For the best experience, open
https://m.punjabitribuneonline.com
on your mobile browser.
Advertisement

ਮਿਆਰੀ ਸਿੱਖਿਆ ਸੁਧਾਰ ਸਮੇਂ ਦੀ ਪੁਕਾਰ

06:16 AM Sep 05, 2023 IST
ਮਿਆਰੀ ਸਿੱਖਿਆ ਸੁਧਾਰ ਸਮੇਂ ਦੀ ਪੁਕਾਰ
Advertisement

ਸੁੱਚਾ ਸਿੰਘ ਖੱਟੜਾ

ਇਹ ਹੁਣ ਪੁਰਾਣੀ ਗੱਲ ਹੋ ਗਈ ਹੈ ਕਿ ਪੰਜ ਸਤੰਬਰ ਕਿਵੇਂ ਅਧਿਆਪਕ ਦਿਵਸ ਬਣਿਆ। ਹੁਣ ਤਾਂ ਇਹ ਦਿਨ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਲਈ ਫੈਸਲੇ ਕਰਨ ਦਾ ਸਮਾਂ ਹੈ। ਸਭ ਨੂੰ ਮਿਆਰੀ ਸਿੱਖਿਆ, ਸਸਤੀ ਸਿੱਖਿਆ ਅਤੇ ਸਿਆਣੇ ਨਾਗਰਿਕ ਬਣਾਉਣ ਵਾਲੀ ਸਿੱਖਿਆ ਦੇਣ ਦੀ ਲੋੜ ਹੈ। ਪ੍ਰਾਈਵੇਟ ਸਕੂਲ ਸਿੱਖਿਆ ਸਿਸਟਮ ਦਾ ਅਨਿੱਖੜਵਾਂ ਅੰਗ ਇਸ ਕਰਕੇ ਬਣਿਆ ਹੀ ਰਹੇਗਾ ਕਿਉਂਕਿ ਇਹ ਆਰਥਕ ਮਾਡਲ ਦਾ ਹੁਣ ਇੱਕ ਅੰਗ ਹੈ, ਪਰ ਮਿਆਰੀ ਸਿੱਖਿਆ ਉੱਥੇ ਵੀ ਹਰ ਥਾਂ ਨਹੀਂ। ਇਨ੍ਹਾਂ ਸਕੂਲਾਂ ਵੱਲ ਬਰਾਬਰ ਧਿਆਨ ਦਿੰਦਿਆਂ ਸਰਕਾਰੀ ਸਕੂਲਾਂ ਨੂੰ ਇਨ੍ਹਾਂ ਸਕੂਲਾਂ ਲਈ ਚੁਣੌਤੀ ਬਣਾਉਣਾ ਹੈ ਤਾਂ ਕਿ ਫਿਰ ਮੁਕਾਬਲੇ ਦੀ ਦੌੜ ਲਾਭਦਾਇਕ ਹੋ ਨਿੱਬੜੇ।
ਮਿਆਰੀ ਸਿੱਖਿਆ ਲਈ (ੳ) ਸਰਕਾਰ (ਅ) ਪੰਜਾਬ ਸਕੂਲ ਬੋਰਡ (ੲ) ਦਫ਼ਤਰ (ਸ) ਸਕੂਲ ਅਤੇ (ਹ) ਸਮਾਜ ਸਕੂਲ ਪ੍ਰਬੰਧਕ ਕਮੇਟੀ ਪੰਜ ਅਦਾਰੇ ਹਨ। ਜਿਨ੍ਹਾਂ ਨੂੰ ਜੇਕਰ ਇੱਕ ਸੁਰ ਕਰ ਲਿਆ ਜਾਏ ਤਾਂ ਪੰਜਾਬ ਵਿਚ ਇਹ ਕੋਈ ਮੁਕਾਮ ਬਣਾ ਸਕਦਾ ਹੈ। ਪੰਜਾਬ ਦੀ ਸਕੂਲ ਸਿੱਖਿਆ ਵਿਚ ਸੁਧਾਰ ਹੋ ਸਕਦਾ ਹੈ। ਸਰਕਾਰ ਦਾ ਜਿੱਥੇ ਕੰਮ ਬਾਕੀ ਚਾਰਾਂ ਨੂੰ ਇਕ ਸੁਰ ਕਰਨਾ ਹੈ। ਉੱਥੇ ਉਸ ਦੇ ਆਪਣੀ ਪੱਧਰ ਉੱਤੇ ਵੀ ਕੁਝ ਨਿਭਾਉਣ ਯੋਗ ਜ਼ਿੰਮੇਵਾਰੀਆਂ ਹਨ। ਸਕੂਲਾਂ ਵਿਚ ਅਸਾਮੀਆਂ ਪੂਰੀਆਂ ਕੀਤੀ ਜਾਣ। ਅਧਿਆਪਕ ਦੀ ਕਰੀਅਰ ਵਿਚ ਪਹਿਲੀ ਬਦਲੀ ਲਈ ਠਹਿਰ ਤਿੰਨ ਸਾਲ, ਪਰ ਕੁਆਰੀਆਂ ਤੇ ਵਿਧਵਾਵਾਂ ਲਈ ਠਹਿਰ ਦੀ ਸ਼ਰਤ ਹਟਾ ਦਿੱਤੀ ਜਾਵੇ। ਪਹਿਲੀ ਬਦਲੀ ਉਪਰੰਤ ਸਭ ਲਈ ਹਰ ਬਦਲੀ ਲਈ ਠਹਿਰ ਪੰਜ ਸਾਲ ਕਰ ਦਿੱਤੀ ਜਾਵੇ। ਤਰੱਕੀ ਤੋਂ ਪਹਿਲਾਂ ਖਾਲੀ ਹੋਣ ਵਾਲੀਆਂ ਅਸਾਮੀਆਂ ਦੀ ਹੇਠੋਂ ਤਰੱਕੀ ਜਾਂ ਨਵੀਂ ਭਰਤੀ ਪਹਿਲਾਂ ਤਿਆਰ ਹੋਵੇ। ਪੰਜਾਬ ਸਰਕਾਰ ਨੂੰ ਬੇਵਜ੍ਹਾ ਸਕੂਲ ਬੰਦ ਕਰਨ ਨਾਲੋਂ ਸਕੂਲ ਚੱਲਦੇ ਰੱਖਣ ਵਿਚ ਸੋਭਾ ਖੱਟਣੀ ਚਾਹੀਦੀ ਹੈ।
ਐੱਸਸੀਈਆਰਟੀ, ਡੀਜੀਐੱਸਈ, ਡੀਪੀਆਈ, ਸਕੂਲ ਬੋਰਡ, ਡੀਈਓ ਦਫ਼ਤਰਾਂ ਦੇ ਅਧਿਕਾਰੀਆਂ ਲਈ ਸਕੂਲ ਨਿਰੀਖਣ ਦਾ ਕੰਮ ਲਾਜ਼ਮੀ ਕੀਤਾ ਜਾਵੇ। ਜੇਕਰ ਸਿੱਖਿਆ ਸਕੱਤਰ ਨੂੰ ਸਾਲ ਲਈ 10 ਸਕੂਲ ਦਿੱਤੇ ਜਾਂਦੇ ਹਨ ਤਾਂ ਉਸ ਤੋਂ ਹੇਠਾਂ ਹਰ ਅਧਿਕਾਰੀ ਲਈ ਸਾਲਾਨਾ 20 ਸਕੂਲਾਂ ਦਾ ਨਿਰੀਖਣ ਲਾਜ਼ਮੀ ਕੀਤਾ ਜਾਵੇ। ਸਿੱਖਿਆ ਮੰਤਰੀ ਕੋਲ ਨਿਰੀਖਣ ਲਈ ਸਮਾਂ ਨਹੀਂ ਹੋ ਸਕਦਾ, ਪਰ ਸਕੂਲ ਇਸ ਸਮਰੱਥਾ ਨਾਲ ਚੱਲਣ ਕਿ ਅਚਨਚੇਤ ਚੈਕਿੰਗ ਕਰਵਾਉਣ ਲਈ ਹਰ ਸਕੂਲ ਦੀ ਖਾਹਿਸ਼ ਹੋਵੇ। ਸਿੱਖਿਆ ਵਿਭਾਗ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਤੇਜ਼ੀ ਨਾਲ ਸੂਬਿਆਂ ਨੂੰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੇ ਏਜੰਟ ਬਣਾਉਣਾ ਚਾਹੁੰਦੀ ਹੈ।
ਮਿਆਰੀ ਸਿੱਖਿਆ ਲਈ ਅਗਲੀ ਧਿਰ ਪੰਜਾਬ ਸਕੂਲ ਸਿੱਖਿਆ ਬੋਰਡ ਹੈ। ਪ੍ਰੀਖਿਆਵਾਂ, ਮੁਲਾਂਕਣਾਂ ਨੂੰ ਗੈਰ ਗੰਭੀਰਤਾ ਨਾਲ ਨਾ ਲਿਆ ਜਾਵੇ। ਇਸ ਪ੍ਰਥਾ ਨਾਲ ਬੋਰਡ ਅਤੇ ਅਧਿਆਪਕ ਦੀ ਸ਼ਾਨ ਘਟਦੀ ਹੈ। ਸਕੂਲ ਬੋਰਡ ਜ਼ਿੰਮੇਵਾਰੀ ਨਾਲ ਸਮੇਂ ਸਿਰ ਕਿਤਾਬਾਂ ਛਪਵਾ ਕੇ ਸਕੂਲ ਪਹੁੰਚਾਏ। ਵਿਦਿਆਰਥੀਆਂ ਦੀਆਂ ਬੋਰਡ ਨਾਲ ਸਬੰਧਤ ਸਮੱਸਿਆਵਾਂ ਸਮਾਂਬੱਧ ਢੰਗ ਨਾਲ ਹੱਲ ਕਰਕੇ ਕਾਰਵਾਈ ਘਰ ਪਹੁੰਚਦੀ ਕੀਤੀ ਜਾਵੇ। ਤੀਜੀ ਧਿਰ ਸਿੱਖਿਆ ਦਫ਼ਤਰ ਹਨ। ਅਧਿਆਪਕਾਂ ਦੀ ਜ਼ਿਲ੍ਹੇ ਤੋਂ ਡੀਪੀਆਈ ਦਫ਼ਤਰ ਤਕ ਦੀ ਖੱਜਲ ਖੁਆਰੀ ਘਟਾਉਣ ਲਈ ਵਿਧੀ ਪੂਰਨ ਪ੍ਰਣਾਲੀ, ਡੀਪੀਆਈ’ਜ਼ ਦੀਆਂ ਅਨੇਕਾਂ ਸ਼ਕਤੀਆਂ ਜ਼ਿਲ੍ਹਾ ਪੱਧਰ ਨੂੰ ਅਤੇ ਜ਼ਿਲ੍ਹਿਆਂ ਦੀਆਂ ਅਨੇਕਾਂ ਸ਼ਕਤੀਆਂ ਸਕੂਲ ਮੁਖੀਆਂ ਅਤੇ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਸੌਂਪਣ ਦਾ ਕਾਰਜ ਪਹਿਲਾਂ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਬਿੇੜ ਗਏ ਸਨ। ਫਿਰ ਵੀ ਹਰ ਦਫ਼ਤਰ ਦੀ ਹਰ ਸੀਟ ਲਈ ਅਧਿਆਪਕ ਦੇ ਨਿੱਜੀ ਕੰਮ ਦੇ ਨਬਿੇੜੇ ਨੂੰ ਸਮਾਂਬੱਧ ਕਰਕੇ ਜ਼ਿੰਮੇਵਾਰੀ ਅਤੇ ਪ੍ਰਬੰਧਕੀ ਕੌਸ਼ਲ ਨਾਲ ਇਹ ਨਿਯਮ ਲਾਗੂ ਕੀਤਾ ਜਾਵੇ। ਕਿਸੇ ਵੀ ਪੱਧਰ ਦੇ ਅਧਿਕਾਰੀ ਦੀ ਕੋਈ ਵੀ ਅਸਾਮੀ ਖਾਲੀ ਨਹੀਂ ਰਹਿਣੀ ਚਾਹੀਦੀ।
ਚੌਥੀ ਪਰ ਸਭ ਤੋਂ ਮਹੱਤਵਪੂਰਨ ਧਿਰ ਸਕੂਲ ਹਨ। ਸਕੂਲ ਸਟਾਫ਼ ਜੇ ਇੱਕ ਪਰਿਵਾਰ ਵਾਂਗ ਨਹੀਂ ਵਿਚਰਦਾ, ਬੈਠਦਾ ਅਤੇ ਇੱਕ ਦੂਜੇ ਦਾ ਸਹਿਯੋਗੀ ਨਹੀਂ ਹੈ ਤਾਂ ਅਜਿਹੇ ਸਟਾਫ਼ ਦੇ ਅਧਿਆਪਕ, ਅਧਿਆਪਕ ਨਹੀਂ। ਸਰਕਾਰੀ ਨੌਕਰ ਅਤੇ ਤਨਖਾਹਦਾਰ ਹੀ ਹਨ। ਸਕੂਲ ਮੁਖੀ ਨੇ ਸਕੂਲ ਨੂੰ ਵਿਲੱਖਣ ਬਣਾਉਣਾ ਹੈ ਤਾਂ ਉਸ ਨੂੰ ਇਸ ਪਰਿਵਾਰ ਦਾ ਆਦਰ ਮੁਖੀਆ ਬਣ ਕੇ ਵਿਖਾਉਣਾ ਹੋਵੇਗਾ। ਟਾਈਮ ਟੇਬਲ ਵਿੱਚ ਜਿਸ ਅਧਿਆਪਕ ਨੂੰ ਉਸ ਦਾ ਵਿਸ਼ਾ ਛੇਵੀਂ ਵਿੱਚ ਮਿਲੇ ਉਹ ਉਸ ਨੂੰ ਦਸਵੀਂ ਤੱਕ ਲੈ ਕੇ ਜਾਵੇ। ਇਸ ਨਿਯਮ ਨੂੰ ਸੀਨੀਅਰ ਅਧਿਆਪਕ ਸਭ ਤੋਂ ਪਹਿਲਾਂ ਆਪਣੇ ਉੱਤੇ ਲਾਗੂ ਕਰਨ। ਇਸ ਪ੍ਰਥਾ ਦੀ ਸ਼ਾਨਦਾਰ ਪ੍ਰਾਪਤੀ ਹਰ ਅਧਿਆਪਕ ਦੇ ਕਰੀਅਰ ਵਿੱਚ ਸਟਾਰ ਵਾਂਗ ਚਮਕਿਆ ਕਰੇਗੀ। ਜਮਾਤ ਦਾ ਖਾਲੀ ਪੀਰੀਅਡ ਲੈਣ ਲਈ ਜੇਕਰ ਸਟਾਫ਼ ਅੰਦਰ ਇੱਕ-ਦੂਜੇ ਤੋਂ ਪਹਿਲਾਂ ਜਾਣ ਦੀ ਦੌੜ ਨਹੀਂ ਤਾਂ ਅਧਿਆਪਕ ਨੂੰ ਪੜ੍ਹਾਉਣ ਦਾ ਨਾ ਹੀ ਸ਼ੌਕ ਹੈ ਨਾ ਹੀ ਹੁਨਰ ਹੈ। ਇਹ ਅਧਿਆਪਕ ਦੀ ਮਰਜ਼ੀ ਉੱਤੇ ਛੱਡਣਾ ਚਾਹੀਦਾ ਹੈ ਕਿ ਉਹ ਪੀਰੀਅਡ ਦਾ ਵਿਸ਼ਾ ਜਾਂ ਆਪਣਾ ਵਿਸ਼ਾ ਪੜ੍ਹਾ ਸਕੇ। ਅਧਿਆਪਕਾਂ ਨੂੰ ਪ੍ਰੀਖਿਆਵਾਂ ਸਬੰਧੀ ਹਰ ਕਾਰਜ- ਪ੍ਰਸ਼ਨ ਪੱਤਰ ਬਣਾਉਣੇ, ਪ੍ਰੀਖਿਆ ਡਿਊਟੀ, ਉੱਤਰ ਪੱਤਰੀਆਂ ਚੈੱਕ ਕਰਨੀਆਂ ਆਦਿ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਪ੍ਰੀਖਿਆਵਾਂ ਮਖੌਲ ਦਾ ਵਿਸ਼ਾ ਨਾ ਬਣ ਜਾਣ। ਸਕੂਲ ਵਿੱਚ ਖੇਡਾਂ, ਵਿਗਿਆਨ ਅਤੇ ਸੱਭਿਆਚਾਰਕ ਮੁਕਾਬਲੇ ਲਈ ਤਿਆਰੀ ਵਿੱਚ ਹਰ ਸਟਾਫ਼ ਮੈਂਬਰ ਨੂੰ ਸਹਿਯੋਗੀ ਬਣਨਾ ਚਾਹੀਦਾ ਹੈ। ਸਟਾਫ਼ ਦੀ ਏਕਤਾ ਸਟਾਫ਼ ਦਾ ਸਤਿਕਾਰ ਵਧਾਉਂਦੀ ਹੈ। ਅਧਿਆਪਕ ਭਗਤਾਂ, ਸੂਫ਼ੀਆਂ, ਸੰਤਾਂ, ਗੁਰੂਆਂ ਦੀ ਮਾਨਵ ਸਾਂਝ ਦੇ ਵਿਰਾਸਤੀ ਉਪਦੇਸ਼ ਅਤੇ ਸੰਦੇਸ਼ ਹਰ ਸਵੇਰ ਬੱਚਿਆਂ ਨਾਲ ਸਾਂਝੇ ਕਰਨਾ ਨਿਯਮ ਹੀ ਬਣਾ ਲੈਣ, ਨਹੀਂ ਤਾਂ...ਇਸ਼ਾਰਾ ਮੁਜ਼ੱਫਰਨਗਰ ਦੀ ਘਟਨਾ ਵੱਲ ਹੈ।
ਪੰਜਵੀਂ ਧਿਰ ਸਕੂਲ ਪ੍ਰਬੰਧਕੀ ਕਮੇਟੀ ਹੈ। ਸਿੱਖਿਆ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਕੂਲ ਪ੍ਰਬੰਧਕ ਕਮੇਟੀ (ਐੱਸਐੱਮਸੀ) ਦੇ ਗਠਨ ਦੀਆਂ ਹਦਾਇਤਾਂ ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਭਾਗ ਤੋਂ ਆਈਆਂ ਹਨ। ਖੈਰ, ਸਕੂਲ ਮੁਖੀ ਨੂੰ ਚਾਹੀਦਾ ਹੈ ਕਿ ਉਹ ਪਿੰਡ, ਮੁਹੱਲੇ ਜਾਂ ਕਸਬੇ ਦਾ ਸਹਿਯੋਗ ਲੈਣ ਲਈ ਸਕੂਲ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਵੇ। ਜੇਕਰ ਕਮਿਊਨਿਟੀ ਸਹਿਯੋਗ ਦਿੰਦੀ ਹੈ ਤਾਂ ਸਕੂਲ ਵਿੱਚ ਸਿੱਖਿਆ ਦਾ ਮਿਆਰ ਵਧਾਉਣ ਲਈ ਅਨੇਕਾਂ ਨਵੇਂ ਬੂਹੇ ਖੁੁੱਲ੍ਹ ਜਾਣਗੇ। ਸਕੂਲ ਦੇ ਸਾਬਕਾ ਵਿਦਿਆਰਥੀ ਸਕੂਲ ਪ੍ਰਬੰਧਕ ਕਮੇਟੀਆਂ ਰਾਹੀਂ ਸਕੂਲ ਦੇ ਸਹਿਯੋਗੀ ਬਣਾਏ ਜਾ ਸਕਦੇ ਹਨ। ਸਕੂਲ ਪ੍ਰਬੰਧਕ ਕਮੇਟੀ ਦੀ ਚੋਣ/ ਗਠਨ, ਮੀਟਿੰਗਾਂ ਜੇ ਫਰਜ਼ੀਵਾੜਾ ਨਾ ਹੋਣ ਤਾਂ ਉਪਰੋਕਤ ਸਾਰੇ ਕੰਮ ਹੋ ਸਕਦੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਪਹਿਲਾਂ ਸਟਾਫ਼ ਦੀ ਰਾਇ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਸਟਾਫ਼ ਸਕੂਲ ਦੇ ਚੌਗਿਰਦੇ ਦੀ ਕਮਿਊਨਿਟੀ ਦਾ ਵਧੇਰੇ ਜਾਣੂ ਹੁੰਦਾ ਹੈ।
ਅਧਿਆਪਕ ਜਥੇਬੰਦੀਆਂ ਮਿਆਰੀ ਸਿੱਖਿਆ ਲਈ ਨਿੱਗਰ ਦਾਅਵੇਦਾਰ ਹੋ ਸਕਦੀਆਂ ਹਨ, ਪਰ ਇਨ੍ਹਾਂ ਦੀ ਵਧੇਰੇ ਗਿਣਤੀ ਕਾਰਨ ਇਹ ਧਿਰ ਮਿਆਰੀ ਸਿੱਖਿਆ ਲਈ ਨਾ ਹੀ ਸਰਕਾਰ ਤੋਂ ਅਤੇ ਨਾ ਹੀ ਅਧਿਆਪਕਾਂ ਤੋਂ ਕੁਝ ਲਾਗੂ ਕਰਵਾ ਸਕਦੀ ਹੈ। ਮਿਸਾਲ ਲਈ ਫਿਰਕਾਪ੍ਰਸਤੀ ਦੇ ਫੈਲਦੇ ਜ਼ਹਿਰ ਦੇ ਟਾਕਰੇ ਲਈ ਇਹ ਸਕੂਲ ਮੁਖੀਆਂ ਜਾਂ ਸਰਕਾਰ ਤੋਂ ਸ਼ਾਇਦ ਹੀ ਕੋਈ ਏਜੰਡਾ ਲਾਗੂ ਕਰਵਾ ਸਕਣ। ਇਨ੍ਹਾਂ ਦੇ ਸਾਂਝੇ ਮੋਰਚੇ ਮੁਕਾਬਲੇਬਾਜ਼ੀ ਵਿਚ ਅਧਿਆਪਕਾਂ ਦੇ ਵੱਡੇ ਇਕੱਠ ਤਾਂ ਕਰ ਸਕਦੇ ਹਨ, ਪਰ ਸਕੂਲਾਂ ਵਿਚ ਮਿਆਰੀ ਸਿੱਖਿਆ ਲਈ ਅਧਿਆਪਕਾਂ ਤੱਕ ਇਨ੍ਹਾਂ ਦੀ ਅਪੀਲ ਸ਼ਾਇਦ ਹੀ ਅਸਰ ਭਰਪੂਰ ਹੋ ਸਕੇ। ਪਿਛਲੀ ਸਦੀ ਦੇ ਸੱਤਰਵੇਂ ਦਹਾਕੇ ਦੇ ਆਰੰਭ ਵਿੱਚ ਸਾਂਝੀ ਅਤੇ ਇਕੋ ਇਕ ਜਥੇਬੰਦੀ ਲਈ ਵਿਧਾਨ ਬਣਿਆ, ਪਰ ਕੁਝ ਚੋਣਾਂ ਬਾਅਦ ਵਿਧਾਨ ਦਮ ਤੋੜ ਗਿਆ। ਹੁਣ ਜਾਂ ਤਾਂ ਕੋਈ ਇਕ ਜਥੇਬੰਦੀ ਇੰਨੀ ਦਮਦਾਰ ਬਣੇ ਕਿ ਬਾਕੀਆਂ ਦੀ ਹੋਂਦ ਨਾਚੀਜ਼ ਹੋ ਜਾਵੇ ਜਾਂ ਫਿਰ ਮੁੜ ਉਸ ਵਿਧਾਨ ਦਾ ਲੜ ਫੜ ਲਿਆ ਜਾਏ ਜਿਹੜਾ ਸਫਲਤਾ ਨਾਲ ਚੋਣ ਰਾਹੀਂ ਇਕੋ ਇਕ ਜਥੇਬੰਦੀ ਦਿੰਦਾ ਸੀ।
ਸੰਪਰਕ: 94176-52947

Advertisement

Advertisement
Author Image

joginder kumar

View all posts

Advertisement
Advertisement
×