦਿੱਕਤ ਇਹ ਹੈ ਕਿ ਸਾਰੀਆਂ ਸਮਕਾਲੀ ਸਰਕਾਰਾਂ ਵੱਲੋਂ ਵਿਆਜ ਦਰਾਂ ਨੀਵੀਆਂ ਰੱਖਣ ਲਈ ਇਹੀ ਨਵ-ਉਦਾਰਵਾਦੀ ਨੀਤੀਆਂ ਅਪਣਾਈਆਂ ਗਈਆਂ। ਇਸ ਲਈ ਵਿੱਤੀ ਸੰਪਦਾ ਦਾ ਮੁਹਾਣ ਸ਼ੇਅਰ ਬਾਜ਼ਾਰਾਂ ਅਤੇ ਗ਼ੈਰ-ਕਰਜ਼ ਅਸਾਸਿਆਂ ਵੱਲ ਹੋਣ ਲੱਗ ਪਿਆ।
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕੀ ਕਾਰਪੋਰੇਟ ਖੇਤਰ ਹੋਰ ਜ਼ਿਆਦਾ ਵਿਸਤਾਰ ਨਹੀਂ ਲੈ ਸਕਦਾ। ਮੁੱਠੀ ਭਰ ਲੋਕਾਂ ਕੋਲ ਬੇਤਹਾਸ਼ਾ ਦੌਲਤ ਜਮਾਂ ਹੋਣ ਨਾਲ ਭਿਅੰਕਰ ਗ਼ੈਰਬਰਾਬਰੀ ਪੈਦਾ ਹੋਵੇਗੀ ਹੀ ਅਤੇ ਇਸ ਨਾਲ ਪੂੰਜੀਪਤੀਆਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਵਸਤਾਂ ਤੇ ਸੇਵਾਵਾਂ ਦੀ ਮੰਗ ਵੀ ਸੁੱਕ ਜਾਵੇਗੀ। ਦਰਅਸਲ, ਪਿਛਲੇ ਕਈ ਸਾਲਾਂ ਤੋਂ ਅਮਰੀਕੀ ਸ਼ੇਅਰ ਬਾਜ਼ਾਰ ਉੱਚ ਮੁਨਾਫ਼ਿਆਂ ਦੀ ਥਾਂ ਕਾਰਪੋਰੇਟ ਕੰਪਨੀਆਂ ਵੱਲੋਂ ਸਟਾਕ ਬਾਇਬੈਕ (ਕੰਪਨੀਆਂ ਆਪਣੇ ਵੱਲੋਂ ਜਾਰੀ ਕੀਤੇ ਸ਼ੇਅਰਾਂ ਨੂੰ ਗ੍ਰਾਹਕਾਂ ਤੋਂ ਪ੍ਰੀਮੀਅਮ ਦੀ ਪੇਸ਼ਕਸ਼ ਦੇ ਕੇ ਮੁੜ ਖਰੀਦ ਲੈਂਦੀਆਂ ਹਨ) ਨਾਲ ਚੱਲ ਰਹੇ ਹਨ। ਗੋਲਡਮੈਨ ਸੈਕਜ਼ ਮੁਤਾਬਿਕ 2010 ਤੋਂ ਲੈ ਕੇ ਅਮਰੀਕੀ ਸ਼ੇਅਰ ਬਾਜ਼ਾਰਾਂ ਵਿਚ ਮੰਗ ਦਾ ਬਹੁਤੇਰਾ ਹਿੱਸਾ ਬਾਇਬੈਕ ਦੇ ਖਾਤੇ ਵਿਚ ਪੈਂਦਾ ਹੈ।
ਇੰਝ, ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਆਲੇ-ਦੁਆਲੇ ਬਹੁਤ ਜ਼ਿਆਦਾ ਪੈਸਾ ਘੁੰਮ ਰਿਹਾ ਹੈ, ਪਰ ਖ਼ਾਸਕਰ ਵਿਕਸਿਤ ਦੁਨੀਆ ਅੰਦਰ ਨਿਵੇਸ਼ ਦੇ ਅਵਸਰ ਬਹੁਤ ਘੱਟ ਹਨ। ਇਸ ਮੌਕੇ ’ਤੇ ਵਿੱਤੀ ਵਿਚੋਲੇ ਭਾਵ ਫੰਡ ਮੈਨੇਜਰ ਦਾਖ਼ਲ ਹੁੰਦਾ ਹੈ। ਕਈ ਦਹਾਕਿਆਂ ਤੋਂ ਉਹ ਭਾਰਤ ਦੀ ਮਹਾਨ ਖਪਤਕਾਰੀ ਮੰਡੀ ਅਤੇ ਵਧ ਫੁੱਲ ਰਹੇ ਭਾਰਤੀ ਮੱਧ ਵਰਗ ਦਾ ਮਿੱਥ ਵੇਚਦੇ ਰਹੇ ਹਨ। ਉਹ ਨਿਵੇਸ਼ਕਾਂ ਨੂੰ ਦੱਸਦੇ ਹਨ ਕਿ ਭਾਰਤ ਦੀ ਇਕ ਅਰਬ ਤੋਂ ਜ਼ਿਆਦਾ ਆਬਾਦੀ ਖਪਤ ਲਈ ਉਡੀਕ ਕਰ ਰਹੀ ਹੈ, ਤੇ ਇਹ ਤਦ ਹੀ ਹੋ ਸਕੇਗਾ ਜਦੋਂ ਭਾਰਤ ਆਪਣੀ ਮੰਡੀ ਦੀਆਂ ਕਮੀਆਂ ਪੇਸ਼ੀਆਂ ਅਤੇ ਵੰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਲਵੇਗਾ। ਤਕਨਾਲੋਜੀ ਨਾਲ ਇਹ ਧਾਰਨਾ ਹੋਰ ਜ਼ਿਆਦਾ ਦਿਲਕਸ਼ ਬਣ ਗਈ। ਇਹ ਕਿਆਸ ਲਾਏ ਗਏ ਕਿ ਐਪਸ ਭਾਰਤ ਦੇ ਬੁਨਿਆਦੀ ਢਾਂਚੇ ਦੀਆਂ ਸਮੱਸਿਆਵਾਂ ਨੂੰ ਬਾਇਪਾਸ ਕਰ ਕੇ ਰਸਮੀ ਮੰਡੀਆਂ ਤੱਕ ਰਸਾਈ ਕੀਤੇ ਬਿਨਾਂ ਹੀ ਸਿੱਧੇ ਤੌਰ ’ਤੇ ਗ੍ਰਾਹਕਾਂ ਤੱਕ ਪਹੁੰਚਣ ਦੀ ਸਮੱਰਥਾ ਰੱਖਦੀਆਂ ਹਨ। ਇਸ ਕਰਕੇ ਭਾਰਤੀ ਟੈੱਕ ਸਟਾਰਟਅੱਪ ਸਪੇਸ ਪਹਿਲੀ ਦੁਨੀਆ ਦੇ ਨਿਵੇਸ਼ਕਾਂ ਨੂੰ ਵੇਚੀ ਜਾਣੀ ਵਾਲੀ ਇਕ ਬੇਮਿਸਾਲ ਕਹਾਣੀ ਬਣ ਗਈ ਤਾਂ ਕਿ ਚੋਖੀ ਮਾਤਰਾ ਵਿਚ ਫੰਡ ਹਾਸਲ ਕੀਤੇ ਜਾ ਸਕਣ।
ਇਕੇਰਾਂ ਤੁਸੀਂ ਇਹ ਫੰਡ ਲੈ ਕੇ ਜਦੋਂ ਕਿਸੇ ਭਾਰਤੀ ਟੈੱਕ ਭਾਈਬੰਦ ਨੂੰ ਦੇ ਦਿੱਤਾ ਤਾਂ ਫਿਰ ਕੀ ਹੋਵੇਗਾ? ਹੁਣ ਅਸੀਂ ਉਸੇ ਕੀਮਤ ਦੇ ਵਿੱਤੀ ਹੇਰ ਫੇਰ ਦੇ ਉਸੇ ਪੁਰਾਣੇ ਤਿਕੜਮ ਵਿਚ ਆ ਜਾਂਦੇ ਹਾਂ। ਫਰਜ਼ੀ ਐਕਸੈੱਲ ਸ਼ੀਟ ਕਾਰੋਬਾਰ ਅਨੁਮਾਨਾਂ ਦੇ ਆਧਾਰ ’ਤੇ ਸਟਾਰਟਅੱਪਸ ਦੀ ਕੀਮਤ ਕਰੋੜਾਂ ਡਾਲਰ ਹੋ ਜਾਂਦੀ ਹੈ ਅਤੇ ਭੰਗ ਦੇ ਭਾੜੇ ਜਾਂ ਭਾਰੀ ਭਰਕਮ ਰਿਆਇਤਾਂ ਦੇ ਕੇ ‘ਗਾਹਕ’ ਆਧਾਰ ਹਾਸਲ ਕਰ ਲਿਆ ਜਾਂਦਾ ਹੈ। ਗਾਹਕ ਸ਼ਬਦ ਦੀ ਇਹ ਨਵੀਂ ਵਿਆਖਿਆ ਹੈ; ਸਟਾਰਟਅੱਪ ਜਗਤ ਵਿਚ ਇਸ ਦਾ ਮਤਲਬ ਹੈ ਜੋ ਕੋਈ ਵੀ ਸੇਵਾ ਵਰਤਣ ਦਾ ਇੱਛਕ ਹੈ, ਭਾਵੇਂ ਉਸ ਨੇ ਇਸ ਬਦਲੇ ਕਾਣੀ ਕੌਡੀ ਵੀ ਅਦਾ ਨਾ ਕੀਤੀ ਹੋਵੇ, ਉਹ ਗਾਹਕ ਹੈ। ਪੁਰਾਣੀ ਪੂੰਜੀਵਾਦੀ ਵਿਚਾਰਧਾਰਾ ਵਿਚ ਇਸ ਤਰ੍ਹਾਂ ਦੇ ਗਾਹਕਾਂ ਨੂੰ ‘ਫਰੀਲੋਡਰਜ਼’ (ਮੁਫ਼ਤਖ਼ੋਰ) ਕਿਹਾ ਜਾਂਦਾ ਸੀ।
ਇਕ ਵਾਰ ਜਦੋਂ ਕੋਈ ਵੈਂਚਰ ਕੈਪੀਟਲਿਸਟ ਜਾਂ ਕੋਈ ਪ੍ਰਾਈਵੇਟ ਇਕੁਇਟੀ ਫਰਮ ਕਿਸੇ ਸਟਾਰਟਅੱਪ ਵਿਚ ਨਿਵੇਸ਼ ਕਰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਕੀਮਤ ਚੜ੍ਹਾ ਕੇ ਹੀ ਰੱਖਣੀ ਪੈਂਦੀ ਹੈ। ਇਸ ਦਾ ਮੰਤਵ ਕਿਸੇ ਵਡੇਰੇ ਖਰੀਦਦਾਰ ਅਤੇ ਕਿਸੇ ਚੁਸਤ ਖਿਡਾਰੀ ਜਾਂ ਫਿਰ ਕਿਸੇ ਵੱਡੇ ਅਹਿਮਕ ਦੀ ਤਲਾਸ਼ ਕਰਨਾ ਹੁੰਦਾ ਹੈ। ਖੇਡ ਉਦੋਂ ਖ਼ਤਮ ਹੁੰਦੀ ਹੈ ਜਦੋਂ ਸਟਾਰਟਅੱਪ ਮੂਲ ਨਿਵੇਸ਼ਕ ਆਪਣੇ ਸ਼ੇਅਰ ਪ੍ਰਚੂਨ ਨਿਵੇਸ਼ਕਾਂ ਨੂੰ ਸੌਂਪ ਕੇ ਆਪ ਨਿਕਲ ਜਾਂਦੇ ਹਨ। ਆਮ ਤੌਰ ’ਤੇ ਬਾਨੀ ਤੇ ਮੂਲ ਨਿਵੇਸ਼ਕ ਆਈਪੀਓ ਪ੍ਰਕਿਰਿਆ ਦੌਰਾਨ ਚੋਖੀ ਕਮਾਈ ਕਰਨ ਤੋਂ ਬਾਅਦ ਇਵੇਂ ਹੁੰਦਾ ਹੈ। ਕੁਝ ਦੇਰ ਬਾਅਦ ਸ਼ੇਅਰ ਧੜੰਮ ਕਰ ਕੇ ਡਿੱਗਦੇ ਹਨ ਅਤੇ ਪ੍ਰਚੂਨ ਨਿਵੇਸ਼ਕਾਂ ਲਈ ਮੁਸੀਬਤ ਬਣ ਜਾਂਦੀ ਹੈ ਕਿ ਉਹ ਨਿਕਲ ਜਾਣ ਜਾਂ ਨੁਕਸਾਨ ਦੇ ਬਾਵਜੂਦ ਟਿਕੇ ਰਹਿਣ।
ਦੂਜੇ ਸ਼ਬਦਾਂ ਵਿਚ ਟੈੱਕ ਸਟਾਰਟਅੱਪਸ ਕਿਸੇ ਵੀ ਤਰ੍ਹਾਂ ਦੇ ਡੈਰੀਵੇਟਿਵਜ਼ ਵਾਂਗ ਇਕ ਕਿਸਮ ਦੇ ਵਿੱਤੀ ਔਜ਼ਾਰ ਹੁੰਦੇ ਹਨ। ਇਨ੍ਹਾਂ ਵਿਚ ਆਮ ਕਾਰੋਬਾਰ ਦੇ ਮੁਕਾਬਲੇ ਪੈਸਾ ਕਮਾਉਣ ਦਾ ਕੋਈ ਨਿਹਿਤ ਫ਼ਾਇਦਾ ਨਹੀਂ ਹੁੰਦਾ। ਜੇ ਇਵੇਂ ਹੁੰਦਾ ਤਾਂ ਭਾਰਤ ਵਿਚ ਬਹੁਤ ਜ਼ਿਆਦਾ ਨਿਵੇਸ਼ ਨਿਗਲਣ ਵਾਲੇ ਜ਼ਿਆਦਾਤਰ ਸਟਾਰਟਅੱਪਸ ਬਹੁਤ ਜ਼ਿਆਦਾ ਲਾਹੇਵੰਦ ਹੋਣੇ ਸਨ। ਤਕਨੀਕੀ ਕਾਰੋਬਾਰ ਦੀਆਂ ਜੋ ਵੀ ਸੰਭਾਵਨਾਵਾਂ ਸਨ, ਉਨ੍ਹਾਂ ’ਤੇ ਵੱਡੀਆਂ ਤਕਨੀਕੀ ਕੰਪਨੀਆਂ ਪਹਿਲਾਂ ਹੀ ਕਾਬਜ਼ ਹੋ ਚੁੱਕੀਆਂ ਹਨ। ਸਟਾਰਟਅੱਪਸ ਉਨ੍ਹਾਂ ਕੰਪਨੀਆਂ ਦਾ ਬਿਲਕੁਲ ਮੁਕਾਬਲਾ ਨਹੀਂ ਕਰ ਸਕਦੇ। ਵਾਹ ਲੱਗਦੀ, ਜੇ ਉਹ ਖਰੀਦ ਵੀ ਲਏ ਜਾਣ ਤਾਂ ਤਕਨੀਕੀ ਨਵੀਨਤਾ ਦਾ ਲਾਭ ਹੀ ਦੇ ਸਕਦੇ ਹਨ।
ਇਸ ਲਈ ਸਟਾਰਟਅੱਪ ਕਾਰੋਬਾਰ ਅਤੇ ਨੌਕਰੀਆਂ ਨੂੰ ਆਲਮੀ ਵਿੱਤੀ ਪ੍ਰਣਾਲੀ ਦੇ ਹੀ ਵਿਸਤਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਜਦੋਂ ਪੂੰਜੀ ਦਾ ਵਹਾਓ ਜ਼ਿਆਦਾ ਹੋਵੇਗਾ ਤਾਂ ਇਨ੍ਹਾਂ ਦੀ ਚੜ੍ਹਤ ਹੋਵੇਗੀ ਜਿਸ ਦਾ ਮੁੱਖ ਕਾਰਨ ਵਿਆਜ ਦਰ ਜਾਂ ਸਰਕਾਰੀ ਖਰਚ ਨੀਵੇਂ ਹੋਣਾ ਹੁੰਦਾ ਹੈ ਅਤੇ ਜਦੋਂ ਪੂੰਜੀ ਵਹਾਓ ਘਟ ਜਾਂਦਾ ਹੈ ਤਾਂ ਇਹ ਸਟਾਰਟਅੱਪਸ ਵੀ ਸੁੱਕ ਜਾਂਦੇ ਹਨ। ਲੁਕਵੇਂ ਵਿੱਤੀ ਔਜ਼ਾਰ ਦੀ ਬਜਾਏ ਤਕਨੀਕੀ ਸਟਾਰਟਅੱਪਸ ਦੀ ਮੌਜੂਦਗੀ ਦੀ ਕੋਈ ਬੁਨਿਆਦੀ ਕਾਰੋਬਾਰੀ ਸੂਰਤ ਨਹੀਂ ਬਣਦੀ ਜਿਸ ਦੇ ਜ਼ਰੀਏ ਵਿੱਤੀ ਪੂੰਜੀ ਬਾਕੀ ਦੁਨੀਆ ਦੀ ਕੀਮਤ ’ਤੇ ਆਲਮੀ ਆਮਦਨ ਵਿਚ ਆਪਣੀ ਹਿੱਸੇਦਾਰੀ ਵਧਾਉਣਾ ਲੋਚਦੀ ਹੈ।
* ਲੇਖਕ ਆਰਥਿਕ ਮਾਮਲਿਆਂ ਦਾ ਸੀਨੀਅਰ ਵਿਸ਼ਲੇਸ਼ਕ ਹੈ।