For the best experience, open
https://m.punjabitribuneonline.com
on your mobile browser.
Advertisement

ਭਾਰਤੀ ਇਲਾਕੇ ’ਤੇ ਚੀਨ ਦੇ ਕਬਜ਼ੇ ਬਾਰੇ ਬੋਲਣ ਪ੍ਰਧਾਨ ਮੰਤਰੀ: ਚਿਦੰਬਰਮ

07:16 AM Apr 02, 2024 IST
ਭਾਰਤੀ ਇਲਾਕੇ ’ਤੇ ਚੀਨ ਦੇ ਕਬਜ਼ੇ ਬਾਰੇ ਬੋਲਣ ਪ੍ਰਧਾਨ ਮੰਤਰੀ  ਚਿਦੰਬਰਮ
Advertisement

ਸ਼ਿਵਗੰਗਾ (ਤਾਮਿਲ ਨਾਡੂ), 1 ਅਪਰੈਲ
ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਭਾਰਤੀ ਇਲਾਕੇ ’ਤੇ ਚੀਨ ਦੇ ਕਬਜ਼ੇ ਬਾਰੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਕੱਚਾਤੀਵੂ ਬਾਰੇ ਜਿਸ ਨੂੰ ਚੰਗੇ ਰਿਸ਼ਤਿਆਂ ਤੇ ਲੱਖਾਂ ਤਾਮਿਲ ਲੋਕਾਂ ਦੀ ਜਾਨ ਬਚਾਉਣ ਲਈ ਸ੍ਰੀਲੰਕਾ ਨੂੰ ਦਿੱਤਾ ਗਿਆ ਸੀ।
ਆਪਣੀ ਪਾਰਟੀ ਦੀ ਲੀਡਰਸ਼ਿਪ ਵਾਲੀ ਯੂਪੀਏ ਸਰਕਾਰ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਚਿਦੰਬਰਮ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਉਸ ਮੁੱਦੇ ਨੂੰ ਕਿਉਂ ਉਭਾਰ ਰਹੇ ਹਨ ਜਿਸ ਨੂੰ 1974 ਵਿੱਚ ਹੀ ਸੁਲਝਾ ਲਿਆ ਗਿਆ ਸੀ। ਉਸ ਸਾਲ ਇੰਦਰਾ ਗਾਂਧੀ ਸਰਕਾਰ ਨੇ ਸ੍ਰੀਲੰਕਾ ਨਾਲ ਚੰਗੇ ਸਬੰਧ ਬਣਾਏ ਰੱਖਣ ਅਤੇ ਉੱਥੋਂ ਦੇ ਲੱਖਾਂ ਤਾਮਿਲਾਂ ਦੀ ਮਦਦ ਲਈ ਸ੍ਰੀਲੰਕਾ ਸਰਕਾਰ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘ਗੱਲਬਾਤ ਮਗਰੋਂ ਤਕਰੀਬਨ 1.9 ਵਰਗ ਕਿਲੋਮੀਟਰ ਦੇ ਇੱਕ ਬਹੁਤ ਛੋਟੇ ਜਿਹੇ ਟਾਪੂ ਕੱਚਾਤੀਵੂ ਬਾਰੇ ਸਮਝੌਤਾ ਹੋਇਆ ਅਤੇ ਭਾਰਤ ਨੇ ਕੱਚਾਤੀਵੂ ਨੂੰ ਸ੍ਰੀਲੰਕਾ ਦਾ ਹਿੱਸਾ ਮੰਨਿਆ। ਇਸ ਬਦਲੇ ਛੇ ਲੱਖ ਤਾਮਿਲਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਗਈ।’ ਉਨ੍ਹਾਂ ਕਿਹਾ, ‘ਹੁਣ ਪ੍ਰਧਾਨ ਮਤਰੀ ਹਾਲ ਹੀ ਦੇ ਮੁੱਦਿਆਂ ’ਤੇ ਗੱਲ ਕਰਨ ਦੀ ਥਾਂ ਉਸ ਮੁੱਦੇ ਨੂੰ ਕਿਉਂ ਚੁੱਕ ਰਹੇ ਹਨ। ਦੋ ਹਜ਼ਾਰ ਵਰਗ ਕਿਲੋਮੀਟਰ ਭਾਰਤੀ ਖੇਤਰ ’ਤੇ ਚੀਨ ਦੇ ਸੈਨਿਕਾਂ ਨੇ ਕਬਜ਼ਾ ਕਰ ਲਿਆ ਅਤੇ ਇਹ ਇੱਕ ਸੱਚਾਈ ਹੈ। ਲੱਦਾਖ ਤੋਂ ਸੰਸਦ ਮੈਂਬਰ (ਜਮਯਾਂਗ ਸੇਰਿੰਗ ਨਾਮਗਿਆਲ) ਨੇ ਇਸ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਭਾਰਤ ਨੇ 21 ਵਾਰਤਾਵਾਂ ’ਚ ਚੀਨ ਨੂੰ ਸ਼ਾਮਲ ਕੀਤਾ ਹੈ। ਫਿਰ ਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਖੇਤਰ ’ਚ ਚੀਨ ਦਾ ਕੋਈ ਸੈਨਿਕ ਮੌਜੂਦ ਨਹੀਂ ਹੈ ਅਤੇ ਭਾਰਤੀ ਖੇਤਰ ਦਾ ਕੋਈ ਵੀ ਹਿੱਸਾ ਚੀਨੀ ਫੌਜ ਦੇ ਕਬਜ਼ੇ ਹੇਠ ਨਹੀਂ ਹੈ। ਇਹ ਗੱਲ ਮੋਦੀ ਨੇ ਜਨਤਕ ਤੌਰ ’ਤੇ ਸਾਰੀਆਂ ਪਾਰਟੀਆਂ ਤੇ ਸਾਰੇ ਮੁੱਖ ਮੰਤਰੀਆਂ ਨੂੰ ਕਹੀ ਸੀ ਅਤੇ ਉਨ੍ਹਾਂ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਸੀ। -ਪੀਟੀਆਈ

Advertisement

ਕਾਂਗਰਸੀ ਪ੍ਰਧਾਨ ਮੰਤਰੀਆਂ ਨੇ ਕੱਚਾਤੀਵੂ ਪ੍ਰਤੀ ਹਮੇਸ਼ਾ ਬੇਰੁਖ਼ੀ ਦਿਖਾਈ: ਜੈਸ਼ੰਕਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੇ ਕੱਚਾਤੀਵੂ ਦੀਪ ਨੂੰ ਲੈ ਕੇ ਹਮੇਸ਼ਾ ਬੇਰੁਖ਼ੀ ਦਿਖਾਈ ਅਤੇ ਭਾਰਤੀ ਮਛੇਰਿਆਂ ਦੇ ਅਧਿਕਾਰ ਖੋਹ ਲਏ। ਜੈਸ਼ੰਕਰ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਜਿਹੇ ਪ੍ਰਧਾਨ ਮੰਤਰੀਆਂ ਨੇ ਕੱਚਾਤੀਵੂ ਨੂੰ ਇੱਕ ‘ਛੋਟਾ ਟਾਪੂ’ ਅਤੇ ‘ਛੋਟੀ ਚੱਟਾਨ’ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਚਾਨਕ ਸਾਹਮਣੇ ਨਹੀਂ ਆਇਆ ਬਲਕਿ ਇਹ ਹਮੇਸ਼ਾ ਭਖਵਾਂ ਮੁੱਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਹ ਮੁੱਦਾ ਸੰਸਦ ’ਚ ਚੁੱਕਿਆ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਪੱਤਰ ਵਿਹਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਘੱਟੋ ਘੱਟ 21 ਵਾਰ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ। ਵਿਦੇਸ਼ ਮੰਤਰੀ ਨੇ ਜਨਤਾ ਸਾਹਮਣੇ ਇਸ ਮੁੱਦੇ ਦੇ ਖ਼ਿਲਾਫ਼ ਹੋਣ ਦਾ ਰੁਖ਼ ਅਪਣਾਉਣ ’ਤੇ ਡੀਐੱਮਕੇ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਡੀਐੱਮਕੇ ਨੇਤਾ ਤੇ ਤਤਕਾਲੀ ਮੁੱਖ ਮੰਤਰੀ ਐੱਮ ਕਰੁਣਾਨਿਧੀ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ 1974 ’ਚ ਹੋਏ ਸਮਝੌਤੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਡੀਐੱਮਕੇ ਨੇ ਸੰਸਦ ’ਚ ਇਸ ਤਰ੍ਹਾਂ ਮੁੱਦਾ ਚੁੱਕਿਆ ਜਿਵੇਂ ਕਿ ਇਸ ਲਈ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਹੀ ਨਹੀਂ ਹੈ ਜਦਕਿ ਇਹੀ ਉਹ ਪਾਰਟੀਆਂ ਸਨ ਜਿਨ੍ਹਾਂ ਇਹ ਸਮਝੌਤਾ ਕੀਤਾ ਸੀ। ਉਨ੍ਹਾਂ ਕਿਹਾ ਕਿ 20 ਸਾਲਾਂ ਅੰਦਰ ਸ੍ਰੀਲੰਕਾ ਨੇ 6184 ਭਾਰਤੀ ਮਛੇਰਿਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਮੱਛੀ ਫੜਨ ਵਾਲੀਆਂ 1175 ਬੇੜੀਆਂ ਜ਼ਬਤ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਨਰਿੰਦਰ ਮੋਦੀ ਸਰਕਾਰ ਹੀ ਹੈ ਜੋ ਇਹ ਯਕੀਨੀ ਬਣਾਉਣ ਦਾ ਕੰਮ ਕਰਦੀ ਰਹੀ ਹੈ ਕਿ ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ, ‘ਸਾਨੂੰ ਇਸ ਦਾ ਹੱਲ ਲੱਭਣਾ ਪਵੇਗਾ। ਸਾਨੂੰ ਸ੍ਰੀਲੰਕਾ ਸਰਕਾਰ ਨਾਲ ਬੈਠਣਾ ਅਤੇ ਇਸ ਬਾਰੇ ਗੱਲਬਾਤ ਕਰਨੀ ਪਵੇਗੀ।’ -ਪੀਟੀਆਈ

Advertisement

ਸਟਾਲਿਨ ਨੇ ਮਛੇਰਿਆਂ ਲਈ ਭਾਜਪਾ ਦੇ ਪਿਆਰ ’ਤੇ ਸਵਾਲ ਚੁੱਕੇ

ਚੇਨੱਈ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕੱਚਾਤੀਵੂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ’ਚ ਹਾਕਮ ਧਿਰ ਡੀਐੱਮਕੇ ਦੀ ਆਲੋਚਨਾ ਕੀਤੇ ਜਾਣ ਮਗਰੋਂ ਅੱਜ ਜਵਾਬ ਦਿੰਦਿਆਂ ਚੋਣਾਂ ਤੋਂ ਪਹਿਲਾਂ ਮਛੇਰਿਆਂ ਲਈ ਭਾਜਪਾ ਦੇ ‘ਅਚਾਨਕ ਉਭਰੇ ਪਿਆਰ’ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਤਾਮਿਲ ਨਾਡੂ ਵੱਲੋਂ ਮੰਗੇ 37 ਹਜ਼ਾਰ ਕਰੋੜ ਰੁਪਏ ਦੇ ਹੜ੍ਹ ਰਾਤ ਪੈਕੇਜ ਸਮੇਤ ਕਈ ਮੁੱਦਿਆਂ ’ਤੇ ਵੀ ਪ੍ਰਧਾਨ ਮੰਤਰੀ ਨੂੰ ਘੇਰਿਆ। ਉਨ੍ਹਾਂ ਪੁੱਛਿਆ, ‘ਤਾਮਿਲ ਨਾਡੂ ਦੇ ਲੋਕ ਉਨ੍ਹਾਂ ਲੋਕਾਂ ਤੋਂ ਸਿਰਫ਼ ਤਿੰਨ ਸਵਾਲ ਪੁੱਛਣਾ ਚਾਹੁੰਦੇ ਹਨ ਜੋ 10 ਸਾਲ ਕੁੰਭਕਰਨੀ ਨੀਂਦ ਸੌਣ ਮਗਰੋਂ ਚੋਣਾਂ ਦੌਰਾਨ ਮਛੇਰਿਆਂ ਪ੍ਰਤੀ ਅਚਾਨਕ ਪਿਆਰ ਦਾ ਪ੍ਰਗਟਾਵਾ ਕਰ ਰਹੇ ਹਨ। ਕੇਂਦਰ ਸਰਕਾਰ ਤਾਮਿਲ ਨਾਡੂ ਵੱਲੋਂ ਟੈਕਸ ਵਜੋਂ ਦਿੱਤੇ ਗਏ ਇੱਕ ਰੁਪਏ ’ਚੋਂ ਸਿਰਫ਼ 29 ਪੈਸੇ ਹੀ ਕਿਉਂ ਮੋੜਦੀ ਹੈ? ਦੂਜਾ ਤਾਮਿਲ ਨਾਡੂ ’ਚ ਦੋ ਕੁਦਰਤੀ ਆਫ਼ਤਾਂ ਦੇ ਬਾਵਜੂਦ ਹੜ੍ਹ ਰਾਹਤ ਪੈਕੇਜ ਵਜੋਂ ਸੂਬੇ ਨੂੰ ਇੱਕ ਵੀ ਪੈਸਾ ਕਿਉਂ ਨਹੀਂ ਦਿੱਤਾ ਗਿਆ? ਅਤੇ ਤੀਜਾ ਕੀ ਕੇਂਦਰ ’ਚ ਭਾਜਪਾ ਸਰਕਾਰ ਦੇ ਕਾਰਜਕਾਲ ਦੇ 10 ਸਾਲਾਂ ਦੌਰਾਨ ਸੂਬੇ ਲਈ ਇੱਕ ਵੀ ਵਿਸ਼ੇਸ਼ ਯੋਜਨਾ ਲਾਗੂ ਕੀਤੀ ਗਈ?’ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਧਿਆਨ ਭਟਕਾਉਣ ਦੀ ਥਾਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ। -ਪੀਟੀਆਈ

Advertisement
Author Image

joginder kumar

View all posts

Advertisement