ਬੈਡਮਿੰਟਨ: ਪ੍ਰਣੌਏ ਤੇ ਮਾਲਵਿਕਾ ਮਲੇਸ਼ੀਆ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ
ਕੁਆਲਾਲੰਪੁਰ, 8 ਜਨਵਰੀ
ਭਾਰਤ ਦੇ ਨੰਬਰ ਦੋ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਅਤੇ ਉੱਭਰਦੀ ਸ਼ਟਲਰ ਮਾਲਵਿਕਾ ਬੰਸੌਦ ਨੇ ਅੱਜ ਇੱਥੇ ਮਲੇਸ਼ੀਆ ਓਪਨ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਲਈ ਤਨੀਸ਼ਾ ਕਰਾਸਟੋ-ਧਰੁਵ ਕਪਿਲਾ ਤੇ ਸਤੀਸ਼ ਕੁਮਾਰ-ਅਦਿਆ ਵਰਿਆਥ ਦੀ ਜੋੜੀ ਵੀ ਸੁਪਰ 1000 ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਛੱਤ ਤੋਂ ਪਾਣੀ ਚੋਣ ਕਾਰਨ ਦੇਰੀ ਨਾਲ ਸ਼ੁਰੂ ਹੋਏ ਮੈਚ ਵਿੱਚ ਪ੍ਰਣੌਏ ਨੇ ਕੈਨੇਡਾ ਦੇ ਬ੍ਰਾਇਨ ਯਾਂਗ ਨੂੰ ਇੱਕ ਘੰਟੇ 29 ਘੰਟੇ ਵਿੱਚ 21-12, 17-21, 21-15 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਚੀਨ ਦੇ ਸ਼ੀ ਫੇਂਗ ਨਾਲ ਹੋਵੇਗਾ, ਜਿਸ ਨੇ ਪ੍ਰਿਯਾਂਸ਼ੂ ਰਾਜਾਵਤ ਦੀ ਚੁਣੌਤੀ ਨੂੰ 21-11, 21-16 ਨਾਲ ਖਤਮ ਕਰ ਦਿੱਤਾ। ਮਾਲਵਿਕਾ ਨੇ ਸਥਾਨਕ ਦਾਅਵੇਦਾਰ ਗੋਹ ਜਿਨ ਵੇਈ ਨੂੰ ਸਿਰਫ਼ 45 ਮਿੰਟਾਂ ਵਿੱਚ 21-15, 21-16 ਨਾਲ ਹਰਾ ਕੇ ਬਾਹਰ ਕਰ ਦਿੱਤਾ। ਹੋਰ ਨਤੀਜਿਆਂ ’ਚ ਕਪਿਲਾ ਅਤੇ ਕਰਾਸਟੋ ਦੀ ਜੋੜੀ ਨੇ ਦੱਖਣੀ ਕੋਰੀਆ ਦੀ ਜੋੜੀ ਨੂੰ 21-13, 21-14 ਨਾਲ ਹਰਾਇਆ। ਹੁਣ ਆਖ਼ਰੀ 16 ਵਿੱਚ ਭਾਰਤੀ ਜੋੜੀ ਦਾ ਸਾਹਮਣਾ ਜਿੰਗ ਚੇਂਗ ਅਤੇ ਚੀ ਜ਼ਾਂਗ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਰੁਤਾਪਰਨਾ ਅਤੇ ਸ਼ਵੇਤਾਪਰਨਾ ਪਾਂਡੇ ਨੂੰ ਥਾਈਲੈਂਡ ਦੀ ਜੋੜੀ ਤੋਂ 17-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ