ਖੇਡਾਂ, ਸਿਆਸਤ ਅਤੇ ‘ਗ਼ੈਰਾਂ’ ਦਾ ਖ਼ੌਫ਼
ਰੋਹਿਤ ਮਹਾਜਨ
ਜਿਵੇਂ ਹੀ ਚੁਣਾਵੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਕੱਟੜਤਾ ਜਾਂ ਫਿ਼ਰਕਾਪਰਸਤੀ ਸਿਰ ਚੜ੍ਹ ਕੇ ਬੋਲਣ ਲੱਗਦੇ ਹਨ, ਗ਼ੈਰਾਂ ’ਤੇ ਬੇਇਤਬਾਰੀ ’ਚੋਂ ਪੈਦਾ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਡਰਾਂ ਵਿੱਚ ਅਜਿਹਾ ਹੀ ਹੁੰਦਾ ਹੈ। ਅਜਨਬੀਆਂ ਦੇ ਇਸ ਭੈਅ ਨੂੰ ਵਿਕਾਸਵਾਦ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਆਪਣੀ ਕਿਤਾਬ ‘ਸਨੇਕਸ, ਸਨਸੈੱਟ ਐਂਡ ਸ਼ੇਕਸਪੀਅਰ’ ਵਿੱਚ ਵਿਕਾਸਵਾਦੀ ਜੀਵ ਵਿਗਿਆਨੀ ਗੌਰਡਨ ਓਰੀਅਨਜ਼ ਲਿਖਦੇ ਹਨ: “ਪੂਰੇ ਮਾਨਵੀ ਇਤਿਹਾਸ ਵਿੱਚ ਅਸੀਂ ਆਪਣੀ ਨਸਲ ਜਾਂ ਕਬੀਲੇ ਤੋਂ ਬਾਹਰਲੇ ਲੋਕਾਂ ’ਤੇ ਇਤਬਾਰ ਨਹੀਂ ਕੀਤਾ... ਅਸੀਂ ਮੰਨਦੇ ਹਾਂ ਕਿ ਓਪਰਾ ਇਨਸਾਨ ਸਾਡਾ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਰਬਾਂ ਸਾਲ ਪਹਿਲਾਂ, ਪਰਿਵਾਰਕ ਸਮੂਹ ਤੋਂ ਬਾਹਰਲੇ ਵਣਮਾਨਸ ਸੰਭਾਵੀ ਤੌਰ ’ਤੇ ਹਮਲਾ ਕਰਨ ਵਾਲੀ ਧਿਰ ਹੁੰਦੇ ਸਨ।”
ਹੁਣ ਅਸੀਂ ਪੁਰਾਤਨ ਸਮਿਆਂ ’ਚ ਨਹੀਂ ਰਹਿ ਰਹੇ ਅਤੇ ਸਰਹੱਦ ਪਾਰੋਂ ਜੰਗਾਂ ਤੇ ਹਮਲੇ ਵੀ ਕਾਫ਼ੀ ਘੱਟ ਹੁੰਦੇ ਹਨ; ਹੁਣ ਅਸੀਂ ਜਾਣਦੇ ਹਾਂ ਕਿ ਵਿਦੇਸ਼ੀ ਧਰਤੀਆਂ ’ਤੇ ਬਾਹਰਲੇ ਲੋਕਾਂ ਨਾਲ ਸਾਡਾ ਮੇਲ-ਜੋਲ ਅਕਸਰ ਵਾਹਵਾ ਵਧੀਆ ਹੁੰਦਾ ਹੈ, ਦੋ ਸ਼ਖ਼ਸ ਜਿਹੜੇ ਇੱਕ-ਦੂਜੇ ਲਈ ਬਿਲਕੁਲ ਅਜਨਬੀ ਹੁੰਦੇ ਹਨ, ਅਕਸਰ ਵਧੀਆ ਤੋਂ ਵਧੀਆ ਸਲੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਆਪੋ-ਆਪਣੀ ਨਸਲ/ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਖ਼ਤਰਾ ਜਿ਼ਆਦਾਤਰ ਘਰਾਂ ’ਚ ਘਾਤ ਲਾ ਕੇ ਬੈਠਾ ਹੁੰਦਾ ਹੈ, ਇਹ ਕਿਸੇ ਦਰਿੰਦੇ ਦੇ ਰੂਪ ਵਿਚ ਹੋ ਸਕਦਾ ਹੈ ਜੋ ਕਿਸੇ ਨਿਆਣੇ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾ ਸਕਦਾ ਹੋਵੇ ਜਾਂ ਫਿਰ ਰਿਸ਼ਤੇਦਾਰ ਜੋ ਜਾਇਦਾਦ ਜਾਂ ਹੋਰ ਸੰਪਤੀ ਹਥਿਆਉਣ ਦੀ ਲਾਲਸਾ ਰੱਖਦੇ ਹੋਣ। ਜਦ ਤੁਹਾਨੂੰ ਅੰਦਰੋਂ ਸਲਾਮਤੀ ਦਾ ਅਹਿਸਾਸ ਹੋ ਰਿਹਾ ਹੋਵੇ, ਉਦੋਂ ਅਜਨਬੀ ਸਭ ਤੋਂ ਵੱਡਾ ਖ਼ਤਰਾ ਨਹੀਂ ਹੁੰਦੇ।
ਖੇਡਾਂ ਜੋ ਸਰੀਰਕ ਸਮਰੱਥਾ ਤੇ ਟੀਮ ਭਾਵਨਾ ਦਾ ਜਸ਼ਨ ਹਨ, ਕਿਸੇ ਖਿਡਾਰੀ ਅੰਦਰਲੇ ਨਸਲਵਾਦ ਤੇ ਸਾਹਮਣੇ ਵਾਲੇ (ਬਾਹਰਲੇ) ਦੇ ਭੈਅ ਨੂੰ ਟੁਕੜੇ-ਟੁਕੜੇ ਕਰ ਕੇ ਧੂੜ ਵਿੱਚ ਤਬਦੀਲ ਕਰ ਦਿੰਦੀਆਂ ਹਨ ਪਰ ਆਪਣੀ ਟੀਮ ਲਈ ਕੱਟੜ ਭਾਵਨਾਵਾਂ ਨਾਲ ਭਰੇ ਪ੍ਰਸ਼ੰਸਕ ਅਕਸਰ ਘਿਨਾਉਣੇ ਨਸਲਵਾਦੀਆਂ ਵਿੱਚ ਬਦਲ ਜਾਂਦੇ ਹਨ।
ਲੇਖਕ ਨੇ ਬਰਤਾਨੀਆ ਤੇ ਆਸਟਰੇਲੀਆ ਦੇ ਕ੍ਰਿਕਟ ਮੈਦਾਨਾਂ ਵਿਚ ਮੇਜ਼ਬਾਨ ਟੀਮ ਦੇ ਪ੍ਰਸ਼ੰਸਕਾਂ ਨੂੰ ਭਾਰਤੀ ਤੇ ਪਾਕਿਸਤਾਨੀ ਹਮਾਇਤੀਆਂ ਨੂੰ ਗਾਲਾਂ ਕੱਢਦੇ ‘ਆਪਣੇ ਮੁਲਕ ਵਾਪਸ ਜਾਓ’ ਦੇ ਰਾਗ ਅਲਾਪਦਿਆਂ ਸੁਣਿਆ ਹੈ ਜਾਂ ਰੀਓ ਡੀ ਜਨੇਰੀਓ ਵਿਚ ਬ੍ਰਾਜ਼ੀਲ ਤੇ ਅਰਜਨਟੀਨਾ ਦੇ ਫੁਟਬਾਲ ਪ੍ਰਸ਼ੰਸਕਾਂ ਵਿਚਾਲੇ ਭਿਆਨਕ ਟਕਰਾਓ ਹੁੰਦਾ ਵੀ ਦੇਖਿਆ ਹੈ; ਭਾਰਤੀ ਮੈਦਾਨਾਂ ਵਿਚ ਪ੍ਰਸ਼ੰਸਕਾਂ ਵੱਲੋਂ ਵੈਸਟ ਇੰਡੀਜ਼ ਦੇ ਖਿਡਾਰੀਆਂ ਨੂੰ ‘ਕਾਲੂ’ ਕਹਿੰਦਿਆਂ ਤੇ ਬਰਤਾਨੀਆ ਦੇ ਸਿਆਹਫਾਮ ਖਿਡਾਰੀ ਨੂੰ ਉੱਥੋਂ ਦੇ ਮੈਦਾਨ ਵਿੱਚ ‘ਕਾਲੀਆ’ ਕਹਿੰਦਿਆਂ ਸੁਣਿਆ ਹੈ! ਆਈਪੀਐੱਲ ਦੌਰਾਨ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੂੰ ਟੀਮ ਦੇ ਸਾਥੀ ਖਿਡਾਰੀ ‘ਕਾਲੂ’ ਕਹਿ ਕੇ ਬੁਲਾਉਂਦੇ ਸਨ ਤੇ ਉਹ ਇਸ ਨੂੰ ਮੋਹ ਭਿੱਜਿਆ ਕੋਈ ਸ਼ਬਦ ਮੰਨਦਾ ਰਿਹਾ।
ਭਾਰਤੀ ਖਿਡਾਰੀ ਹੁਣ ਤੱਕ ਖੇਡ ’ਚ ਰੰਗਭੇਦ ਦੀ ਬਜਾਇ ਨਸਲਵਾਦ ਬਾਰੇ ਹੀ ਜਿ਼ਆਦਾ ਗੱਲ ਕਰਦੇ ਰਹੇ ਹਨ। ਭਾਰਤ ਲਈ ਖੇਡ ਚੁੱਕੇ ਤਾਮਿਲਨਾਡੂ ਦੇ ਕ੍ਰਿਕਟਰ ਅਭਿਨਵ ਮੁਕੁੰਦ ਨੇ ਆਪਣੇ ਕਾਲੇ ਰੰਗ ਕਰ ਕੇ ਸ਼ਰਮ ਮਹਿਸੂਸ ਕਰਨ ਬਾਰੇ ਗੱਲ ਕੀਤੀ ਹੈ, ਉਨ੍ਹਾਂ ਕਿਹਾ: “ਕਈ ਸਾਲਾਂ ਤੱਕ ‘ਬਲੈਕੀ’ ਸੱਦਿਆ ਜਾਣਾ ਆਮ ਜਿਹੀ ਗੱਲ ਰਹੀ।” ਭਾਰਤੀ ਹਾਕੀ ਦੇ ਸੁਪਰਸਟਾਰ ਰਹੇ ਭਾਸਕਰ ਪਿੱਲੈ ਨੇ ਕੁਝ ਸਾਲ ਪਹਿਲਾਂ ਕਿਹਾ ਸੀ: “ਮੈਂ ਸੋਹਣੇ ਸੁਨੱਖੇ ਖਿਡਾਰੀਆਂ ਦੀ ਟੀਮ ਵਿਚ ਸੀ... ਮੈਂ ਦੇਖਿਆ ਕਿ ਮੈਂ ਉਨ੍ਹਾਂ ਵਰਗਾ ਨਹੀਂ ਦਿਸਦਾ, ਮੈਂ ਕਾਲਾ ਸੀ। ਜਦ ਅਸੀਂ ਆਸਟਰੇਲੀਆ ਤੇ ਯੂਰੋਪ ਜਾਂਦੇ, ਮੈਂ ਹੋਰ ਵੀ ਜਿ਼ਆਦਾ ਬੁਰਾ ਮਹਿਸੂਸ ਕਰਦਾ ਕਿਉਂਕਿ ਸਾਰੇ ਬਹੁਤ ਗੋਰੇ ਸਨ। ਲੋਕਾਂ ’ਚ ਵਿਚਰਦਿਆਂ ਤੁਸੀਂ ਹੀਣ ਮਹਿਸੂਸ ਕਰਦੇ ਹੋ... ਹੁਣ ਵੀ ਕਈ ਵੱਡੇ ਸਮਾਗਮਾਂ ਵਿਚ ਲੋਕਾਂ, ਪ੍ਰਬੰਧਕਾਂ ਤੇ ਮੀਡੀਆ ਦਾ ਤੁਹਾਡੇ ਵੱਲ ਰਵੱਈਆ ਵੱਖਰਾ ਹੀ ਹੁੰਦਾ ਹੈ।”
ਧਾਰਮਿਕ ਫਿ਼ਰਕੂਵਾਦ ਵੀ ਨਫ਼ਰਤ ਦਾ ਕਾਰਨ ਬਣਦਾ ਹੈ। ਅਕਤੂਬਰ 2021 ਵਿਚ ਟੀ20 ਵਿਸ਼ਵ ਕੱਪ ਵਿਚ ਪਾਕਿਸਤਾਨ ਹੱਥੋਂ ਭਾਰਤ ਦੀ ਹਾਰ ਮਗਰੋਂ ਮੁਹੰਮਦ ਸ਼ਮੀ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਗਿਆ; ਉਮੀਦ ਮੁਤਾਬਕ ਤਤਕਾਲੀ ਕਪਤਾਨ ਵਿਰਾਟ ਕੋਹਲੀ ਨੇ ਅਪਮਾਨਜਨਕ ਟਿੱਪਣੀਆਂ ਵਾਲਿਆਂ ਨੂੰ ਸਖ਼ਤ ਲਹਿਜ਼ੇ ਵਿੱਚ ‘ਬੁਜ਼ਦਿਲ’ ਕਹਿ ਕੇ ਨਕਾਰਿਆ, ਤੇ ‘ਕਿਸੇ ਨੂੰ ਉਸ ਦੇ ਧਰਮ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਲਈ’ ਉਨ੍ਹਾਂ ਦੀ ਆਲੋਚਨਾ ਕੀਤੀ।
ਭਾਰਤੀ ਸਮਾਜ ਨੂੰ, ਤੇ ਇਸ ਤਰ੍ਹਾਂ ਲੋਕਤੰਤਰ ਨੂੰ ਚਿੰਬੜੀ ਇਕ ਹੋਰ ਬਿਮਾਰੀ ਜਾਤੀਵਾਦ ਖੇਡਾਂ ਲਈ ਵੀ ਮੁਸੀਬਤ ਖੜ੍ਹੀ ਕਰਦੀ ਹੈ। ਕ੍ਰਿਕਟਰ ਸੁਰੇਸ਼ ਰੈਨਾ ਨੇ ਇਕ ਵਾਰ ਕਿਹਾ ਸੀ ਕਿ ਉਸ ਦੀ (ਉੱਚੀ) ਜਾਤੀ ਕਾਰਨ ਉਸ ਲਈ ਚੇਨੱਈ ਦਾ ਸਭਿਆਚਾਰ ਅਪਨਾਉਣਾ ਸੌਖਾ ਰਿਹਾ; 2021 ਵਿਚ ਯੁਵਰਾਜ ਸਿੰਘ ਨੂੰ ਐੱਸਸੀ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਕੁਝ ਸਮੇਂ ਲਈ ਗ੍ਰਿਫਤਾਰ ਕੀਤਾ ਗਿਆ ਸੀ। 2022 ਵਿਚ ਭਾਰਤ ਤੇ ਬੰਗਲਾਦੇਸ਼ ਦਰਮਿਆਨ ਟੈਸਟ ਮੈਚ ਦੌਰਾਨ ਇਕ ਭਾਰਤੀ ਖਿਡਾਰੀ ਆਪਣੇ ਸਾਥੀ ਨੂੰ ‘ਛਪਰੀ’ ਕਹਿੰਦਿਆਂ ਸੁਣਿਆ ਗਿਆ ਸੀ। ਇਹ ਅਪਮਾਨਜਨਕ ਸ਼ਬਦ ਪੱਛੜੀ ਜਾਤੀ ਛੱਪਰਬੰਦ ਲਈ ਬੋਲਿਆ ਜਾਂਦਾ ਹੈ।
ਅਜਨਬੀਆਂ ਬਾਰੇ ਅਨੋਖੇਪਣ ਦੀ ਭਾਵਨਾ ਖ਼ਤਮ ਕਰਨ ਨਾਲ ਹੀ ‘ਬਾਹਰਲਿਆਂ ਦਾ ਭੈਅ’ ਖ਼ਤਮ ਹੋ ਸਕੇਗਾ। ਖੇਡਾਂ ਅਤੇ ਖੇਡਣ ਲਈ ਕੀਤਾ ਜਾਣ ਵਾਲਾ ਸਫ਼ਰ ਇਸ ‘ਈਕੋ ਚੈਂਬਰ’ ਤੋਂ ਨਿਜਾਤ ਦਿਵਾ ਸਕਦਾ ਹੈ ਕਿਉਂਕਿ ਇਸ ਕਟਹਿਰੇ (ਚੈਂਬਰ) ਵਿਚ ਬੰਦੇ ਦਾ ਸਾਹਮਣਾ ਸਿਰਫ਼ ਉਨ੍ਹਾਂ ਵਿਚਾਰਾਂ-ਖਿਆਲਾਂ ਨਾਲ ਹੀ ਹੁੰਦਾ ਹੈ ਜੋ ਉਸ ਦੀ ਸੋਚ ਨਾਲ ਮੇਲ ਖਾਂਦੇ ਹਨ। ਖੇਡ ’ਚੋਂ ਮਿਲਦੇ ਇਸ ਮੌਕੇ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ ਕਿਉਂਕਿ ਇਹ ਮਨ ਨੂੰ ਕਈ ਬੰਧਨਾਂ ਤੋਂ ਮੁਕਤ ਕਰ ਸਕਦਾ ਹੈ।
ਪਹਿਲੀ ਵਾਰ ਪਾਕਿਸਤਾਨੀ ਨਾਗਰਿਕਾਂ ਨੂੰ ਮੈਂ ਚੰਡੀਗੜ੍ਹ ਵਿਚ ਮਿਲਿਆ ਸੀ ਜੋ ਅੱਲੜ੍ਹ ਉਮਰ ਦੇ ਟੈਨਿਸ ਖਿਡਾਰੀ ਸਨ ਤੇ ਕਰੀਬ ਤਿੰਨ ਦਹਾਕੇ ਪਹਿਲਾਂ ਇੱਥੇ ਟੂਰਨਾਮੈਂਟ ਖੇਡਣ ਆਏ ਸਨ। ਉਹ ਦੋਸਤਾਨਾ ਤੇ ਖ਼ੁਸ਼ਮਿਜ਼ਾਜ ਸਨ ਅਤੇ ਉਨ੍ਹਾਂ ਨਾਲ ਹਿੰਦੀ ਜਾਂ ਪੰਜਾਬੀ ਵਿਚ ਗੱਲ ਕਰਨੀ ਸੌਖੀ ਸੀ ਪਰ ਵਿਹਾਰਕ ਤੌਰ ’ਤੇ ਦੇਖਿਆ ਜਾਵੇ ਤਾਂ ਭਾਸ਼ਾ ਦੇ ਬੰਧਨ ਕਾਰਨ ਸਾਡੇ ਆਪਣੇ ਖਿਡਾਰੀ ਲਿਏਂਡਰ ਪੇਸ ਨਾਲ ਗੱਲਬਾਤ ਕਰਨੀ ਅਸਲ ਵਿਚ ਓਨੀ ਹੀ ਔਖੀ ਹੈ। ਇਸ ਗੱਲ ਦਾ ਅਹਿਸਾਸ ਬਹੁਤ ਜਲਦ ਹੋ ਗਿਆ ਤੇ ਫਿਰ ਕੋਈ ਅਜਨਬੀ ਜੋ ਦੁਸ਼ਮਣ ਮੁਲਕ ਤੋਂ ਸੀ, ਬਿਲਕੁਲ ਵੀ ਅਜਨਬੀ ਨਹੀਂ ਰਿਹਾ।
ਮੈਲਬਰਨ ਵਿਚ 2015 ’ਚ ਵਿਸ਼ਵ ਕੱਪ ਮੈਚ ਦੌਰਾਨ ਬੰਗਲਾਦੇਸ਼ੀ ਕ੍ਰਿਕਟ ਪ੍ਰਸ਼ੰਸਕਾਂ ਨੇ ਗੱਲਬਾਤ ਦੌਰਾਨ ਇਸ ਲੇਖਕ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਮੁਲਕ ਦੀ ਜਿੱਤ ਲਈ ਪ੍ਰਾਰਥਨਾ ਕਰਨ; ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਇਕ ਨਾਸਤਿਕ ਨੂੰ ਅਜਿਹਾ ਕਰਨ ਲਈ ਕਹਿ ਰਹੇ ਹਨ ਜਿਸ ਨੇ ਸ਼ਾਇਦ 25 ਸਾਲ ਪਹਿਲਾਂ ਪ੍ਰਾਰਥਨਾ ਕੀਤੀ ਸੀ; ਹਾਲਾਂਕਿ ਉਨ੍ਹਾਂ ਨੂੰ ਇਹ ਤੱਥ ਹਜ਼ਮ ਹੋ ਗਿਆ ਤੇ ਉਨ੍ਹਾਂ ਦਾ ਦੋਸਤਾਨਾ ਰਵੱਈਆ ਨਫ਼ਰਤ ’ਚ ਨਹੀਂ ਬਦਲਿਆ। ਬਿਲਕੁਲ ਉਲਟ ਸੰਸਾਰਕ ਨਜ਼ਰੀਆ ਰੱਖਣ ਵਾਲੇ ਅਜਨਬੀ ਵੀ ਇਕ-ਦੂਜੇ ਨਾਲ ਚੰਗੀ ਤਰ੍ਹਾਂ ਰਹਿ ਸਕਦੇ ਹਨ।
ਧਰਮ ਅਤੇ ਰਾਸ਼ਟਰਵਾਦ ਨੂੰ ਖੇਡ ਨਾਲ ਜੋੜਨਾ ਖ਼ਤਰਨਾਕ ਮਿਸ਼ਰਣ ਸਾਬਿਤ ਹੋ ਸਕਦਾ ਹੈ ਤੇ ਲੋਕ ਅਕਸਰ ਸਟੇਡੀਅਮ ਅੰਦਰ ਮੁਕਾਬਲੇ ਦਾ ਮਜ਼ਾ ਲੈਣ ਨਹੀਂ ਜਾਂਦੇ ਬਲਕਿ ਕ੍ਰੋਧ ਤੇ ਜ਼ਹਿਰ ਬਾਹਰ ਕੱਢਣ ਜਾਂਦੇ ਹਨ ਜੋ ਕੰਮ, ਪਰਿਵਾਰ ਤੇ ਸਮਾਜ/ਜਿ਼ੰਦਗੀ ਨੇ ਉਨ੍ਹਾਂ ਅੰਦਰ ਘੋਲਿਆ ਹੈ।
ਇਕ ਨੁਮਾਇੰਦਾ ਲੋਕਤੰਤਰ ਵਿਚ ਨੇਤਾ ਸਮਾਜ ਦੀਆਂ ਤਾਕਤਾਂ ਤੇ ਕਮਜ਼ੋਰੀਆਂ ਦਾ ਪ੍ਰਤੀਕ ਹੁੰਦੇ ਹਨ ਪਰ ਕੀ 88 ਪ੍ਰਤੀਸ਼ਤ ਕਰੋੜਪਤੀ ਸੰਸਦ ਮੈਂਬਰ (2019 ਲੋਕ ਸਭਾ) ਅਸਲ ਵਿੱਚ ਸਾਡੇ ਉਸ ਸਮਾਜ ਦੀ ਨੁਮਾਇੰਦਗੀ ਕਰਦੇ ਹਨ ਜਿੱਥੇ 90 ਪ੍ਰਤੀਸ਼ਤ ਆਬਾਦੀ ਸਾਲਾਨਾ 3 ਲੱਖ ਰੁਪਏ ਤੋਂ ਵੀ ਘੱਟ ਕਮਾ ਰਹੀ ਹੈ? ਇਸ ਲੋਕ ਸਭਾ ਵਿਚ 22 ਫੀਸਦ ਮੈਂਬਰ ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ; ਜਾਪਦਾ ਹੈ, ਸਿਆਸਤ ਖਾਸ ਸ਼੍ਰੇਣੀ ਦੇ ਵਿਅਕਤੀਆਂ ਨੂੰ ਹੀ ਖਿੱਚਦੀ ਹੈ ਤੇ ਸਨਮਾਨ ਦਿੰਦੀ ਹੈ।
ਜਿਵੇਂ ਖੇਡਾਂ ਵਿਚ ਅਕਸਰ ਹੁੰਦਾ ਹੈ, ਚੋਣਾਂ ਦੌਰਾਨ ਵੀ ਜ਼ਹਿਰੀਲਾਪਣ ਬਾਹਰ ਨਿਕਲਦਾ ਰਹਿੰਦਾ ਹੈ, ਪਾਰਟੀਆਂ ਭੈਅ ਪੈਦਾ ਕਰਦੀਆਂ ਹਨ। ਲੋਕਾਂ ਨੂੰ ਡਰਾਇਆ ਜਾਂਦਾ ਹੈ ਕਿ ‘ਦੂਸਰੇ’ ਉਨ੍ਹਾਂ ਨੂੰ ਦਬਾ ਲੈਣਗੇ, ਲੁੱਟ-ਖਸੁੱਟ ਕਰਨਗੇ ਜਾਂ ਬੇਦਖ਼ਲ ਕਰ ਕੇ ਭਜਾ ਦੇਣਗੇ।