ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਬਾਰੇ ਵਿਸ਼ੇਸ਼ ਭਾਸ਼ਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਦੀ ਲੜੀ ਤਹਿਤ ਸਿੱਖ ਚਿੰਤਕ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਇਸ ਲੜੀ ਤਹਿਤ ਇਹ ਦੂਜਾ ਭਾਸ਼ਣ ਹੈ। ਪ੍ਰੋ. ਪੰਨੂ ਨੇ ਰੌਚਕ ਢੰਗ ਨਾਲ ਵਿਸ਼ੇ ਸਬੰਧੀ ਤੱਥ ਸਾਹਮਣੇ ਰੱਖੇ। ਉਨ੍ਹਾਂ ਬੁੱਧ ਧਰਮ ਦੇ ਸਾਹਿਤ ਤੋਂ ਪ੍ਰਾਪਤ ਇੱਕ ਤੁਕ ਦੇ ਹਵਾਲੇ ਨਾਲ ਕਿਹਾ ਕਿ ਛੋਟੇ ਸਾਹਿਬਜ਼ਾਦੇ ਉਹ ਪਲ ਸਨ ਜੋ ਯੁੱਗ ਹੋ ਗਏ ਜਿਸ ਪਲ ਵਿੱਚ ਕੋਈ ਖ਼ਾਸ ਘਟਨਾ ਵਾਪਰਦੀ ਹੈ ਜਾਂ ਇਤਿਹਾਸ ਰਚਿਆ ਜਾਂਦਾ ਹੈ, ਉਹ ਪਲ ਇੱਕ ਯੁੱਗ ਵਿੱਚ ਤਬਦੀਲ ਹੋ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਛੋਟੇ ਸਾਹਿਬਜ਼ਾਦਿਆਂ ਵੱਲੋਂ ਇਹ ਸ਼ਹਾਦਤ ਦੇ ਕੇ ਇੱਕ ਪਲ ਨੂੰ ਇੱਕ ਯੁੱਗ ਵਿੱਚ ਬਦਲ ਦਿੱਤਾ ਗਿਆ। ਛੋਟੇ ਸਾਹਿਬਜ਼ਾਦੇ ਇਸ ਧਰਤੀ ਉੱਤੇ ਆਏ ਅਤੇ ਫਿਰ ਆਪਣੀ ਲਾਸਾਨੀ ਸ਼ਹਾਦਤ ਸਦਕਾ ਸਦਾ ਲਈ ਇੱਥੇ ਰਹਿ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਮੋਹਣ ਸਿੰਘ ਨੇ ਕਿਹਾ ਕਿ ਅੱਜ ਤਰਕ ਦੇ ਦੌਰ ਵਿੱਚ ਅਜਿਹੇ ਰੂਹਾਨੀ ਅਨੁਭਵ ਨੂੰ ਮਹਿਸੂਸ ਕਰਨ ਲਈ ਆਪਣੀ ਇਸ ਵਿਰਾਸਤ ਅਤੇ ਅਧਿਆਤਮਕਤਾ ਨਾਲ ਦਿਲੋਂ ਜੁੜਨ ਦੀ ਲੋੜ ਹੈ। ਉਨ੍ਹਾਂ ਆਪਣੇ ਨਿੱਜੀ ਅਨੁਭਵਾਂ ਦੇ ਹਵਾਲੇ ਨਾਲ ਇਸ ਅਨੁਭਵ ਦੇ ਆਨੰਦ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਬਿਆਨਿਆ। ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਦੇ ਮੁਖੀ ਪ੍ਰੋ. ਗੁਰਮੇਲ ਸਿੰਘ ਨੇ ਕਿਹਾ ਸਿੱਖ ਧਰਮ ਵੱਲੋਂ ਚਲਾਈ ਗਈਆਂ ਤਿੰਨ ਪ੍ਰਥਾਵਾਂ ਲੰਗਰ, ਕੀਰਤਨ ਅਤੇ ਸ਼ਹਾਦਤ ਨੂੰ ਅੱਜ ਸਾਰਾ ਸੰਸਾਰ ਜਾਣਦਾ ਹੈ। ਅੰਤ ’ਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਵੱਲੋਂ ਧੰਨਵਾਦ ਕੀਤਾ।