ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ: ਖੁੱਡੀਆਂ
ਮਨੋਜ ਸ਼ਰਮਾ
ਬਠਿੰਡਾ, 15 ਸਤੰਬਰ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਐਤਵਾਰ ਨੂੰ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ’ਚ ਸਥਿਤ ਹਾਕੀ ਸਟੇਡੀਅਮ ਵਿੱਚ ਕਰਵਾਏ ਗਏ ਦੋ-ਰੋਜ਼ਾ ਹਾਕੀ ਟੂਰਨਾਮੈਂਟ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਹਾਕੀ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਸ ਤਰ੍ਹਾਂ ਦੇ ਭਵਿੱਖੀ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਉੱਥੇ ਹੀ ਉਹ ਸਮਾਜ ਵਿਚ ਇਕ ਚੰਗੇ ਨਾਗਰਿਕ ਦੇ ਤੌਰ ’ਤੇ ਆਪਣੀ ਪਛਾਣ ਬਣਾ ਸਕਦੇ ਹਨ ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਪੰਜਾਬ ਖੇਡਾਂ ਵਿੱਚ ਮੱਲਾਂ ਮਾਰ ਰਿਹਾ ਹੈ।
ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਨਰੋਈ ਸਿਹਤ ਅਤੇ ਨਾਮਣੇ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਸਭ ਤੋਂ ਵੱਡੀ ਕਮਾਈ ਹੈ ਅਤੇ ਖੇਡਾਂ ਸਰੀਰਿਕ ਤੰਦਰੁਸਤੀ ਦਾ ਰਾਜ ਹਨ। ਖੇਡ ਮੈਦਾਨਾਂ ਵਿੱਚ ਆਈਆਂ ਰੌਣਕਾਂ ਹੀ ਰੰਗਲੇ ਪੰਜਾਬ ਦੀ ਤਰਜਮਾਨੀ ਕਰਦੀਆਂ ਹਨ। ਇਸ ਦੌਰਾਨ ਐਸਪੀਐੱਸ ਪਰਮਾਰ ਨੇ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੋੜ ਕੇ ਖਿਡਾਰੀਆਂ ਦਾ ਇਨਾਮੀ ਰਾਸ਼ੀ ਨਾਲ ਸਨਮਾਨ ਕਰ ਰਹੀ ਹੈ, ਉੱਥੇ ਹੀ ਖਿਡਾਰੀਆਂ ਸਮੇਤ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋੁਗਾਰ ਦੇ ਸਮਰਥ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਚੰਗੇ ਖਿਡਾਰੀ ਪਿੰਡਾਂ ਵਿੱਚੋਂ ਪੈਦਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਕਰਵਾਏ ਗਏ ਇਨ੍ਹਾਂ ਟੂਰਨਾਮੈਂਟਾਂ ’ਚ ਡੀਏਵੀ ਕਾਲਜ ਬਠਿੰਡਾ ਦੀ ਟੀਮ ਨੇ ਸਪੋਰਟਸ ਕਲੱਬ ਘੁੱਦਾ ਦੀ ਟੀਮ ਨੂੰ ਹਰਾ ਕੇ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸੇ ਤਰ੍ਹਾਂ ਕੋਚਿੰਗ ਸੈਂਟਰ ਬਠਿੰਡਾ ਨੇ ਭਾਈ ਬਹਿਲੋ ਕਲੱਬ ਭਗਤਾ ਭਾਈ ਨੂੰ ਹਰਾ ਕੇ 11 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਇਸ ਦੌਰਾਨ ਗੁਰੂ ਦੀਆਂ ਫੌਜਾਂ ਵੱਲੋਂ ਗਤਕਾ ਵੀ ਪੇਸ਼ ਕੀਤਾ ਗਿਆ।