ਸਿਆਸੀ ਮੰਚਾਂ ਤੋਂ ਝੂਠ ਫੈਲਾਉਣ ਨਾਲ ਇਤਿਹਾਸ ਨਹੀਂ ਬਦਲਦਾ: ਰਾਹੁਲ
ਨਵੀਂ ਦਿੱਲੀ, 10 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਪਾਰਟੀ ਦੇ ਚੋਣ ਮਨੋਰਥ ਪੱਤਰ ’ਤੇ ਕੀਤੀ ਗਈ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸਿਆਸੀ ਮੰਚਾਂ ਤੋਂ ‘ਝੂਠ ਫੈਲਾਉਣ’ ਨਾਲ ਇਤਿਹਾਸ ਨਹੀਂ ਬਦਲਦਾ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਕੁਝ ਰੈਲੀਆਂ ਵਿੱਚ ਕਿਹਾ ਸੀ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿੱਚ ਮੁਸਲਿਮ ਲੀਗ ਦੀ ਛਾਪ ਨਜ਼ਰ ਆ ਰਹੀ ਹੈ।
ਰਾਹੁਲ ਨੇ ਐਕਸ ’ਤੇ ਕਿਹਾ, ‘ਇਹ ਚੋਣ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇੱਕ ਪਾਸੇ ਕਾਂਗਰਸ ਹੈ ਜਿਸ ਨੇ ਹਮੇਸ਼ਾ ਦੇਸ਼ ਨੂੰ ਜੋੜਿਆ ਅਤੇ ਦੂਜੇ ਪਾਸੇ ਉਹ ਹਨ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸ ਨੇ ਦੇਸ਼ ਵੰਡਣ ਵਾਲੀਆਂ ਤਾਕਤਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਅਤੇ ਕੌਣ ਦੇਸ਼ ਦੀ ਏਕਤਾ ਅਤੇ ਆਜ਼ਾਦੀ ਲਈ ਲੜਿਆ।
ਰਾਹੁਲ ਨੇ ਕਿਹਾ, ‘‘ਭਾਰਤ ਛੱਡੋ ਅੰਦੋਲਨ ਦੌਰਾਨ ਅੰਗਰੇਜ਼ਾਂ ਦੇ ਨਾਲ ਕੌਣ ਖੜ੍ਹਾ ਸੀ? ਜਦੋਂ ਭਾਰਤ ਦੀਆਂ ਜੇਲ੍ਹਾਂ ਕਾਂਗਰਸੀ ਆਗੂਆਂ ਨਾਲ ਭਰ ਗਈਆਂ ਸਨ, ਉਦੋਂ ਦੇਸ਼ ਵੰਡਣ ਵੰਡਣ ਵਾਲੀਆਂ ਤਾਕਤਾਂ ਨਾਲ ਸੂਬਿਆਂ ਵਿੱਚ ਸਰਕਾਰ ਕੌਣ ਚਲਾ ਰਿਹਾ ਸੀ?’’ ਉਨ੍ਹਾਂ ਕਿਹਾ ਕਿ ਸਿਆਸੀ ਮੰਚਾਂ ਤੋਂ ‘ਝੂਠ ਫੈਲਾਉਣ’ ਨਾਲ ਇਤਿਹਾਸ ਨਹੀਂ ਬਦਲਦਾ। -ਪੀਟੀਆਈ