ਟੈਸਟ ਦਰਜਾਬੰਦੀ ਵਿੱਚ ਬੁਮਰਾਹ ਸਿਖ਼ਰ ’ਤੇ ਬਰਕਰਾਰ
ਦੁਬਈ, 8 ਜਨਵਰੀ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੱਜ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਟੈਸਟ ਦਰਜਾਬੰਦੀ ਵਿੱਚ ਕਰੀਅਰ ਦੇ ਸਰਬੋਤਮ 908 ਰੇਟਿੰਗ ਅੰਕਾਂ ਨਾਲ ਨਾਲ ਗੇਂਦਬਾਜ਼ਾਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਕਾਇਮ ਰੱਖਿਆ ਹੈ। ਉਸ ਨੇ ਆਸਟਰੇਲੀਆ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਦੀ ਪਹਿਲੀ ਪਾਰੀ ’ਚ ਦੋ ਵਿਕਟਾਂ ਲੈਣ ਤੋਂ ਬਾਅਦ ਆਪਣੇ ਰੇਟਿੰਗ ਅੰਕਾਂ ਵਿੱਚ ਇੱਕ ਅੰਕ ਹੋਰ ਜੋੜਿਆ ਹੈ। ਖੱਬੂ ਸਪਿੰਨਰ ਰਵਿੰਦਰ ਜਡੇਜਾ ਇੱਕ ਸਥਾਨ ਦੇ ਫਾਇਦੇ ਨਾਲ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਨਾਲ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸਿਡਨੀ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੋਲੈਂਡ 29 ਸਥਾਨ ਉਪਰ ਸਿਖਰਲੇ 10 ’ਚ ਸ਼ਾਮਲ ਹੋ ਗਿਆ ਹੈ। ਬੋਲੈਂਡ ਨੇ ਸਿਡਨੀ ਵਿਚ 10 ਵਿਕਟਾਂ ਲਈਆਂ। ਆਸਟਰੇਲੀਆ ਦੀ ਜਿੱਤ ਵਿੱਚ ਉਸ ਦਾ ਪ੍ਰਦਰਸ਼ਨ ਅਹਿਮ ਰਿਹਾ। ਇਸੇ ਤਰ੍ਹਾਂ ਆਖਰੀ ਟੈਸਟ ’ਚ ਪੰਜ ਵਿਕਟਾਂ ਸਦਕਾ ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਕਾਗਿਸੋ ਰਬਾਡਾ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ
ਬੱਲੇਬਾਜ਼ਾਂ ਵਿੱਚ ਰਿਸ਼ਭ ਪੰਤ ਨੌਵੇਂ ਸਥਾਨ ’ਤੇ
ਆਸਟਰੇਲੀਆ ਖ਼ਿਲਾਫ਼ ਆਖਰੀ ਟੈਸਟ ਦੀ ਦੂਜੀ ਪਾਰੀ ਵਿੱਚ 33 ਗੇਂਦਾਂ ’ਚ 61 ਦੌੜਾਂ ਬਣਾਉਣ ਵਾਲਾ ਰਿਸ਼ਭ ਪੰਤ ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਤਿੰਨ ਸਥਾਨ ਉਪਰ ਨੌਵੇਂ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੌਥੇ ਸਥਾਨ ’ਤੇ ਕਾਇਮ ਰਿਹਾ। ਦੱਖਣੀ ਅਫਰੀਕਾ ਦਾ ਕਪਤਾਨ ਟੈਂਬਾਂ ਬਵੂਮਾ ਪਾਕਿਸਤਾਨ ਖ਼ਿਲਾਫ਼ ਪਹਿਲੀ ਪਾਰੀ ’ਚ ਅਹਿਮ ਸੈਂਕੜਾ ਲਾਉਣ ਤੋਂ ਬਾਅਦ ਤਿੰਨ ਸਥਾਨ ਉਪਰ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ।