ਸਟਾਲਿਨ ਨੇ ਆਪਣੇ ਪੁੱਤਰ ਨੂੰ ਬਣਾਇਆ ਉਪ ਮੁੱਖ ਮੰਤਰੀ
ਚੇਨੱਈ, 28 ਸਤੰਬਰ
Udhayanidhi elevated as deputy CM ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਨੂੰ ਅੱਜ ਸੂਬੇ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਸੂਬਾ ਸਰਕਾਰ ਵਿੱਚ ਵੱਡੀ ਪੱਧਰ ’ਤੇ ਹੋਏ ਬਦਲਾਅ ਵਿਚਾਲੇ ਇਹ ਐਲਾਨ ਕੀਤਾ ਗਿਆ। ਉਦੈਨਿਧੀ ਸਟਾਲਿਨ ਦਾ ਸਹੁੰ ਚੁੱਕ ਸਮਾਰੋਹ 29 ਸਤੰਬਰ ਨੂੰ ਬਾਅਦ ਦੁਪਹਿਰ 3.30 ਵਜੇ ਚੇਨੱਈ ਸਥਿਤ ਰਾਜ ਭਵਨ ਵਿੱਚ ਹੋਵੇਗਾ। ਇਹ ਜਾਣਕਾਰੀ ਰਾਜ ਭਵਨ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ। ਮੰਤਰੀ ਮੰਡਲ ਵਿੱਚ ਕੀਤੀ ਗਈ ਤਬਦੀਲੀ ਤਹਿਤ ਸੈਂਥਿਲ ਬਾਲਾਜੀ ਨੂੰ ਮੁੜ ਤੋਂ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਤਬਦੀਲੀ ਨਾਲ ਤਾਮਿਲਨਾਡੂ ਦੇ ਸਿਆਸੀ ਦ੍ਰਿਸ਼ ਵਿੱਚ ਇਕ ਵੱਡਾ ਬਦਲਾਅ ਆਵੇਗਾ ਤਾਂ ਜੋ ਉਦੈਨਿਧੀ ਦੀ ਲੀਡਰਸ਼ਿਪ ਨੂੰ ਮਜ਼ਬੂਤ ਕੀਤਾ ਜਾ ਸਕੇ। ਉਦੈਨਿਧੀ ਮੌਜੂਦਾ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਪੁੱਤਰ ਹਨ। ਉਦੈਨਿਧੀ ਦੀ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਤਰੱਕੀ ਉਨ੍ਹਾਂ ਦੇ ਸੱਤਾਧਾਰੀ ਪਾਰਟੀ ਡੀਐੱਮਕੇ ਅਤੇ ਸੂਬੇ ਦੀ ਸਿਆਸਤ ਵਿੱਚ ਵਧਦੇ ਪ੍ਰਭਾਵ ਦਾ ਸੰਕੇਤ ਹੈ। ਇਸ ਫੈਸਲੇ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਉਠਾਏ ਗਏ ਰਣਨੀਤਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। -ਏਜੰਸੀ