ਸਟਾਲਿਨ ਨੇ ਆਪਣੇ ਪੁੱਤਰ ਨੂੰ ਬਣਾਇਆ ਉਪ ਮੁੱਖ ਮੰਤਰੀ
07:04 AM Sep 29, 2024 IST
ਚੇਨੱਈ, 28 ਸਤੰਬਰ
ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਨੂੰ ਅੱਜ ਸੂਬੇ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਸੂਬਾ ਸਰਕਾਰ ਵਿੱਚ ਵੱਡੀ ਪੱਧਰ ’ਤੇ ਹੋਏ ਬਦਲਾਅ ਵਿਚਾਲੇ ਇਹ ਐਲਾਨ ਕੀਤਾ ਗਿਆ। ਉਦੈਨਿਧੀ ਸਟਾਲਿਨ ਦਾ ਸਹੁੰ ਚੁੱਕ ਸਮਾਰੋਹ 29 ਸਤੰਬਰ ਨੂੰ ਬਾਅਦ ਦੁਪਹਿਰ 3.30 ਵਜੇ ਚੇਨੱਈ ਸਥਿਤ ਰਾਜ ਭਵਨ ਵਿੱਚ ਹੋਵੇਗਾ। ਇਹ ਜਾਣਕਾਰੀ ਰਾਜ ਭਵਨ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ। ਮੰਤਰੀ ਮੰਡਲ ਵਿੱਚ ਕੀਤੀ ਗਈ ਤਬਦੀਲੀ ਤਹਿਤ ਸੈਂਥਿਲ ਬਾਲਾਜੀ ਨੂੰ ਮੁੜ ਤੋਂ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਨਾਲ ਤਾਮਿਲਨਾਡੂ ਦੇ ਸਿਆਸੀ ਦ੍ਰਿਸ਼ ਵਿੱਚ ਇਕ ਵੱਡਾ ਬਦਲਾਅ ਆਵੇਗਾ ਤਾਂ ਜੋ ਉਦੈਨਿਧੀ ਦੀ ਲੀਡਰਸ਼ਿਪ ਨੂੰ ਮਜ਼ਬੂਤ ਕੀਤਾ ਜਾ ਸਕੇ। ਉਦੈਨਿਧੀ ਮੌਜੂਦਾ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਪੁੱਤਰ ਹਨ। ਉਦੈਨਿਧੀ ਦੀ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਤਰੱਕੀ ਉਨ੍ਹਾਂ ਦੇ ਸਿਆਸਤ ਵਿੱਚ ਵਧਦੇ ਪ੍ਰਭਾਵ ਦਾ ਸੰਕੇਤ ਹੈ। -ਏਜੰਸੀ
Advertisement
Advertisement