ਖੇਡ ਮੰਤਰਾਲਾ ਕੌਮੀ ਫੈਡਰੇਸ਼ਨਾਂ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਕਰ ਰਿਹੈ: ਪੀਟੀ ਊਸ਼ਾ
ਨਵੀਂ ਦਿੱਲੀ:
ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਸਖਤ ਸ਼ਬਦਾਂ ’ਚ ਲਿਖੇ ਪੱਤਰ ਵਿਚ ਖੇਡ ਮੰਤਰਾਲੇ ’ਤੇ ਕੌਮੀ ਫੈਡਰੇਸ਼ਨਾਂ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ਤੇ ਖੇਡ ਸ਼ਾਸਨ ਦੀ ਭਰੋਸੇਯੋਗਤਾ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਸਬੰਧੀ ਭਾਰਤੀ ਗੋਲਫ ਯੂਨੀਅਨ ਦੀ ਚੋਣ ਸਮੇਤ ਹੋਰ ਕਈ ਉਦਾਹਰਨਾਂ ਦਾ ਹਵਾਲਾ ਦਿੱਤਾ। ਹਰੀਸ਼ ਕੁਮਾਰ ਸ਼ੈੱਟੀ ਦੀ ਅਗਵਾਈ ਵਾਲੇ ਧੜੇ ਵੱਲੋਂ ਜਿੱਤੀ ਗਈ ਇੰਡੀਅਨ ਗੋਲਫ ਯੂਨੀਅਨ (ਆਈਜੀਯੂ) ਦੀ ਚੋਣ ਨੂੰ ਮਾਨਤਾ ਦੇਣ ਲਈ ਮੰਤਰਾਲੇ ਵੱਲੋਂ ਆਈਓਏ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਊਸ਼ਾ ਨੇ ਕਿਹਾ ਕਿ ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਵਿਵਾਦਪੂਰਨ ਆਈਜੀਯੂ ਚੋਣਾਂ ਸਮੇਤ ਕੌਮੀ ਫੈਡਰੇਸ਼ਨਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ਤੋਂ ਸਹੀ ਢੰਗ ਨਾਲ ਜਾਣੂ ਨਹੀਂ ਕਰਵਾਇਆ ਜਾ ਰਿਹਾ। ਮੰਤਰਾਲੇ ਨੇ 2 ਜਨਵਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਸ਼ੈੱਟੀ ਧੜੇ ਨੂੰ ਮਾਨਤਾ ਦੇਣ ਦਾ ਆਈਓਏ ਦਾ ਕਦਮ ਭੰਬਲਭੂਸਾ ਪੈਦਾ ਕਰ ਸਕਦਾ ਹੈ। ਊਸ਼ਾ ਨੇ ਕਿਹਾ, ‘ਜਿਸ ਢੰਗ ਨਾਲ ਇਹ ਪੱਤਰ ਜਾਰੀ ਕੀਤਾ ਗਿਆ ਹੈ, ਉਹ ਵਿਧੀਗਤ ਤੌਰ ’ਤੇ ਗਲਤ ਜਾਪਦਾ ਹੈ।’ -ਪੀਟੀਆਈ