For the best experience, open
https://m.punjabitribuneonline.com
on your mobile browser.
Advertisement

ਸ੍ਰੀਨਗਰ: ਗ੍ਰਨੇਡ ਹਮਲੇ ’ਚ 12 ਵਿਅਕਤੀ ਜ਼ਖ਼ਮੀ

08:11 AM Nov 04, 2024 IST
ਸ੍ਰੀਨਗਰ  ਗ੍ਰਨੇਡ ਹਮਲੇ ’ਚ 12 ਵਿਅਕਤੀ ਜ਼ਖ਼ਮੀ
ਗ੍ਰਨੇਡ ਹਮਲੇ ਮਗਰੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਕਰਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ
Advertisement

Advertisement

ਸ੍ਰੀਨਗਰ, 3 ਨਵੰਬਰ
ਜੰਮੂ ਕਸ਼ਮੀਰ ’ਚ ਸ੍ਰੀਨਗਰ ਸ਼ਹਿਰ ਦੇ ਭੀੜ-ਭਾੜ ਵਾਲੇ ਬਾਜ਼ਾਰ ’ਚ ਐਤਵਾਰ ਨੂੰ ਦਹਿਸ਼ਤਗਰਦਾਂ ਵੱਲੋਂ ਸੀਆਰਪੀਐੱਫ ਦੇ ਇਕ ਬੰਕਰ ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗਏ ਗ੍ਰਨੇਡ ਧਮਾਕੇ ’ਚ 12 ਵਿਅਕਤੀ ਜ਼ਖ਼ਮੀ ਹੋ ਗਏ। ਹਮਲਾ ਭਾਰੀ ਸੁਰੱਖਿਆ ਵਾਲੇ ਸੈਰ-ਸਪਾਟਾ ਸਵਾਗਤ ਕੇਂਦਰ (ਟੀਆਰਸੀ) ਨੇੜੇ ਹੋਇਆ ਜਿਥੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਕੇਂਦਰ ਵੀ ਹਨ। ਸ੍ਰੀਨਗਰ ਦੇ ਖਾਨਯਾਰ ਇਲਾਕੇ ’ਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤਾਇਬਾ ਦੇ ਸਿਖਰਲੇ ਪਾਕਿਸਤਾਨੀ ਕਮਾਂਡਰ ਨੂੰ ਮਾਰ ਮੁਕਾਉਣ ਦੇ ਇਕ ਦਿਨ ਬਾਅਦ ਇਹ ਹਮਲਾ ਹੋਇਆ ਹੈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਟੀਆਰਸੀ ਨੇੜੇ ਸੀਆਰਪੀਐੱਫ ਦੇ ਬੰਕਰ ’ਤੇ ਗ੍ਰਨੇਡ ਸੁੱਟਿਆ ਸੀ ਪਰ ਉਹ ਨਿਸ਼ਾਨੇ ਤੋਂ ਖੁੰਝ ਗਿਆ ਅਤੇ ਸੜਕ ਕੰਢੇ ਜਾ ਕੇ ਫਟ ਗਿਆ ਜਿਸ ਕਾਰਨ 12 ਵਿਅਕਤੀ ਜ਼ਖ਼ਮੀ ਹੋ ਗਏ। ਧਮਾਕਾ ਸੰਡੇ ਬਾਜ਼ਾਰ ਨੇੜੇ ਹੋਇਆ ਜਿਥੇ ਹਜ਼ਾਰਾਂ ਲੋਕ ਸਾਮਾਨ ਖ਼ਰੀਦਣ ਲਈ ਆਉਂਦੇ ਹਨ। ਧਮਾਕੇ ਮਗਰੋਂ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਦੁਕਾਨਦਾਰਾਂ ਸਮੇਤ ਆਮ ਲੋਕ ਸੁਰੱਖਿਆ ਲਈ ਇਧਰ-ਉਧਰ ਭੱਜਣ ਲੱਗ ਪਏ। ਅਧਿਕਾਰੀ ਨੇ ਕਿਹਾ ਕਿ ਲਸ਼ਕਰ ਕਮਾਂਡਰ ਦੀ ਸ਼ਨਿਚਰਵਾਰ ਨੂੰ ਹੱਤਿਆ ਤੋਂ ਬਾਅਦ ਬੌਖਲਾਏ ਦਹਿਸ਼ਤਗਰਦਾਂ ਨੇ ਇਹ ਹਮਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਦਹਿਸ਼ਤਗਰਦਾਂ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ

Advertisement

ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਹਮਲੇ ਦੀ ਨਿਖੇਧੀ

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਦੇ ਸੰਡੇ ਬਾਜ਼ਾਰ ’ਚ ਹੋਏ ਗ੍ਰਨੇਡ ਹਮਲੇ ਦੀ ਨਿਖੇਧੀ ਕੀਤੀ ਹੈ। ਉਮਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪਿਛਲੇ ਕੁਝ ਦਿਨਾਂ ਤੋਂ ਵਾਦੀ ਦੇ ਹਿੱਸਿਆਂ ’ਚ ਹਮਲੇ ਅਤੇ ਮੁਕਾਬਲਿਆਂ ਦੀਆਂ ਸੁਰਖੀਆਂ ਛਾਈਆਂ ਹੋਈਆਂ ਹਨ। ਸ੍ਰੀਨਗਰ ਦੇ ਸੰਡੇ ਬਾਜ਼ਾਰ ’ਚ ਬੇਕਸੂਰ ਲੋਕਾਂ ’ਤੇ ਗ੍ਰਨੇਡ ਹਮਲਾ ਪ੍ਰੇਸ਼ਾਨ ਕਰਨ ਵਾਲਾ ਹੈ। ਬੇਕਸੂਰ ਆਮ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਤੁਕ ਨਹੀਂ ਹੋ ਸਕਦੀ।’’ ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਆ ਅਮਲੇ ਨੂੰ ਹਮਲਿਆਂ ’ਚ ਅਚਾਨਕ ਆਈ ਤੇਜ਼ੀ ਨੂੰ ਤੁਰੰਤ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਘਰਾਂ ਤੋਂ ਬਾਹਰ ਨਿਕਲ ਸਕਣ। ਉਧਰ ਜੰਮੂ ਕਸ਼ਮੀਰ ਕਾਂਗਰਸ ਨੇ ਅਜਿਹੇ ਹਮਲਿਆਂ ਨਾਲ ਸਿੱਝਣ ਲਈ ਪੁਖ਼ਤਾ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਇਕ ਬਿਆਨ ’ਚ ਕਿਹਾ ਕਿ ਦੁਕਾਨਦਾਰਾਂ ਅਤੇ ਖ਼ਰੀਦਦਾਰਾਂ ’ਤੇ ਹੋਏ ਗ੍ਰਨੇਡ ਹਮਲੇ ਦੀ ਘਟਨਾ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਨੂੰ ਅਜਿਹੇ ਹਮਲਿਆਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਘੁੰਮ ਸਕਣ। -ਪੀਟੀਆਈ

ਦਹਿਸ਼ਤਗਰਦਾਂ ਨੂੰ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇ: ਸਿਨਹਾ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਗ੍ਰਨੇਡ ਹਮਲੇ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਹੋਰ ਸੁਰੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਦਹਿਸ਼ਤਗਰਦਾਂ ਨੂੰ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇ। ਇਕ ਸਰਕਾਰੀ ਤਰਜਮਾਨ ਨੇ ਕਿਹਾ, ‘‘ਉਪ ਰਾਜਪਾਲ ਨੇ ਸ੍ਰੀਨਗਰ ’ਚ ਗ੍ਰਨੇਡ ਹਮਲੇ ਬਾਰੇ ਡੀਜੀਪੀ ਨਲਿਨ ਪ੍ਰਭਾਤ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਫ਼ਸਰਾਂ ਨਾਲ ਗੱਲਬਾਤ ਕੀਤੀ। ਸਿਨਹਾ ਨੇ ਅਧਿਕਾਰੀਆਂ ਨੂੰ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਜ਼ਾ ਦੇਣ ਲਈ ਢੁੱਕਵਾਂ ਅਤੇ ਤਿੱਖਾ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ।’’ ਉਪ ਰਾਜਪਾਲ ਨੇ ਕਿਹਾ ਕਿ ਲੋਕਾਂ ’ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ। ਉਨ੍ਹਾਂ ਦਹਿਸ਼ਤੀ ਜਥੇਬੰਦੀਆਂ ਨੂੰ ਮਿੱਧਣ ਅਤੇ ਇਸ ਮਿਸ਼ਨ ਨੂੰ ਮੁਕੰਮਲ ਕਰਨ ’ਚ ਕੋਈ ਕਸਰ ਬਾਕੀ ਨਾ ਛੱਡਣ ਦੀ ਪੂਰੀ ਖੁੱਲ੍ਹ ਦਿੱਤੀ ਹੈ। -ਪੀਟੀਆਈ

Advertisement
Author Image

Advertisement