For the best experience, open
https://m.punjabitribuneonline.com
on your mobile browser.
Advertisement

ਵਿਸ਼ੇਸ਼ ਸੈਸ਼ਨ: ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

08:15 AM Sep 07, 2023 IST
ਵਿਸ਼ੇਸ਼ ਸੈਸ਼ਨ  ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
Advertisement

* ਅਡਾਨੀ, ਮਨੀਪੁਰ ਹਿੰਸਾ, ਮਹਿੰਗਾਈ, ਬੇਰੁਜ਼ਗਾਰੀ, ਚੀਨ ਵੱਲੋਂ ਸਰਹੱਦ ਦੀ ਉਲੰਘਣਾ ਸਣੇ ਨੌਂ ਮੁੱਦਿਆਂ ’ਤੇ ਵਿਚਾਰ ਚਰਚਾ ਦੀ ਮੰਗ ਕੀਤੀ

* ਐੱਮਐੱਸਪੀ ਤੇ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦੇ ਵੀ ਯਾਦ ਕਰਵਾਏ

ਨਵੀਂ ਦਿੱਲੀ, 6 ਸਤੰਬਰ
ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 18 ਤੋਂ 22 ਸਤੰਬਰ ਲਈ ਸੱਦੇ ਵਿਸ਼ੇਸ਼ ਸੰਸਦੀ ਇਜਲਾਸ ਲਈ ਹੁਣ ਤੱਕ ਕੋਈ ਏਜੰਡਾ ਸੂਚੀਬੱਧ ਨਾ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਹੈ। ਸੋਨੀਆ ਨੇ ਪੱਤਰ ਵਿੱਚ ਮਨੀਪੁਰ ਹਿੰਸਾ, ਮਹਿੰਗਾਈ, ਬੇਰੁਜ਼ਗਾਰੀ, ਕੇਂਦਰ-ਰਾਜ ਸਬੰਧਾਂ ਸਣੇ ਨੌਂ ਮਸਲੇ ਰੱਖੇ ਹਨ, ਜਿਨ੍ਹਾਂ ’ਤੇ ਇਜਲਾਸ ਦੌਰਾਨ ਚਰਚਾ ਦੀ ਮੰਗ ਕੀਤੀ ਗਈ ਹੈ। ਗਾਂਧੀ ਵੱਲੋਂ ਰੱਖੇ ਹੋਰਨਾਂ ਮਸਲਿਆਂ ਵਿੱਚ ਫਿਰਕੂ ਤਣਾਅ ਦੇ ਵਧਦੇ ਮਾਮਲੇ, ਚੀਨ ਵੱਲੋਂ ਸਰਹੱਦ ਦੀ ਉਲੰਘਣਾ ਤੇ ਅਡਾਨੀ ਕਾਰੋਬਾਰ ਸਮੂਹ ਦੇ ਲੈਣ-ਦੇਣ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣਾ ਸ਼ਾਮਲ ਹੈ।
ਸ੍ਰੀਮਤੀ ਗਾਂਧੀ ਨੇ ਆਪਣੇ ਪੱਤਰ ਵਿੱਚ ਕਿਹਾ, ‘‘ਮੈਂ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਹੋਰਨਾਂ ਸਿਆਸੀ ਪਾਰਟੀਆਂ ਨਾਲ ਕਿਸੇ ਸਲਾਹ ਮਸ਼ਵਰੇ ਤੋਂ ਬਗੈਰ ਹੀ ਇਹ ਵਿਸ਼ੇਸ਼ ਸੰਸਦੀ ਇਜਲਾਸ ਸੱਦਿਆ ਗਿਆ ਹੈ। ਸਾਡੇ ਵਿਚੋਂ ਕਿਸੇ ਨੂੰ ਵੀ ਇਸ ਦੇ ਏਜੰਡੇ ਬਾਰੇ ਕੋਈ ਅੰਦਾਜ਼ਾ ਨਹੀਂ। ਸਾਨੂੰ ਸਿਰਫ਼ ਇੰਨਾ ਦੱਸਿਆ ਗਿਆ ਹੈ ਕਿ ਇਹ ਪੰਜ ਦਿਨ ਸਰਕਾਰੀ ਕਾਰੋਬਾਰ ਲਈ ਰੱਖੇ ਗਏ ਹਨ।’’ ਗਾਂਧੀ ਨੇ ਕਿਹਾ, ‘‘ਅਸੀਂ ਯਕੀਨੀ ਤੌਰ ’ਤੇ ਵਿਸ਼ੇਸ਼ ਸੈਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ ਕਿਉਂਕਿ ਇਹ ਸਾਨੂੰ ਲੋਕਾਂ ਨਾਲ ਜੁੜੇ ਤੇ ਅਹਿਮ ਮਸਲੇ ਰੱਖਣ ਦਾ ਮੌਕਾ ਦੇੇਵੇਗਾ। ਮੈਂ ਆਸ ਕਰਦੀ ਹਾਂ ਕਿ ਇਨ੍ਹਾਂ ਮੁੱਦਿਆਂ ’ਤੇ ਵਿਚਾਰ-ਚਰਚਾ ਲਈ ਸਾਨੂੰ ਸਬੰਧਤ ਨੇਮਾਂ ਤਹਿਤ ਸਮਾਂ ਦਿੱਤਾ ਜਾਵੇਗਾ।’’ ਸਾਬਕਾ ਕਾਂਗਰਸ ਪ੍ਰਧਾਨ ਦੇ ਪਾਰਟੀ ਕੁਲੀਗ ਜੈਰਾਮ ਰਮੇਸ਼ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਸਦਨ ਦੇ ਕੰਮਕਾਜ ਨਾਲ ਜੁੜੇ ਏਜੰਡੇ ਬਾਰੇ ਨਾ ਕੋਈ ਚਰਚਾ ਕੀਤੀ ਗਈ ਹੈ ਤੇ ਨਾ ਇਸ ਨੂੰ ਸੂਚੀਬੰਦ ਕੀਤਾ ਗਿਆ ਹੈ।
ਪੱਤਰ ਵਿੱਚ ਉਭਾਰੇ ਨੌਂ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਸਮੇਂ ਦੀ ਮੰਗ ਕਰਦਿਆਂ ਗਾਂਧੀ ਨੇ ਲਿਖਿਆ ਕਿ ‘ਮਨੀਪੁਰ ਵਿੱਚ ਸੰਵਿਧਾਨਕ ਮਸ਼ੀਨਰੀ ਤੇ ਸਮਾਜਿਕ ਇਕਸੁਰਤਾ ਫੇਲ੍ਹ ਹੋ ਚੁੱਕੀ ਹੈ ਤੇ ਸੂਬੇ ਦੇ ਲੋਕਾਂ ਨੂੰ ਲਗਾਤਾਰ ਮਾਨਸਿਕ ਪੀੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਉਨ੍ਹਾਂ ਹਰਿਆਣਾ ਵਿਚ ਫਿਰਕੂ ਤਣਾਅ ਦਾ ਮੁੱਦਾ ਵੀ ਉਭਾਰਿਆ। ਗਾਂਧੀ ਨੇ ਚੀਨ ਵੱਲੋਂ ਭਾਰਤੀ ਖੇਤਰ ’ਤੇ ਕੀਤੇ ਜਾ ਰਹੇ ਕਬਜ਼ੇ ਅਤੇ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਦੀਆਂ (ਸਾਡੀਆਂ) ਸਰਹੱਦਾਂ ਨੂੰ ਦਰਪੇਸ਼ ਚੁਣੌਤੀਆਂ ਦਾ ਮਸਲਾ ਵੀ ਰੱਖਿਆ। ਗਾਂਧੀ ਨੇ ਕਿਹਾ ਕਿ ‘ਜਾਤੀ ਅਧਾਰਿਤ ਜਨਗਣਨਾ’ ਦੀ ਫੌਰੀ ਲੋੜ ਹੈ। ਉਨ੍ਹਾਂ ਕੇਂਦਰ ਤੇ ਰਾਜਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਅਤੇ ਕੁਝ ਰਾਜਾਂ ਵਿਚ ਹੜ੍ਹਾਂ ਤੇ ਸੋਕੇ ਦੇ ਹਵਾਲੇ ਨਾਲ ਕੁਦਰਤੀ ਆਫ਼ਤਾਂ ਕਰਕੇ ਹੋਏ ਨੁਕਸਾਨ ਦੀ ਵੀ ਗੱਲ ਕੀਤੀ। ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਨੇ ਵਧਦੀ ਮਹਿੰਗਾਈ, ਬੇਰੁਜ਼ਗਾਰੀ, ਨਾਬਰਾਬਰੀ ਦੇ ਵਧਦੇ ਮਾਮਲਿਆਂ ਤੇ ਐੱਮਐੱਸਐੱਮਈਜ਼ ਨੂੰ ਦਰਪੇਸ਼ ਮੁਸ਼ਕਲਾਂ ਦੇ ਮੁੱਦੇ ’ਤੇ ਵੀ ਚਰਚਾ ਦੀ ਮੰਗ ਕੀਤੀ। ਗਾਂਧੀ ਨੇ ਕਿਹਾ ਕਿ ਸਰਕਾਰ ਵੱਲੋਂ ਐੱਮਐੱਸਪੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨਾਲ ਕੀਤੇ ਵਾਅਦਿਆਂ ਬਾਰੇ ਵਿਸ਼ੇਸ਼ ਸੈਸ਼ਨ ਦੌਰਾਨ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਵੀ ਲੋੜ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਗਾਂਧੀ ਵੱਲੋਂ ਲਿਖੇ ਪੱਤਰ ਦਾ ਵਿਸ਼ਾ ਵਸਤੂ ਪੱਤਰਕਾਰਾਂ ਅੱਗੇ ਰੱਖਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਭੈਅਭੀਤ ਤੇ ਥਕੇਵੇਂ ਵਿੱਚ ਹਨ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਰਮੇਸ਼ ਨੇ ਕਿਹਾ, ‘‘ਅਸੀਂ ਅਗਾਮੀ ਸੈਸ਼ਨ ਦੌਰਾਨ ਉਸਾਰੂ ਚਰਚਾ ਚਾਹੁੰਦੇ ਹਾਂ। ਇੰਡੀਆ ਪਾਰਟੀਆਂ ਦੀ ਸੋਮਵਾਰ ਨੂੰ (ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ) ਹੋਈ ਰਣਨੀਤਕ ਸਮੂਹ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ।’’ ਰਮੇਸ਼ ਨੇ ਕਿਹਾ ਕਿ ਦੇਸ਼ ਵਿੱਚ ‘ਤਾਨਾਸ਼ਾਹੀ’ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਵਿਸ਼ੇਸ਼ ਸੈਸ਼ਨ ਦਾ ਬਾਈਕਾਟ ਨਹੀਂ ਕਰਾਂਗੇ ਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਾਂਗੇ।’’ ਉਨ੍ਹਾਂ ਕਿਹਾ, ‘‘ਜੇਕਰ ਜਮਹੂਰੀਅਤ ਦੀ ਜਨਨੀ ਵਿੱਚ ਜਮਹੂਰੀਅਤ ਦੀ ‘ਸ਼ਹਿਨਾਈ’ ਨਹੀਂ, ਤਾਂ ਫਿਰ ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ।’’ ਰਮੇਸ਼ ਨੇ ਕਿਹਾ ਕਿ ਜਿਨ੍ਹਾਂ ਨੇਮਾਂ ਤਹਿਤ ਵਿਚਾਰ ਚਰਚਾ ਹੋ ਸਕਦੀ ਹੈ, ਉਨ੍ਹਾਂ ਉੱਤੇ ਆਪਸੀ ਗੱਲਬਾਤ ਜ਼ਰੀਏ ਚਰਚਾ ਕੀਤੀ ਜਾ ਸਕਦੀ ਹੈ।

Advertisement

ਮੋਦੀ ਸਰਕਾਰ ਸੰਸਦੀ ਮਰਿਯਾਦਾ ਦੀ ਕਰ ਰਹੀ ਹੈ ਉਲੰਘਣਾ: ਜੈਰਾਮ ਰਮੇਸ਼

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜੈਰਾਮ ਰਮੇਸ਼। -ਫੋਟੋ: ਪੀਟੀਆਈ

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ੍ਰੀਮਤੀ ਸੋਨੀਆ ਗਾਂਧੀ ਦੀ ਨੁਕਤਾਚੀਨੀ ਲਈ ਪ੍ਰਹਿਲਾਦ ਜੋਸ਼ੀ ’ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਕਿਸੇ ਵੀ ਵਿਸ਼ੇਸ਼ ਇਜਲਾਸ ਜਾਂ ਬੈਠਕ ਦਾ ਏਜੰਡਾ ਅਗਾਊਂ ਦੱਸਿਆ ਜਾਂਦਾ ਹੈ ਤੇ ਇਹ ਸਿਰਫ਼ ਮੋਦੀ ਸਰਕਾਰ ਹੀ ਹੈ, ਜੋ ਸੰਸਦੀ ਮਰਿਯਾਦਾ ਦੀ ਉਲੰਘਣਾ ਕਰਦੀ ਰਹੀ ਹੈ। -ਪੀਟੀਆਈ

ਸੋਨੀਆ ਵੱਲੋਂ ਸੰਸਦੀ ਕੰਮਕਾਜ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ: ਜੋਸ਼ੀ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੋਸ਼ ਲਾਇਆ ਕਿ ਕਾਂਗਰਸ ਆਗੂ ਸੋਨੀਆ ਗਾਂਧੀ ਸੰਸਦੀ ਕੰਮਕਾਜ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਕਰਕੇ ਬੇਲੋੜਾ ਵਿਵਾਦ ਖੜ੍ਹਾ ਕਰ ਰਹੇ ਹਨ। ਜੋਸ਼ੀ ਨੇ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ ਤੁਸੀਂ ਸੰਸਦ, ਜੋ ਜਮਹੂਰੀਅਤ ਦਾ ਮੰਦਰ ਹੈ, ਦੇ ਕੰਮਕਾਜ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਕਰਕੇ ਬੋਲੋੜਾ ਵਿਵਾਦ ਖੜ੍ਹਾ ਕਰ ਰਹੇ ਹੋ।’’ ਜੋਸ਼ੀ ਨੇ ਕਿਹਾ ਕਿ 18 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਵਿਸ਼ੇਸ਼ ਇਜਲਾਸ ਸਥਾਪਿਤ ਕਾਰਜਵਿਧੀ ਦੀ ਪਾਲਣਾ ਮਗਰੋਂ ਹੀ ਸੱਦਿਆ ਗਿਆ ਹੈ। ਜੋਸ਼ੀ ਨੇ ਕਿਹਾ ਕਿ ਜਿਹੜੇ ਮਸਲੇ ਉਭਾਰੇੇ ਹਨ, ਉਨ੍ਹਾਂ ਬਾਰੇ ਮੌਨਸੂਨ ਇਜਲਾਸ ’ਚ ਚਰਚਾ ਹੋ ਚੁੱਕੀ ਹੈ। -ਪੀਟੀਆਈ

ਸੈਸ਼ਨ ਪੁਰਾਣੇ ਸੰਸਦ ਭਵਨ ’ਚ ਹੀ ਸ਼ੁਰੂ ਹੋਣ ਦੀ ਸੰਭਾਵਨਾ

ਨਵੀਂ ਦਿੱਲੀ: ਸੰਸਦ ਦਾ ਅਗਾਮੀ ਸੈਸ਼ਨ 18 ਸਤੰਬਰ ਨੂੰ ਪੁਰਾਣੀ ਸੰਸਦੀ ਇਮਾਰਤ ਵਿਚ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਅਗਲੇ ਦਿਨ ਇਸ ਨੂੰ ਨਵੀਂ ਇਮਾਰਤ ਵਿਚ ਤਬਦੀਲ ਕੀਤਾ ਜਾ ਸਕਦਾ ਹੈ। 19 ਸਤੰਬਰ ਨੂੰ ਗਣੇਸ਼ ਚਤੁਰਥੀ ਹੈ ਜਿਸ ਕਾਰਨ ਨਵੀਂ ਇਮਾਰਤ ਵਿਚ ਦਾਖਲੇ ਲਈ ਇਹ ਦਿਨ ਚੁਣਿਆ ਗਿਆ ਹੈ। ਗਣੇਸ਼ ਚਤੁਰਥੀ ਨੂੰ ਨਵੀਂ ਸ਼ੁਰੂਆਤ ਲਈ ਸ਼ੁਭ ਮੰਨਿਆ ਜਾਂਦਾ ਹੈ।

ਏਜੰਡਾ ਜੀ-20 ਸੰਮੇਲਨ ਤੋਂ ਬਾਅਦ ਤੈਅ ਹੋਵੇਗਾ

ਅਧਿਕਾਰੀਆਂ ਨੇ ਕਿਹਾ ਕਿ ਸੰਸਦ ਦੇ ਹਫ਼ਤਾ ਭਰ ਚੱਲਣ ਵਾਲੇ ਸੈਸ਼ਨ ਲਈ ਏਜੰਡਾ ਜੀ20 ਸੰਮੇਲਨ ਤੋਂ ਬਾਅਦ ਤੈਅ ਕੀਤਾ ਜਾ ਸਕਦਾ ਹੈ। ਸਰਕਾਰ ਦਾ ਇਹ ਸਪੱਸ਼ਟੀਕਰਨ ਉਦੋਂ ਆਇਆ ਹੈ ਜਦ ਕਾਂਗਰਸ ਨੇ ਸੈਸ਼ਨ ਦੇ ਏਜੰਡੇ ਬਾਰੇ ਕੁਝ ਵੀ ਸਾਫ ਨਾ ਹੋਣ ’ਤੇ ਸਵਾਲ ਉਠਾਏ ਹਨ। ਕਾਂਗਰਸ ਨੇ ਕੇਂਦਰ ਸਰਕਾਰ ਨੂੰ ਪਾਰਦਰਸ਼ਤਾ ਕਾਇਮ ਰੱਖਣ ਦੀ ਅਪੀਲ ਕੀਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਦਾ ਸੈਸ਼ਨ ਸੱਦਣ ਲੱਗਿਆਂ ਸਾਰੇ ਢੁੱਕਵੇਂ ਨਿਯਮਾਂ ਤੇ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਹੈ।

Advertisement
Author Image

joginder kumar

View all posts

Advertisement
Advertisement
×