ਪੰਜਾਬ ਨਾਟਸ਼ਾਲਾ ਵਿੱਚ ਗਾਰਗੀ ਦੇ ਨਾਟਕ ‘ਬਲਦੇ ਟਿੱਬੇ’ ਦਾ ਮੰਚਨ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 6 ਅਕਤੂਬਰ
ਰੰਗਕਰਮੀ ਮੰਚ ਵੱਲੋਂ ਬਲਵੰਤ ਗਾਰਗੀ ਦਾ ਲਿਖਿਆ ਅਤੇ ਮੰਚਪ੍ਰੀਤ ਵੱਲੋਂ ਨਿਰਦੇਸ਼ਤ ਕੀਤੇ ‘ਬਲਦੇ ਟਿੱਬੇ’ ਨਾਟਕ ਦਾ ਮੰਚਨ ਕੀਤਾ ਗਿਆ। ਦਰਸ਼ਕਾਂ ਨੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਟਕ ਵਿੱਚ ਦਮਦਾਰ ਪੇਸ਼ਕਾਰੀ ਦਿੱਤੀ ਹੈ। ਨਾਟਕ ਦਾ ਮੁੱਖ ਪਾਤਰ ਰਤਨਾ ਆਪਣੀ ਪਤਨੀ ਦੀ ਮੌਤ ਅਤੇ ਤਿੰਨ ਪੁੱਤਰ ਹੋਣ ਦੇ ਬਾਵਜੂਦ ਵਿਆਹ ਕਰਵਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਛੋਟੇ ਪੁੱਤਰ ਦੀ ਉਮਰ ਦੀ ਔਰਤ ਨਾਲ ਵਿਆਹ ਕਰਵਾ ਲੈਂਦਾ ਹੈ। ਉਸ ਦੀ ਪਤਨੀ ਦਾ ਛੋਟੇ ਬੇਟੇ ਨਾਲ ਨਾਜਾਇਜ਼ ਰਿਸ਼ਤਾ ਬਣ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਰਤਨਾ ਉਸ ਬੱਚੇ ਨੂੰ ਆਪਣਾ ਬੱਚਾ ਸਮਝਦਾ ਹੈ, ਭਾਵੇਂ ਉਹ ਉਸ ਦਾ ਪੁੱਤਰ ਨਹੀਂ ਹੈ। ਨਾਟਕ ਦੇ ਅੰਤ ਵਿਚ ਰਤਨਾ ਜਿਸ ਨੂੰ ਆਪਣੀ ਜ਼ਮੀਨ ’ਤੇ ਮਾਣ ਹੈ, ਨੂੰ ਸਮਝ ਨਹੀਂ ਆਉਂਦੀ ਕਿ ਉਸ ਦੀ ਜਾਇਦਾਦ ਦਾ ਮਾਲਕ ਕੌਣ ਹੋਵੇਗਾ। ਇਹ ਨਾਟਕ ਵਰਜਿਤ ਪਿਆਰ ਅਤੇ ਵਿਸ਼ਵਾਸਘਾਤ ਦੀ ਕਹਾਣੀ ਦੱਸਦਾ ਹੈ।
ਮੰਚਪ੍ਰੀਤ, ਕਵਿਤਾ, ਸਨਮਪ੍ਰੀਤ, ਗੁਰਪ੍ਰੀਤ, ਸੋਨੀਆ, ਸੁਧਾਂਸ਼ੂ, ਪਰਿਨਾਜ਼, ਰਵਨੀਤ ਕੌਰ, ਸੰਦੀਪ ਸਿੰਘ, ਹਰਮਨ, ਮੋਹਿਤ ਮਹਿਰਾ, ਸਿਮਰਪ੍ਰੀਤ ਕੌਰ, ਸਾਜਨ ਕਪੂਰ, ਵਰੁਣ ਮਲਹੋਤਰਾ ਅਤੇ ਵਿਕਾਸ ਸੋਨੂੰ ਨੇ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਨਾਟਕ ਦੇ ਅੰਤ ਵਿੱਚ ਪੰਜਾਬ ਨਾਟਸ਼ਾਲਾ ਸੰਸਥਾ ਵੱਲੋਂ ਜਤਿੰਦਰ ਬਰਾੜ ਨੇ ਪੇਸ਼ਕਾਰੀ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।