ਗੁਰਨਾਮ ਸਿੰਘ ਚੌਹਾਨਪਾਤੜਾਂ, 31 ਦਸੰਬਰਢਾਬੀ ਗੁਜਰਾਂ (ਖਨੌਰੀ) ਬਾਰਡਰ ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 11 ਮਹੀਨੇ ਪਹਿਲਾਂ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਮਜ਼ਬੂਤ ਬੈਰੀਕੇਟ ਬਣਾ ਕੇ ਉਸ ਵੱਲ ਵਧਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ।ਇਹ ਬੈਰੀਕੇਡ ਹਰਿਆਣਾ-ਪੰਜਾਬ ਦੇ ਆਪਸੀ ਭਾਈਚਾਰੇ ਵਿੱਚ ਰੁਕਾਵਟ ਬਣ ਰਿਹਾ ਹੈ। ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਲੋਕਾਂ ਨੂੰ ਖਨੌਰੀ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜਾਣ ਲਈ ਕਈ ਕਿਲੋਮੀਟਰ ਦਾ ਲੰਮਾ ਪੈਂਡਾ ਖੇਤਾਂ ਦੀਆਂ ਵੱਟਾਂ ’ਤੇ ਤੁਰ ਕੇ ਤੈਅ ਕਰਨਾ ਪੈਂਦਾ ਹੈ। ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਤੋਂ ਕਿਸਾਨ ਮੋਰਚੇ ਵਿੱਚ ਲੰਗਰ ਤਿਆਰ ਕਰਨ ਆਈ ਜੀਤ ਕੌਰ, ਬਲਜੀਤ ਕੌਰ, ਭਿੰਦਰ ਕੌਰ, ਮਹਿੰਦਰ ਕੌਰ, ਰਾਣੀ ਅਤੇ ਕੇਸਰ ਕੌਰ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਬਣਾਇਆ ਬੈਰੀਕੇਟ ਉਨ੍ਹਾਂ ਦੇ ਰਿਸ਼ਤੇ ਨਾਤਿਆਂ, ਧਾਰਮਿਕ, ਸਮਾਜਿਕ ਸਮਾਗਮਾਂ ਵਿੱਚ ਅੜਿੱਕਾ ਬਣ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ਵਾਲੇ ਪਾਸੇ ਆਉਣ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਖੇਤਾਂ ਵਿੱਚ ਜਾਣ ਲਈ ਵੱਟਾਂ ਤੋਂ ਪੈਦਲ ਡਿੱਗਦੇ-ਢਹਿੰਦੇ ਤਿੰਨ ਚਾਰ ਕਿਲੋਮੀਟਰ ਅਤੇ ਸਾਧਨਾਂ ’ਤੇ 10/15 ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਧਨ ਦੀ ਬਰਬਾਦੀ ਹੋ ਰਹੀ ਹੈ। ਪੰਜਾਬ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲਿਆਂ ਸਮੇਂ ਉਮੀਦ ਜਾਗੀ ਸੀ ਕਿ ਸਰਕਾਰ ਬੈਰੀਕੇਟ ਹਟਾ ਕੇ ਆਉਣ ਜਾਣ ਦਾ ਸਿੱਧਾ ਰਸਤਾ ਖੋਲ੍ਹ ਦੇਵੇਗੀ, ਪਰ ਉਹ ਸਭ ਫ਼ੈਸਲੇ ਜਿਉਂ ਦੇ ਤਿਉਂ ਹੀ ਰਹਿ ਗਏ।ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਸੜਕਾਂ ਰੋਕਣ ਦੇ ਲਾਏ ਜਾਂਦੇ ਦੋਸ਼ ਝੂਠੇ ਹਨ।ਅੰਦੋਲਨ ਦੇ ਚਲਦਿਆਂ ਕਿਸਾਨਾਂ ਵੱਲੋਂ ਕੌਮੀ ਮੁੱਖ ਮਾਰਗ ਦੇ ਇੱਕ ਪਾਸੇ ਦੀ ਸੜਕ ਖਾਲੀ ਛੱਡੀ ਹੋਣ ਬਾਵਜੂਦ ਹਰਿਆਣਾ ਸਰਕਾਰ ਨੇ ਮੁਕੰਮਲ ਰੋਕਾਂ ਲਾਈਆਂ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਦੇ ਸ਼ੰਕਿਆਂ ਦੇ ਚਲਦਿਆਂ ਵੀ ਕਿਸਾਨਾਂ ਨੇ ਹਰਿਆਣੇ ਪੰਜਾਬ ਨੂੰ ਆਪਸ ਵਿੱਚ ਜੋੜਨ ਵਾਲੀ ਪਦਾਰਥਪੁਰਾ ਸੜਕ ਨੂੰ ਛੱਡ ਕੇ ਅਗਲੇ ਪਾਸੇ ਰੋਕਾਂ ਲੋਕਾਂ ਲਾ ਕੇ ਸੁਰੱਖਿਆ ਦਾ ਘੇਰਾ ਮਜ਼ਬੂਤ ਕੀਤਾ ਹੈ। ਕਿਸਾਨਾਂ ਦੀ ਸੋਚ ਹੈ ਕਿ ਉਨ੍ਹਾਂ ਦੀ ਸਹੁਲਤ ਬਦਲੇ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਕੜਾਕੇ ਦੀ ਠੰਡ ਵਿੱਚ ਵੀ ਮੋਰਚੇ ਵਿੱਚ ਵੀ ਡਟੇ ਹੋਏ ਹਨ ਕਿਸਾਨਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ): ਪਟਿਆਲਾ ਜ਼ਿਲ੍ਹੇ ਦੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 36ਵੇਂ ਦਿਨ ਵੀ ਜਾਰੀ ਹੈ। ਰਾਤ ਤੋਂ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਚਿੰਤਾਜਨਕ ਸਥਿਤੀ ਵਿੱਚ ਹੈ। ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨ ਦੇ ਭਰੋਸੇ ਦੇ ਬਾਵਜੂਦ ਵੀ ਕਿਸਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੁਸਤੈਦੀ ਨਾਲ ਪਹਿਰੇਦਾਰੀ ਕਰ ਰਹੇ ਹਨ। ਉਧਰ 30 ਦਸੰਬਰ ਦੇ ਪੰਜਾਬ ਬੰਦ ਦੀ ਸਫਲਤਾ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਵਜੋਂ ਚਾਰ ਦਸੰਬਰ ਨੂੰ ਢਾਬੀ ਗੁਜਰਾਂ ਬਾਰਡਰ 'ਤੇ ਉਲੀਕੇ ਕਿਸਾਨ ਪੰਚਾਇਤ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। 31 ਦਸੰਬਰ ਦੇ ਮੈਡੀਕਲ ਬੁਲੇਟਿਨ ਅਨੁਸਾਰ ਦੇਰ ਰਾਤ ਡੱਲੇਵਾਲ ਦਾ ਬਲੱਡ ਪ੍ਰੈਸ਼ਰ 76/44 ਸੀ। ਉਧਰ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜੋ ਹਾਲਤ ਹੈ ਉਸ ਮੁਤਾਬਕ ਕਿਸੇ ਵੇਲੇ ਵੀ ਅਣਸਖਾਵੀ ਘਟਨਾ ਵਾਪਰ ਸਕਦੀ ਹੈ। ਕਿਸਾਨ ਆਗੂ ਇੰਦਰਜੀਤ ਕੋਟਬੁੱਢਾ ਨੇ ਡੱਲੇਵਾਲ ਦਾ ਨਵਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨਾਂ ਦੀ ਦਿਲੀ ਇੱਛਾ ਹੈ ਕਿ ਜਿਸ ਕਿਸਾਨ ਵਰਗ ਦੀ ਉਹ 44 ਸਾਲ ਤੋਂ ਸੇਵਾ ਕਰਦੇ ਆ ਰਹੇ ਹਨ, ਉਨ੍ਹਾਂ ਦੇ ਉਹ 4 ਜਨਵਰੀ ਨੂੰ ਕਿਸਾਨ ਮੋਰਚੇ ’ਤੇ ਦਰਸ਼ਨ ਕਰਨਾ ਚਾਹੁੰਦੇ ਹਨ। ਉਧਰ ਸੁਪਰੀਮ ਕੋਰਟ ਵਿੱਚ ਹੋਈ ਅੱਜ ਦੀ ਸੁਣਵਾਈ ਨੂੰ ਸਬੰਧੀ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ।ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਬਣਾਇਆ ਬੈਰੀਕੇਟ।