ਆਧੁਨਿਕ ਪੰਜਾਬੀ ਕਾਵਿ ਵਿੱਚ ਸ੍ਰੀ ਕ੍ਰਿਸ਼ਨ
ਪ੍ਰੋ. ਸਤਨਾਮ ਸਿੰਘ ਜੱਸਲ
ਪੁਸਤਕ ਚਰਚਾ
ਡਾਕਟਰ ਸੁਨੀਤਾ ਵਸ਼ਿਸ਼ਟ ਦੀ ਖੋਜ ਪੁਸਤਕ ‘ਕ੍ਰਿਸ਼ਨ (ਆਧਨਿਕ ਪੰਜਾਬੀ ਕਵੀਆਂ ਦੀ ਨਜ਼ਰ ਵਿਚ)’ (ਕੀਮਤ: 300 ਰੁਪਏ; ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਉਸ ਦੀ ਨਿੱਜੀ ਦਿਲਚਸਪੀ ਵਿੱਚੋਂ ਪੈਦਾ ਹੋਈ ਸਬੰਧਿਤ ਵਿਸ਼ੇ ਦੀ ਚੋਣ ਵਿੱਚੋਂ ਹੈ। ਇਸ ਪੁਸਤਕ ਨੂੰ ਉਸ ਨੇ ਬਹੁਤ ਮਿਹਨਤ ਨਾਲ ਸਿਰਜਿਆ ਹੈ। ਉਸ ਦਾ ਇਹ ਮੰਨਣਾ ਹੈ ਕਿ ਕ੍ਰਿਸ਼ਨ ਮੈਨੂੰ ਹੋਰ ਸਾਰੇ ਦੇਵੀ ਦੇਵਤਿਆਂ ਵਿੱਚੋਂ ਬਿਲਕੁਲ ਹੀ ਵੱਖਰੇ ਨਜ਼ਰ ਆਉਂਦੇ। ਉਹ ਮੈਨੂੰ ਬਾਲ-ਸਖੇ ਲੱਗਦੇ ਹਨ ਜਿਸ ਨੂੰ ਕੋਈ ਵੀ ਕੁੜੀ ਆਪਣੇ ਪਤੀ, ਭਰਾ ਤੇ ਪ੍ਰੇਮੀ ਵਾਂਗ ਮਹਿਸੂਸ ਕਰ ਸਕਦੀ ਹੈ। ਲੇਖਿਕਾ ਦੇ ਮਨ ਵਿੱਚ ਕ੍ਰਿਸ਼ਨ ਬਾਰੇ ਹੋਰ-ਹੋਰ ਜਾਣਨ ਦੀ ਇੱਛਾ ਹਮੇਸ਼ਾ ਬਣੀ ਰਹਿੰਦੀ ਸੀ। ਉਹ ਇੱਛਾ ਦਾ ਬੀਜ ਹੀ ਇਸ ਕਿਤਾਬ ਦੇ ਰੂਪ ਵਿੱਚ ਬਿਰਖ ਬਣਿਆ।
ਭਾਰਤੀ ਮਿਥਿਹਾਸ ਵਿੱਚ ਸਭ ਤੋਂ ਅਨੂਠਾ, ਦਿਲਕਸ਼ ਤੇ ਵਿਰੋਧਾਭਾਸ ਭਰਿਆ ਬਹੁ-ਰੰਗਾ ਚਰਿੱਤਰ ਕ੍ਰਿਸ਼ਨ ਭਗਵਾਨ ਦਾ ਹੀ ਹੈ। ਲੇਖਿਕਾ ਨੇ ਕ੍ਰਿਸ਼ਨ ਜੀ ਬਾਰੇ ਮਿਲਦੇ ਹਵਾਲਿਆਂ ਨੂੰ ਆਧੁਨਿਕ ਕਵੀਆਂ ਦੀ ਨਜ਼ਰ ਵਿੱਚ ਵਿਚਾਰਨ ਤੋਂ ਪਹਿਲਾਂ ਇਸ ਬਾਰੇ ਵਿਸ਼ਲੇਸ਼ਣਾਤਮਕ ਜਾਣਕਾਰੀ ਇਸ ਪੁਸਤਕ ਵਿੱਚ ਦਿੱਤੀ ਹੈ ਕਿ ਕ੍ਰਿਸ਼ਨ ਜੀ ਇਸ ਤੋਂ ਪਹਿਲਾਂ ਦੇ ਸਾਹਿਤ ਵਿੱਚ ਕਿਸ ਪ੍ਰਕਾਰ ਅਭਿਵਿਅਕਤ ਕਤਿਾ ਗਿਆ ਹੈ। ਲੇਖਿਕਾ ਨੇ ਆਪਣੀ ਖੋਜ ਵਿੱਚ ਸਭ ਤੋਂ ਪਹਿਲਾਂ ਪਰੰਪਰਕ ਬਿੰਬ ਸਿਧਾਂਤ ਬਾਰੇ ਗੰਭੀਰ ਚਰਚਾ ਕੀਤੀ ਹੈ। ਇਸ ਬਿੰਬ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਪੰਜਾਬੀ ਕ੍ਰਿਸ਼ਨ ਕਾਵਿ ਵਿੱਚ ਤਿੰਨ ਬਿੰਬਾਂ: ਈਸ਼ਵਰੀ ਬਿੰਬ, ਮਾਨਵੀ ਬਿੰਬ ਅਤੇ ਦਾਰਸ਼ਨਿਕ ਬਿੰਬ ਨੂੰ ਕੇਂਦਰ ਵਿੱਚ ਰੱਖ ਕੇ ਅਧਿਐਨ ਵਿਸ਼ਲੇਸ਼ਣ ਕੀਤਾ ਹੈ।
ਲੇਖਿਕਾ ਨੇ ਆਧੁਨਿਕ ਪੰਜਾਬੀ ਕਾਵਿ ਵਿੱਚ ਕ੍ਰਿਸ਼ਨ ਦੇ ਈਸ਼ਵਰੀ ਬਿੰਬ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਇਸ ਬਾਰੇ ਗੰਭੀਰ ਵਿਚਾਰ ਕੀਤਾ ਹੈ ਕਿ ‘ਈਸ਼ਵਰ’ ਕਿਸ ਨੂੰ ਕਹਿੰਦੇ ਹਨ। ਉਸ ਅਨੁਸਾਰ ਹਿੰਦੂ ਦਰਸ਼ਨ ਵਿੱਚ ਈਸ਼ਵਰ ਸ਼ਬਦ ਦਾ ਪ੍ਰਯੋਗ ਸ੍ਰਿਸ਼ਟੀ ਦੇ ਰਚਨਹਾਰ, ਪਾਲਣਹਾਰ ਤੇ ਸੰਘਾਰਨਹਾਰ ਲਈ ਹੁੰਦਾ ਹੈ। ਇੱਕ ਹੋਰ ਧਾਰਨਾ ਅਨੁਸਾਰ ਪਾਲਣ ਅਤੇ ਸੰਘਾਰਨ ਦੀਆਂ ਸ਼ਕਤੀਆਂ ਨੂੰ ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਦੀ ਤ੍ਰੈਮੂਰਤੀ ਦੇ ਤੌਰ ’ਤੇ ਵੀ ਚਿੱਤਰਿਆ ਗਿਆ ਹੈ ਜਿਸ ਅਨੁਸਾਰ ਬ੍ਰਹਮਾ ਉਤਪਤੀ ਕਰਦਾ, ਵਿਸ਼ਣੂ ਪਾਲਦਾ ਅਤੇ ਸ਼ਿਵ ਸੰਘਾਰ ਕਰਦਾ ਹੈ। ਇਨ੍ਹਾਂ ਵਿੱਚੋਂ ਵਿਸ਼ਣੂ ਹੀ ਅਵਤਾਰ ਧਾਰ ਕੇ ਈਸ਼ਵਰੀ ਰੂਪ ਵਿੱਚ ਦੁਨੀਆ ਵਿੱਚ ਵਿਚਰਦਾ ਹੈ। ਪੁਰਾਣਾਂ ਅਨੁਸਾਰ ਕ੍ਰਿਸ਼ਨ ਵਿਸ਼ਣੂ ਦਾ ਅੱਠਵਾਂ ਅਵਤਾਰ ਮੰਨਿਆ ਜਾਂਦਾ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਸ੍ਰੀ ਕ੍ਰਿਸ਼ਨ ਦੀ ਅਦਭੁੱਤ ਈਸ਼ਵਰੀ ਆਭਾ ਦਾ ਜਲੌਅ ਦ੍ਰਿਸ਼ਟਮਾਨ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ਕ੍ਰਿਸ਼ਨ ਜੀ’ ਭਗਵਾਨ ਕ੍ਰਿਸ਼ਨ ਦੇ ਈਸ਼ਵਰੀ ਸੁਹਜੀਲੇ ਤੇ ਅਦਭੁੱਤ ਚਮਤਕਾਰੀ ਰੂਪ ਨੂੰ ਪਿਆਰੇ ਅੰਦਾਜ਼ ਵਿੱਚ ਨਿਰੂਪਿਤ ਕਰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਸ੍ਰੀ ਕ੍ਰਿਸ਼ਨ ਬਾਰੇ ਸਭ ਤੋਂ ਪਹਿਲੀ ਬਹੁਤ ਪ੍ਰਸਿੱਧ ਕਵਿਤਾ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੀ ਗਈ ‘ਰਾਧਾ ਸੰਦੇਸ਼’ ਹੈ। ਇਸ ਕਵਿਤਾ ਵਿੱਚ ਕ੍ਰਿਸ਼ਨ ਦਾ ਪ੍ਰੇਮੀ ਰੂਪ ਹੀ ਅਗਰਭੂਮੀ ਵਿੱਚ ਆਉਂਦਾ ਹੈ। ਦਾਰਸ਼ਨਿਕ ਬਿੰਬ ਦੀ ਸ਼ੁਰੂਆਤ ਹਰਿੰਦਰ ਸਿੰਘ ਰੂਪ ਦੀ ਕਵਿਤਾ ‘ਗੀਤਾ’ ਤੋਂ ਹੁੰਦੀ ਹੈ। ਪੁਸਤਕ ਦੇ ਅੰਤ ਵਿੱਚ ਕ੍ਰਿਸ਼ਨ ਦੀ ਬਿੰਬ ਸਿਰਜਨਾ ਦਾ ਤੁਲਨਾਤਮਕ ਅਧਿਐਨ ਪੇਸ਼ ਕੀਤਾ ਗਿਆ ਹੈ। ਲੇਖਿਕਾ ਦਾ ਮੰਨਣਾ ਹੈ ਕਿ ਪੰਜਾਬੀ ਕਵਿਤਾ ਅੰਦਰ ਕ੍ਰਿਸ਼ਨ ਦੀ ਪ੍ਰਸੰਗਿਕਤਾ ਆਧੁਨਿਕ ਯੁੱਗ ਵਿੱਚ ਵੀ ਪੱਖਧਾਰੀ ਹੈ। ਈਸ਼ਵਰੀ ਬਿੰਬ ਵਾਲੀ ਕਵਿਤਾ ਇੱਕੀਵੀਂ ਸਦੀ ਤੱਕ ਵੀ ਰਚੀ ਜਾ ਰਹੀ ਹੈ ਪਰ ਹੁਣ ਇਹ ਮੁੱਖਧਾਰਾ ਨਹੀਂ ਰਹੀ। ਮਾਨਵੀ ਗੁਣਾਂ ਵਾਲੀ ਕਵਿਤਾ ਪ੍ਰਮੁੱਖਤਾ ਧਾਰ ਗਈ ਹੈ। ਪੰਜਾਬੀ ਕਵੀ ਸ੍ਰੀ ਕ੍ਰਿਸ਼ਨ ਦੇ ਜੀਵਨ ਅਤੇ ਦਰਸ਼ਨ ਨੂੰ ਅੱਜ ਦੀਆਂ ਸਮੱਸਿਆਵਾਂ ਦੇ ਪ੍ਰਸੰਗ ਵਿੱਚ ਨਿਖਰਦੇ ਪਰਖਦੇ ਪ੍ਰਤੀਤ ਹੁੰਦੇ ਹਨ। ਪੁਸਤਕ ਵਿੱਚ ਆਪਣੀਆਂ ਮੌਲਿਕ ਧਾਰਨਾਵਾਂ ਨਿਸ਼ਚਿਤ ਕਰਨ ਉਪਰੰਤ ਲੇਖਿਕਾ ਨੇ ਅੰਤ ਵਿੱਚ ਮੁੱਲਵਾਨ ਵੇਰਵੇ ਦਿੱਤੇ ਹਨ ਜਿਵੇਂ ਕਿ ਕ੍ਰਿਸ਼ਨ ਜੀਵਨ ਘਟਨਾਵਲੀ, ਕ੍ਰਿਸ਼ਨ ਦੇ 108 ਨਾਮ, ਕ੍ਰਿਸ਼ਨ ਦੀਆਂ ਸੋਲਾਂ ਕਲਾਵਾਂ, ਕ੍ਰਿਸ਼ਨ ਨਾਲ ਸਬੰਧਿਤ ਵਿਅਕਤੀ, ਵਸਤੂਆਂ ਅਤੇ ਸੰਕਲਪ, ਖੋਜ-ਪਾਠ ਦੀ ਸੂਚੀ ਆਦਿ ਨੂੰ ਅੰਤਿਕਾਵਾਂ ਅਧੀਨ ਦਰਜ ਕੀਤਾ ਹੈ। ਇਹ ਪੁਸਤਕ ਆਪਣੇ ਵਿਸ਼ੇ ਨਾਲ ਪੂਰਨ ਇਨਸਾਫ਼ ਕਰਦਿਆਂ ਪੰਜਾਬੀ ਸਾਹਿਤ ਵਿੱਚ ਆਪਣੀ ਪਛਾਣ ਬਣਦੀ ਹੈ ਅਤੇ ਲੇਖਿਕਾ ਦੀ ਅਣਥੱਕ ਮਿਹਨਤ ਦਾ ਪ੍ਰਮਾਣ ਸਿਰਜਦੀ ਹੈ।
ਸੰਪਰਕ: 94172-25942