ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਟਾਰਮਰ ਬਣੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ

06:40 AM Jul 06, 2024 IST
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਸਟਾਰਮਰ 10 ਡਾਊਨਿੰਗ ਸਟਰੀਟ ਪਹੁੰਚਦੇ ਹੋਏ। -ਫੋਟੋ: ਰਾਇਟਰਜ਼

ਲੰਡਨ, 5 ਜੁਲਾਈ
ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਕੀਰ ਸਟਾਰਮਰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਉਨ੍ਹਾਂ ਬਰਤਾਨੀਆ ਦੇ ਪੁਨਰ ਵਿਕਾਸ ਦਾ ਅਹਿਦ ਲਿਆ ਹੈ। ਇਨ੍ਹਾਂ ਚੋਣਾਂ ਵਿੱਚ ਰਿਸ਼ੀ ਸੂਨਕ ਦੀ ਅਗਵਾਈ ਹੇਠਲੀ ਕੰਜ਼ਰਵੇਟਿਵ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੇਠਲੇ ਸਦਨ ਦੀਆਂ 650 ਸੀਟਾਂ ’ਚੋਂ ਲੇਬਰ ਪਾਰਟੀ ਨੇ 412 ਜਦਕਿ ਕੰਜ਼ਰਵੇਟਿਵ ਪਾਰਟੀ ਨੇ ਸਿਰਫ਼ 121 ਸੀਟਾਂ ਜਿੱਤੀਆਂ ਹਨ। ਹਾਲਾਂਕਿ ਲੇਬਰ ਪਾਰਟੀ ਦਾ ਵੋਟ ਫੀਸਦ 33.7 ਤੇ ਕੰਜ਼ਰਵੇਟਿਵ ਦਾ 23.7 ਫੀਸਦ ਰਿਹਾ।
ਚੋਣ ਨਤੀਜਿਆਂ ਤੋਂ ਬਾਅਦ ਸਟਾਰਮਰ (61) ਨੇ ਮਹਾਰਾਜਾ ਚਾਰਲਸ-3 ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਮੁਲਕ ਦਾ 58ਵਾਂ ਪ੍ਰਧਾਨ ਮੰਤਰੀ ਐਲਾਨਿਆ ਗਿਆ। ਉਨ੍ਹਾਂ ਤੋਂ ਪਹਿਲਾਂ ਰਿਸ਼ੀ ਸੂਨਕ ਨੇ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਸਟਾਰਮਰ 10 ਡਾਊਨਿੰਗ ਸਟਰੀਟ ਪੁੱਜੇ। ਬਰਤਾਨਵੀ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟਰੀਟ ਦੇ ਬਾਹਰ ਆਪਣੇ ਉਦਘਾਟਨੀ ਸੰਬੋਧਨ ਦੌਰਾਨ ਸਟਾਰਮਰ ਨੇ ਕਿਹਾ, ‘ਸਾਡੇ ਮੁਲਕ ਨੇ ਤਬਦੀਲੀ, ਮੁਲਕ ਦੇ ਮੁੜ ਨਿਰਮਾਣ ਤੇ ਲੋਕ ਸੇਵਾ ’ਚ ਸਿਆਸਤ ਦੀ ਵਾਪਸੀ ਲਈ ਵੋਟ ਪਾਈ ਹੈ।’ ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਕਰਨ ਵਾਲੇ ਪਏ ਹਨ ਅਤੇ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕੰਮ ਇੰਨੇ ਸੌਖੇ ਨਹੀਂ ਹੋਣਗੇ। ਉਨ੍ਹਾਂ ਅਹੁਦਾ ਛੱਡ ਕੇ ਜਾ ਰਹੇ ਰਿਸ਼ੀ ਸੂਨਕ ਵੱਲੋਂ ਬਤੌਰ ਪ੍ਰਧਾਨ ਮੰਤਰੀ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਸਟਾਰਮਰ ਤੋਂ ਪਹਿਲਾਂ ਇੱਥੇ ਰਿਸ਼ੀ ਸੂਨਕ ਨੇ ਵਿਦਾਇਗੀ ਭਾਸ਼ਣ ਦਿੱਤਾ ਅਤੇ ਪਾਰਟੀ ਦੀ ਹਾਰ ਸਵੀਕਾਰ ਕੀਤੀ। ਅਕਤੂਬਰ 2022 ’ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਸੂਨਕ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਪਿੱਛੇ ਹਟ ਰਹੇ ਹਨ ਤੇ ਆਮ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਸੂਨਕ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਸਨ। ਇਨ੍ਹਾਂ ਚੋਣਾਂ ਵਿੱਚ ਰਿਸ਼ੀ ਸੂਨਕ ਉੱਤਰੀ ਇੰਗਲੈਂਡ ਵਿਚਲੀ ਆਪਣੀ ਰਿਚਮੰਡ ਤੇ ਨਾਰਥੈਲਰਟਨ ਸੀਟ ਜਿੱਤਣ ’ਚ ਕਾਮਯਾਬ ਰਹੇ ਹਨ। ਲੰਘੇ 14 ਸਾਲ ਤੋਂ ਸੱਤਾ ’ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਨੂੰ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। -ਪੀਟੀਆਈ

Advertisement

ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਰ ਸਟਾਰਮਰ ਨੂੰ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੀਆਂ ਆਮ ਚੋਣਾਂ ’ਚ ਜਿੱਤ ਲਈ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੂੰ ਵਧਾਈ ਦਿੱਤੀ ਅਤੇ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਹੀ ਆਪਸੀ ਵਿਕਾਸ ਤੇ ਖੁਸ਼ਹਾਲੀ ਨੂੰ ਉਤਸ਼ਾਹ ਦੇਣ ਲਈ ਸਕਾਰਾਤਮਕ ਤੇ ਰਚਨਾਤਮਕ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ। ਮੋਦੀ ਨੇ ਨਾਲ ਹੀ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਤੇ ਬਰਤਾਨੀਆ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। -ਪੀਟੀਆਈ

ਕਈ ਭਾਰਤੀਆਂ ਨੇ ਜਿੱਤੀ ਚੋਣ

ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਤਕਰੀਬਨ 26 ਭਾਰਤੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਟੋਰੀਜ਼ ਵੱਲੋਂ ਬਰਤਾਨਵੀ-ਭਾਰਤੀ ਉਮੀਦਵਾਰ ਸ਼ਿਵਾਨੀ ਰਾਜਾ, ਪ੍ਰੀਤੀ ਪਟੇਲ, ਗਗਨ ਮੋਹਿੰਦਰਾ ਨੇ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਵੱਲੋਂ ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ, ਜਸ ਅਠਵਾਲ, ਕਨਿਸ਼ਕਾ ਨਾਰਾਇਣ, ਸੋਜਾਨ ਜੌਸਫ, ਸੀਮਾ ਮਲਹੋਤਰਾ, ਲੀਜ਼ਾ ਨੰਦੀ, ਨਵੇਂਦੂ ਮਿਸ਼ਰਾ, ਨਾਡੀਆ ਵਿੱਟੋਮ, ਬੈਗੀ ਸ਼ੰਗਰ, ਸਤਵੀਰ ਕੌਰ, ਹਰਪ੍ਰੀਤ ਉੱਪਲ, ਵਰਿੰਦਰ ਜੱਸ, ਗੁਰਿੰਦਰ ਜੋਸਨ, ਸੋਨੀਆ ਕੁਮਾਰ, ਸੁਰੀਨਾ ਬਰੈਕੇਨਬਰਿੱਜ, ਜੀਵਨ ਸੰਧੇੜ ਸੰਸਦ ਮੈਂਬਰ ਬਣੇ ਹਨ। ਲਿਬਰਲ ਡੈਮੋਕਰੈਟ ਵਜੋਂ ਮੁਨੀਰਾ ਵਿਲਸਨ ਨੇ ਜਿੱਤ ਦਰਜ ਕੀਤੀ ਹੈ ਜਦਕਿ ਪ੍ਰਫੁਲ ਨਰਗੁੰਦ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ।
Advertisement

Advertisement